ਭ੍ਰਿਸ਼ਟਾਚਾਰ ਤੋਂ ਦੁਖੀ ਲੋਕਾਂ ਨੇ ਮੀਟਿੰਗ ਦੌਰਾਨ ਬੈਂਸ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ

ਭ੍ਰਿਸ਼ਟਾਚਾਰ ਤੋਂ ਦੁਖੀ ਲੋਕਾਂ ਨੇ ਮੀਟਿੰਗ ਦੌਰਾਨ ਬੈਂਸ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਵਾਰਡ ਨੰਬਰ 33 ਵਿਚ ਮਹਿਲਾ ਵਿੰਗ ਹਲਕਾ ਦੱਖਣੀ ਦੀ ਬਲਾਕ ਪ੍ਰਧਾਨ ਕਮਲਜੀਤ ਕੌਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਮੀਟਿੰਗ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਰਕਾਰ ਦੀਆਂ ਨੀਤੀਆਂ ਤੋਂ ਜਨਤਾ ਪਰੇਸ਼ਾਨ ਮੀਟਿੰਗ ਦੌਰਾਨ ਵਾਰਡ ਨੰਬਰ 33 ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਇਆ। ਲੋਕਾਂ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ (ਕਰਪਸ਼ਨ) ਸਿਖਰਾਂ 'ਤੇ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਆਦਮੀ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਅੱਜ ਪੰਜਾਬ ਦਾ ਹਰ ਨਾਗਰਿਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਜਿਸ 'ਬਦਲਾਅ' ਦੇ ਨਾਮ 'ਤੇ ਲੋਕਾਂ ਨੇ ਵੋਟਾਂ ਪਾਈਆਂ ਸਨ, ਉਹ ਬਦਲਾਅ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਰਹਿ ਗਿਆ ਹੈ। ਅਸਲੀਅਤ ਵਿੱਚ ਅੱਜ ਸਰਕਾਰੀ ਦਫ਼ਤਰਾਂ ਵਿੱਚ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਨਹੀਂ ਹੋ ਰਿਹਾ ਅਤੇ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਵਪਾਰੀ, ਮਜ਼ਦੂਰ ਅਤੇ ਮਹਿਲਾਵਾਂ ਸਭ ਪ੍ਰੇਸ਼ਾਨ ਹਨ। ਵਾਰਡ ਨੰਬਰ 33 ਦੇ ਲੋਕਾਂ ਨੇ ਜੋ ਦੁੱਖ ਮੇਰੇ ਅੱਗੇ ਰੱਖੇ ਹਨ, ਉਹ ਸਾਬਤ ਕਰਦੇ ਹਨ ਕਿ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦਾ ਹਨ ਕਿ ਇਹ ਅੰਧੇਰਗਰਦੀ ਜ਼ਿਆਦਾ ਦੇਰ ਨਹੀਂ ਚੱਲੇਗੀ। ਜਿਵੇਂ ਹੀ ਸੱਤਾ ਦੀ ਵਾਗਡੋਰ ਸਾਡੇ ਹੱਥ ਆਵੇਗੀ, ਅਸੀਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਾਂਗੇ। ਕਿਸੇ ਵੀ ਗਰੀਬ ਦੀ ਜੇਬ 'ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ ਅਤੇ ਹਰ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਸਾਡੀ ਮੁੱਖ ਜ਼ਿੰਮੇਵਾਰੀ ਹੋਵੇਗੀ। ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਲਈ ਲੜਨਾ ਸਾਡਾ ਫਰਜ਼ ਹੈ। ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਤੇ ਇਸ ਲੋਕ ਵਿਰੋਧੀ ਸਰਕਾਰ ਦੀਆਂ ਨਾਕਾਮੀਆਂ ਨੂੰ ਘਰ-ਘਰ ਤੱਕ ਪਹੁੰਚਾਵਾਂਗੇ। ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਨੀਟੂ ਹਲਕਾ ਲੁਧਿਆਣਾ ਦੱਖਣੀ, ਸੁਰਿੰਦਰ ਪਾਲ ਚੌਧਰੀ, ਉਮਾ ਸ਼ੰਕਰ ਜੀ, ਰਾਮ ਅਵਦ, ਜਤਿੰਦਰ, ਦਵਿੰਦਰ, ਆਸਿਫ ਅਲੀ, ਡਾਕਟਰ ਕੁਲਦੀਪ, ਸੰਤੋਸ਼ ਸ਼ਰਮਾ, ਜਸਵੀਰ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ, ਨਵਜੋਤ ਕੌਰ, ਕੁਲਵਿੰਦਰ ਕੌਰ, ਦਲੀਪ ਕੁਮਾਰ, ਪਰਮਜੀਤ ਕੌਰ, ਡਾਕਟਰ ਮਨੋਜ ਕੁਮਾਰ ਆਦਿ ਹਾਜ਼ਰ ਸਨ।