- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦਾ ਬੌਟਮ-ਤਾਜਪੁਰ ਰੋਡ ਮੱਛੀ ਮੰਡੀ ’ਚ ਗੰਦਗੀ ਦੇ ਅੰਬਾਰ, ਸਫ਼ਾਈ ਪ੍ਰਬੰਧਾਂ ਦੀ ਖੁੱਲ੍ਹੀ ਪੋਲ

-ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਬਦਬੂ ਤੋਂ ਲੋਕ ਔਖੇ,
-ਬਿਮਾਰੀਆਂ ਫੈਲਣ ਦੇ ਡਰੋਂ ਆੜ੍ਹਤੀਆਂ ਵੱਲੋਂ ਅਫ਼ਸਰਾਂ ਨੂੰ ਚਿਤਾਵਨੀ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਤਾਜਪੁਰ ਰੋਡ ਸਥਿਤ ਹੋਲਸੇਲ ਮੱਛੀ ਮੰਡੀ ਵਿੱਚ ਸਫ਼ਾਈ ਪ੍ਰਬੰਧਾਂ ਦੀ ਮਾੜੀ ਹਾਲਤ ਕਾਰਨ ਆੜ੍ਹਤੀਆਂ ਅਤੇ ਮੱਛੀ ਖ਼ਰੀਦਣ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਤੇ ਸਮੇਂ ਸਿਰ ਲਿਫਟਿੰਗ ਨਾ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ। ਬਦਲਦੇ ਮੌਸਮ ਦੌਰਾਨ ਕੂੜੇ ਦੇ ਢੇਰਾਂ ਤੋਂ ਉੱਠ ਰਹੀ ਬਦਬੂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਸ ਕਾਰਨ ਮੰਡੀ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।
ਮੰਡੀ ਵਿੱਚ ਸਫ਼ਾਈ ਪ੍ਰਬੰਧਾਂ ਦੀ ਇਹ ਹਾਲਤ ਉਸ ਸਮੇਂ ਸਵਾਲ ਖੜ੍ਹੇ ਕਰਦੀ ਹੈ, ਜਦੋਂ ਸਫ਼ਾਈ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਮੰਡੀ ਵਿੱਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਦਿਖਾਈ ਦੇ ਰਹੇ ਹਨ। ਕੂੜੇ ਦੀ ਨਿਯਮਤ ਲਿਫਟਿੰਗ ਨਾ ਹੋਣ ਕਾਰਨ ਗੰਦਗੀ ਲਗਾਤਾਰ ਇਕੱਠੀ ਹੋ ਰਹੀ ਹੈ। ਅਜਿਹੇ ਹਾਲਾਤ ਵਿੱਚ ਸਫ਼ਾਈ ਦੇ ਠੇਕੇ ਦੀ ਨਿਗਰਾਨੀ ਅਤੇ ਠੇਕੇਦਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਜੇਕਰ ਮੰਡੀ ਵਿੱਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਤਾਂ ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।
-ਸਫ਼ਾਈ ਨਾ ਹੋਣ ਕਾਰਨ ਬਦਬੂ ਤੋਂ ਲੋਕ ਦੁਖੀ
ਮੱਛੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਜਤਿੰਦਰ ਅਰੋੜਾ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਡਿੰਪੀ ਨੇ ਕਿਹਾ ਕਿ ਮੰਡੀ ਵਿੱਚ ਸਫ਼ਾਈ ਦੀ ਘਾਟ ਅਤੇ ਕੂੜੇ ਦੇ ਢੇਰਾਂ ਕਾਰਨ ਬਦਬੂ ਫੈਲ ਰਹੀ ਹੈ। ਇਸ ਨਾਲ ਆੜ੍ਹਤੀਆਂ, ਮਜ਼ਦੂਰਾਂ ਅਤੇ ਮੱਛੀ ਖ਼ਰੀਦਣ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੰਡੀ ਵਰਗੇ ਵਪਾਰਕ ਸਥਾਨ ’ਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਹੋਣੇ ਬੇਹੱਦ ਜ਼ਰੂਰੀ ਹਨ, ਪਰ ਮੌਜੂਦਾ ਹਾਲਾਤ ਇਸ ਦੇ ਉਲਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੀਡੀਆ ਰਾਹੀਂ ਮਾਰਕੀਟ ਕਮੇਟੀ ਤੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਕੂੜੇ ਦੇ ਢੇਰਾਂ ਦੀ ਲਿਫਟਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਤਾਂ ਐਸੋਸੀਏਸ਼ਨ ਵੱਲੋਂ ਤਿੱਖੇ ਕਦਮ ਚੁੱਕੇ ਜਾਣਗੇ।
ਠੇਕੇਦਾਰ ਨੇ ਜਲਦ ਲਿਫਟਿੰਗ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ
ਇਸ ਸਬੰਧੀ ਜਦੋਂ ਮੰਡੀ ਵਿੱਚ ਸਫ਼ਾਈ ਦਾ ਠੇਕਾ ਲੈਣ ਵਾਲੀ ਭਗਵਤੀ ਟਰੇਡਰ ਕੰਪਨੀ ਦੇ ਮਾਲਕ ਪਵਨ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਫ਼ਾਈ ਕਰਵਾਈ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਦੀ ਲਿਫਟਿੰਗ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਕੂੜੇ ਦੀ ਲਿਫਟਿੰਗ ਵੀ ਸ਼ੁਰੂ ਕਰਵਾ ਦਿੱਤੀ ਜਾਵੇਗੀ।