ਸਿਵਲ ’ਚ ਮੁਫ਼ਤ ਤੇ ਬਿਹਤਰ ਇਲਾਜ ਦੀ ਉਮੀਦ ਲੈ ਕੇ ਆਏ ਲੋਕ ਹੋਏ ਨਿਰਾਸ਼ ਸਿਵਲ ਹਸਪਤਾਲ ਲੁਧਿਆਣਾ ’ਚ ਮੁਫ਼ਤ ਤੇ ਬਿਹਤਰ ਇਲਾਜ ਦੀ ਉਮੀਦ ਲੈ ਕੇ ਆਏਨਿਰਾਸ਼
Publish Date: Sat, 18 Jul 2026 08:29 PM (IST)
Updated Date: Sun, 19 Jul 2026 04:05 AM (IST)
ਮਹਿੰਗੀਆਂ ਦਵਾਈਆਂ ਤੇ ਮਹਿੰਗੇ ਟੈਸਟਾਂ ਕਾਰਨ ਮਰੀਜ਼ ਪਰੇਸ਼ਾਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਸਿਹਤ ਅਦਾਰਿਆਂ ਵਿੱਚੋਂ ਇੱਕ ਸਿਵਲ ਹਸਪਤਾਲ ਲੁਧਿਆਣਾ ਵਿੱਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਲਾਜ ਲਈ ਆਉਂਦੇ ਹਨ। ਮਰੀਜ਼ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਲਈ ਪਹੁੰਚਦੇ ਹਨ। ਲੋਕਾਂ ਦੇ ਵਿਚਾਰ ਜਾਨਣ ਲਈ ਪੰਜਾਬੀ ਜਾਗਰਣ ਵੱਲੋਂ ਸ਼ਨਿੱਚਰਵਾਰ ਨੂੰ ਵਿਸ਼ੇਸ਼ ਤੌਰ ’ਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਬੇਸ਼ੱਕ ਕਈ ਮਰੀਜ਼ਾਂ ਨੇ ਪ੍ਰਬੰਧਾਂ ਤੇ ਸੰਤੁਸ਼ਟੀ ਵੀ ਜਾਹਰ ਕੀਤੀ ਪਰ ਕੁੱਝ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਮੁਫ਼ਤ ਅਤੇ ਬਿਹਤਰ ਇਲਾਜ ਦੀ ਉਮੀਦ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਨੂੰ ਇੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੀ ਭੀੜ ਦੇ ਮੁਕਾਬਲੇ ਪ੍ਰਬੰਧ ਨਾਕਾਫ਼ੀ ਹਨ। ਹਸਪਤਾਲ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਵੀ ਕਈ ਮਰੀਜ਼ਾਂ ਨੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਹਸਪਤਾਲ ਵਰਗੀ ਸੰਵੇਦਨਸ਼ੀਲ ਥਾਂ ਤੇ ਸਫ਼ਾਈ ਨੂੰ ਸਭ ਤੋਂ ਵੱਧ ਤਰਜੀਹ ਮਿਲਣੀ ਚਾਹੀਦੀ ਹੈ।ਕਈ ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਮਹਿੰਗੀਆਂ ਦਵਾਈਆਂ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਨੂੰ ਬਾਹਰੋਂ ਖਰੀਦਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਕੁੱਝ ਜਾਂਚਾਂ ਲਈ ਵੀ ਨਿੱਜੀ ਲੈਬਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਨਾਲ ਗਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਤੇ ਵਾਧੂ ਬੋਝ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਦਾ ਮਕਸਦ ਆਮ ਆਦਮੀ ਨੂੰ ਸਸਤੀ ਅਤੇ ਸੁਚੱਜੀ ਸਿਹਤ ਸੇਵਾ ਮੁਹੱਈਆ ਕਰਵਾਉਣਾ ਹੈ, ਇਸ ਲਈ ਦਵਾਈਆਂ ਅਤੇ ਜਾਂਚਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਹਸਪਤਾਲ ਵਿੱਚ ਆਏ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨਿਯਮਿਤ ਤੌਰ ਤੇ ਸਫ਼ਾਈ ਦੀ ਨਿਗਰਾਨੀ ਕਰੇ, ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰੇ ਅਤੇ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਵੇ ਤਾਂ ਮਰੀਜ਼ਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਲੁਧਿਆਣਾ ਨਾ ਸਿਰਫ਼ ਲੁਧਿਆਣਾ ਸਗੋਂ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਲਈ ਇਲਾਜ ਦਾ ਮੁੱਖ ਕੇਂਦਰ ਹੈ। ਬਾਕਸ- ਮਰੀਜ਼ਾਂ ਨੇ ਦੱਸੀਆਂ ਮੁਸ਼ਕਿਲਾਂ ਗੱਲਬਾਤ ਕਰਦੇ ਹੋਏ ਇੱਕ ਮਰੀਜ਼ ਬਲਬੀਰ ਨੇ ਦੱਸਿਆ ਕਿ ਉਸ ਦੇ ਸਿਰ ਵਿੱਚ ਕੋਈ ਦਿੱਕਤ ਸੀ ਜਿਸ ਦੇ ਇਲਾਜ ਲਈ ਉਹ ਸਿਵਲ ਹਸਪਤਾਲ ਆਇਆ। ਬਾਕੀ ਤਾਂ ਸਭ ਕੁੱਝ ਠੀਕ ਹੈ ਪਰ ਸਿਟੀ ਸਕੈਨ ਜੋ ਕਿ ਬਹੁਤ ਮਹਿੰਗੀ ਹੈ ਉਸ ਦੀ ਪਰੇਸ਼ਾਨੀ ਦਾ ਵੱਡਾ ਕਾਰਨ ਹੈ। ਇਸ ਤੋਂ ਬਿਨ੍ਹਾਂ ਇਲਾਜ ਸੰਭਵ ਨਹੀਂ। ਇੱਕ ਹੋਰ ਮਰੀਜ ਹਰਪਾਲ ਨੇ ਮਹਿੰਗੀਆਂ ਦਵਾਈਆਂ ਅਕਸਰ ਲਿਖ ਕੇ ਦੇ ਦਿੱਤੀਆਂ ਜਾਂਦੀਆਂ ਹਨ ਜੋ ਉਹ ਬਾਹਰੋ ਖਰੀਦਣ ਲਈ ਮਜ਼ਬੂਰ ਹੁੰਦੇ ਹਨ। ਹਰਪਾਲ ਨੇ ਕਿਹਾ ਕਿ ਮਹਿੰਗੀ ਹੋਵੇ ਜਾਂ ਸਸਤੀ ਹਰ ਦਵਾਈ ਇੱਥੇ ਹੀ ਮਿਲਣੀੂ ਚਾਹੀਦੀ ਹੈ। ਬਾਕਸ-- ਹਸਪਤਾਲ ਵਿੱਚ ਹਰ ਦਵਾਈ ਉਪਲੱਬਧ-ਅਖਿਲ ਸਰੀਨ ਮਰੀਜ਼ਾਂ ਦੀਆਂ ਦਿੱਕਤਾਂ ਸਬੰਧੀ ਗੱਲ ਕਰਦੇ ਹੋਏ ਡਾ.ਅਖਿਲ ਸਰੀਨ ਆਰਥੋਪੈਡੀਕ ਸਪੈਸ਼ਲਿਸਟ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਲੁਧਿਆਣਾ ਨੇ ਕਿਹਾ ਕਿ ਹਸਪਤਾਲ ਵਿੱਚ ਹਰ ਦਵਾਈ ਉਪਲੱਬਧ ਹੈ। ਜੇਕਰ ਕਿਸੇ ਵੀ ਮਰੀਜ਼ ਨੂੰ ਮਹਿੰਗੀ ਦਵਾਈ ਨਾ ਮਿਲਣ ਸਬੰਧੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਆ ਕੇ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਿੰਗੀ ਜਾਂ ਸਸਤੀ ਦਵਾਈ ਦੀ ਗੱਲ ਨਹੀਂ ਸਿਵਲ ਹਸਪਤਾਲ ਵਿੱਚ ਮਰੀਜ਼ ਨੂੰ ਹਰ ਦਵਾਈ ਮੁਫਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਬਾਹਰੋਂ ਦਵਾਈ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਪਾਰਕ ਦੀ ਸਫਾਈ ਨਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਸਫਾਈ ਰੁਟੀਨ ਵਿੱਚ ਕਰਵਾਈ ਜਾਂਦੀ ਹੈ ਪਰ ਲੋਕ ਪਾਰਕ ਵਿੱਚ ਰੱਖੇ ਡਸਟਬਿਨ ਦੀ ਵਰਤੋਂ ਕਰਨ ਦੀ ਬਜਾਏ ਲਿਫਾਫੇ, ਖਾਲੀ ਬੋਤਲਾਂ ਅਤੇ ਹੋਰ ਖਾਣ ਪੀਣ ਦਾ ਸਮਾਨ ਬਾਹਰ ਸੁੱਟ ਦਿੰਦੇ ਹਨ।