- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਓਂ ’ਚ ਫਿਜ਼ੀਓਥਰੈਪੀ ਸੈਂਟਰ ਦੀ ਕੀਤੀ ਸ਼ੁਰੂਆਤ

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਦੀਵਾਨ ਟੋਡਰ ਮਲ ਸੁਸਾਇਟੀ ਨੇ ਅੱਜ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਜਗਰਾਉਂ ਦੇ ਗੁਰਦੁਆਰਾ ਭਜਨਗੜ੍ਹ ਸਾਹਿਬ ਮੋਤੀ ਬਾਗ ਵਿਖੇ ਇੱਕ ਫਿਜ਼ੀਓਥਰੈਪੀ ਸੈਂਟਰ ਖੋਲਿਆ ਜਿੱਥੇ ਆਧੁਨਿਕ ਮਸ਼ੀਨਾਂ ਨਾਲ ਮਾਹਿਰ ਡਾਕਟਰਾਂ ਦੀ ਦੇਖਰੇਖ ਹੇਠ ਇਸ ਪ੍ਰਣਾਲੀ ਨਾਲ ਇਲਾਜ ਕੀਤਾ ਜਾਵੇਗਾ। ਇਸ ਮੌਕੇ ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਦੇ ਸਰਪ੍ਰਸਤ ਤੇ ਪ੍ਰਸਿੱਧ ਸਮਾਜ ਸੇਵੀ ਸਰਪੰਚ ਬਿੰਦਰ ਮਨੀਲਾ ਨੇ ਕਿਹਾ ਕਿ ਅਜੋਕੇ ਸਮੇਂ ਇਸ ਪ੍ਰਣਾਲੀ ਨੂੰ ਹਰ ਕੋਈ ਅਪਣਾ ਰਿਹਾ ਹੈ ਕਿਉਂਕਿ ਇਹ ਇਲਾਜ ਸਸਤਾ ਤੇ ਟਿਕਾਊ ਹੈ। ਕੁਦਰਤੀ ਢੰਗਾਂ ਨਾਲ ਅਤੇ ਆਧੁਨਿਕ ਮਸ਼ੀਨਾਂ ਨਾਲ ਇਸ ਦਾ ਇਲਾਜ ਕੀਤਾ ਜਾਂਦਾ ਹੈ ਤੇ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਗੋਡਿਆਂ, ਪਿੱਠ ਦਰਦ ਵਰਗੀਆਂ ਪੀੜਾ ਵਾਲੀਆਂ ਬਿਮਾਰੀਆਂ ਵਾਸਤੇ ਇਹ ਇਲਾਜ ਪ੍ਰਣਾਲੀ ਸਾਰਥਿਕ ਸਿੱਧ ਹੋ ਰਹੀ ਹੈ। ਅੰਗਰੇਜ਼ੀ ਦਵਾਈਆਂ ਖਾ-ਖਾ ਕੇ ਲੋਕ ਅੱਕ ਚੁੱਕੇ ਹਨ ਦਰਦ ਨਿਵਾਰਕ ਦਵਾਈ ਨਾਲ ਕੁਝ ਸਮਾਂ ਆਰਾਮ ਆ ਜਾਂਦਾ ਹੈ ਅਤੇ ਅਖੀਰ ਡਾਕਟਰ ਆਪ੍ਰੇਸ਼ਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੋਂ 1 ਵਜੇ ਤੱਕ ਚੱਲਣ ਵਾਲੇ ਸੈਂਟਰ ਵਿੱਚ ਮਾਹਿਰ ਡਾਕਟਰਾਂ ਵੱਲੋਂ ਨਾ-ਮਾਤਰ ਫੀਸ ਲੈ ਕੇ ਇਲਾਜ ਕੀਤਾ ਜਾਵੇਗਾ ਤਾਂ ਕਿ ਲੋੜਵੰਦ ਲੋਕ ਇਸ ਦਾ ਫਾਇਦਾ ਉਠਾ ਸਕਣ। ਸੈਂਟਰ ਵਿਚ ਇਲਾਜ ਕਰ ਰਹੇ ਡਾ. ਰਜਤ ਖੰਨਾ ਨੇ ਦੱਸਿਆ ਕਿ ਇਸ ਇਲਾਜ ਨਾਲ ਪੁਰਾਣੀ ਤੋਂ ਪੁਰਾਣੀ ਬਿਮਾਰੀ ਵੀ ਠੀਕ ਹੁੰਦੀ ਹੈ ਤੇ ਇਸ ਪ੍ਰਣਾਲੀ ਵਿੱਚ ਦਰਦ ਨਿਵਾਰਕ ਦਵਾਈਆਂ ਖਾਣ ਦੀ ਲੋੜ ਵੀ ਨਹੀਂ ਪੈਂਦੀ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਸੈਂਟਰ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸਾਹਿਬ ਦੀ ਹੈਡ ਗ੍ਰੰਥੀ ਭਾਈ ਜਰਨੈਲ ਸਿੰਘ ਨੇ ਕੀਤੀ। ਇਸ ਮੌਕੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕ ਪ੍ਰਧਾਨ ਵੱਲੋਂ ਸੰਸਥਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ ਦੀ ਨਜਾਕਤ ਨੂੰ ਪਛਾਣਦਿਆਂ ਇਹ ਸੇਵਾਵਾਂ ਸੰਗਤ ਨੂੰ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਦੇ ਚੇਅਰਮੈਨ ਬਿੰਦਰ ਮਨੀਲਾ ਦਾ ਸਨਮਾਨ ਵੀ ਕੀਤਾ। ਉਪਰੰਤ ਬਿੰਦਰ ਮਨੀਲਾ ਅਤੇ ਪਤਵੰਤਿਆਂ ਵੱਲੋਂ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਜਤਵਿੰਦਰ ਪਾਲ ਸਿੰਘ, ਜਸਪਾਲ ਸਿੰਘ ਛਾਬੜਾ, ਅਮਰੀਕ ਸਿੰਘ, ਸਤਨਾਮ ਸਿੰਘ ,ਕੈਪਟਨ ਨਰੇਸ਼ ਵਰਮਾ ,ਮਨੋਹਰ ਸਿੰਘ ਟੱਕਰ , ਜਨਪ੍ਰੀਤ ਸਿੰਘ ਅਤੇ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ,ਸੁਭਾਸ਼ ਸਿੰਘ ,ਅਜਮੇਰ ਸਿੰਘ, ਕਰਮਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।ਸਮਾਪਤੀ ਤੇ ਗੁਰੂ ਕੇ ਲੰਗਰ ਅਟੁੱਟ ਵਰਤੇ।