
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਿਆਸਪੁਰਾ-ਢੰਡਾਰੀ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ, ਸਥਾਈ ਮੁਰੰਮਤ ਦੀ ਮੰਗ

-ਢੰਡਾਰੀ ਇੰਡਸਟਰੀਅਲ ਵੈਲਫੇਅਰ ਸਭਾ ਨੇ ਐੱਨਐੱਚਚਏਆਈ ਨੂੰ ਮੁਰੰਮਤ ਲਈ ਲਿਖੀ ਚਿੱਠੀ
ਫ਼ੋਟੋ ਨੰਬਰ-20
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਗਿਆਸਪੁਰਾ ਪੁੱਲ ਤੋਂ ਪਹਿਲਾਂ, ਪੁੱਲ ਦੇ ਹੇਠਾਂ, ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਅਤੇ ਮਿੱਤਲ ਕੰਡੇ ਵਾਲੇ ਪੁੱਲ ਹੇਠਾਂ ਸੜਕ ਦੀ ਬੇਹੱਦ ਖਸਤਾ ਹਾਲਤ ਕਾਰਨ ਰਾਹਗੀਰਾਂ ਅਤੇ ਕਾਰਖ਼ਾਨਿਆਂ ਨਾਲ ਜੁੜੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਥਾਂ-ਥਾਂ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਅਪੀਲ ਕਰਦਿਆਂ ਕਿਹਾ ਕਿ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਿਆਂ ਵਿੱਚੋਂ ਦੋ-ਪਹੀਆ ਵਾਹਨ, ਕਾਰਾਂ ਅਤੇ ਭਾਰੀ ਵਾਹਨ ਚਾਲਕ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੰਘਣ ਲਈ ਮਜਬੂਰ ਹਨ। ਕਈ ਲੋਕ ਡਿੱਗ ਕੇ ਸੱਟਾਂ ਵੀ ਖਾ ਚੁੱਕੇ ਹਨ, ਜਦਕਿ ਕਾਰਖ਼ਾਨਿਆਂ ਨਾਲ ਜੁੜੇ ਕਾਰੋਬਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਆਵਾਜਾਈ ਵਿੱਚ ਭਾਰੀ ਦਿੱਕਤ ਆ ਰਹੀ ਹੈ। ਮੱਕੜ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਲਈ ਲਗਾਇਆ ਗਿਆ। ਠੇਕੇਦਾਰ ਕਦੇ-ਕਦੇ ਖੱਡਿਆਂ ਵਿੱਚ ਗਟਕਾ ਪਾ ਕੇ ਆਰਜ਼ੀ ਰਾਹਤ ਦੇਣ ਦੀ ਕੋਸ਼ਿਸ਼ ਕਰਦਾ ਹੈ, ਪਰ ਇੱਕ-ਦੋ ਦਿਨਾਂ ਬਾਅਦ ਜਾਂ ਮੀਂਹ ਪੈਣ ਉਪਰੰਤ ਇਹ ਗਟਕਾ ਵੀ ਖੱਡਿਆਂ ਵਿੱਚੋਂ ਨਿਕਲ ਜਾਂਦਾ ਹੈ। ਇਸ ਕਾਰਨ ਸੜਕ ਦੀ ਹਾਲਤ ਮੁੜ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਆਰਜ਼ੀ ਮੁਰੰਮਤ ਕਿਸੇ ਵੀ ਤਰ੍ਹਾਂ ਸਥਾਈ ਹੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਮਸਲੇ ਸਬੰਧੀ ਸਬੰਧਤ ਅਧਿਕਾਰੀਆਂ ਦਾ ਕਈ ਵਾਰ ਧਿਆਨ ਦਿਵਾਇਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਨ੍ਹਾਂ ਖੱਡਿਆਂ ਕਾਰਨ ਕੋਈ ਵੱਡਾ ਹਾਦਸਾ ਵਾਪਰਦਾ ਹੈ ਜਾਂ ਕੋਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੁੰਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਮੱਕੜ ਨੇ ਕਿਹਾ ਕਿ ਲੋਕ ਸਰਕਾਰ ਨੂੰ ਟੈਕਸ ਦੇਣ ਦੇ ਨਾਲ-ਨਾਲ ਟੋਲ ਟੈਕਸ ਵੀ ਅਦਾ ਕਰਦੇ ਹਨ। ਇਸ ਦੇ ਬਾਵਜੂਦ ਜੇਕਰ ਉਨ੍ਹਾਂ ਨੂੰ ਟੁੱਟੀਆਂ ਤੇ ਖ਼ਤਰਨਾਕ ਸੜਕਾਂ ’ਤੇ ਸਫ਼ਰ ਕਰਨ ਲਈ ਮਜਬੂਰ ਹੋਣਾ ਪਵੇ, ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਟੋਲ ਤੇ ਟੈਕਸ ਅਦਾ ਕਰਨ ਵਾਲੇ ਲੋਕਾਂ ਨੂੰ ਸੁਰੱਖਿਅਤ ਅਤੇ ਚੱਲਣਯੋਗ ਸੜਕ ਮਿਲਣਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤੁਰੰਤ ਮੌਕੇ ’ਤੇ ਅਧਿਕਾਰੀ ਭੇਜ ਕੇ ਸੜਕ ਦੀ ਜਾਂਚ ਕਰਵਾਈ ਜਾਵੇ ਅਤੇ ਖੱਡਿਆਂ ਦੀ ਆਰਜ਼ੀ ਪੈਚਵਰਕ ਦੀ ਬਜਾਏ ਪੱਕੀ ਤੇ ਸਥਾਈ ਮੁਰੰਮਤ ਕਰਵਾਈ ਜਾਵੇ। ਮੱਕੜ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ, ਤਾਂ ਲੋਕਾਂ ਦੀ ਸੁਰੱਖਿਆ ਅਤੇ ਕਾਰਖ਼ਾਨੇਦਾਰਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਐਸੋਸੀਏਸ਼ਨ ਨੂੰ ਆਪਣੀ ਆਵਾਜ਼ ਹੋਰ ਤਿੱਖੇ ਢੰਗ ਨਾਲ ਉਠਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਮਾਮਲਾ ਸੜਕ ਜਾਮ ਕਰਨ ਤੱਕ ਪਹੁੰਚੇ, ਪਰ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਲੋਕਾਂ ਕੋਲ ਸੰਘਰਸ਼ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਤੁਰੰਤ ਕਾਰਵਾਈ ਕਰਨ ਅਤੇ ਸੜਕ ਦੀ ਸਥਾਈ ਮੁਰੰਮਤ ਲਈ ਸਮਾਂ-ਸੀਮਾ ਵੀ ਸਪੱਸ਼ਟ ਕਰਨ।