ਪੈਨਸ਼ਨਰ ਬਾਬੇ ਵੀ 27 ਅਗਸਤ ਦੇ ਬੰਦ ’ਚ ਉਤਸ਼ਾਹ ਨਾਲ ਕੁੱਦਣਗੇ : ਕਾਲੜਾ ਪੈਨਸ਼ਨਰ ਬਾਬੇ ਵੀ 27 ਅਗਸਤ ਦੇ ਬੰਦ ਵਿੱਚ ਪੂਰੇ ਉਤਸਾਹ ਨਾਲ ਕੁੱਦਣਗੇ, ਨਹੀਂ ਹੋਵੇਗੀ ਸੜਕੀ ਸੇਵਾ ਬੰਦ
Publish Date: Tue, 25 Aug 2026 08:11 PM (IST)
Updated Date: Tue, 25 Aug 2026 08:12 PM (IST)
ਨਹੀਂ ਹੋਵੇਗੀ ਸੜਕੀ ਸੇਵਾ ਬੰਦ ਤੇ ਨਾ ਹੀ ਕਰਾਉਣਗੇ ਬਾਜ਼ਾਰ ਬੰਦ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਰਾਜ ਪੈਨਸ਼ਨਰ ਮਹਾਂਸੰਘ ਦੇ ਜੁਝਾਰੂ ਸਾਥੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਰਾਮ ਸਿੰਘ ਕਾਲੜਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਸਥਾਨਕ ਦਫਤਰ ਵਿਖੇ ਹੋਈ ਜਿਸ ਵਿੱਚ ਪੈਨਸ਼ਨਰਾਂ ਨੇ ਇੱਕ ਆਵਾਜ਼ ਵਿੱਚ 27 ਦੇ ਮਹਾਂਬੰਦ ਦਾ ਪੂਰਾ ਸਮਰਥਨ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਲਈ ਮਹਿੰਗਾਈ ਭੱਤਾ ਅਤੇ ਬਣਦੇ ਬਕਾਏ ਲੈਣ ਲਈ ਪੰਜਾਬ ਦੇ ਸਾਂਝੇ ਮੁਲਾਜ਼ਮ/ਪੈਨਸ਼ਨਰ ਮੰਚ ਵਲੋਂ ਲਏ ਫੈਸਲੇ ਅਨੁਸਾਰ ਮਾਛੀਵਾੜਾ ਦੇ ਪੈਨਸ਼ਨਰ, ਪੈਨਸ਼ਨਰ ਦਫਤਰ ਇਕੱਠੇ ਹੋਣਗੇ ਅਤੇ ਰੋਸ ਮਾਰਚ ਕਰਦੇ ਹੋਏ ਨਾਇਬ ਤਹਿਸੀਲਦਾਰ ਨੂੰ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਮੰਗ ਪੱਤਰ ਦੇਣਗੇ ਤੇ ਮੰਗ ਕਰਨਗੇ ਕਿ ਉਹਨਾਂ ਦੀਆਂ ਹਾਈ ਕੋਰਟ ਵੱਲੋਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਦੇ 40 ਹਜ਼ਾਰ ਪੈਨਸ਼ਨਰ ਸਾਥੀ ਡੀਏ, ਬਕਾਏ ਆਦਿ ਉਡੀਕਦੇ ਹੋਏ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਪੂਰੇ ਪੰਜਾਬ ਵਿੱਚ ਸ਼ਾਂਤੀਪੂਰਨ ਮਹਾਂਬੰਦ ਕੀਤਾ ਜਾਵੇਗਾ, ਸਰਕਾਰੀ ਦਫਤਰ ਅਤੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਉਸ ਦਿਨ ਛੁੱਟੀ ’ਤੇ ਰਹਿਣਗੇ। ਉਨਾਂ ਦੱਸਿਆ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਅਤੇ ਆਪਣਾ ਬੁਢਾਪਾ ਸੁਰੱਖਿਅਤ ਕਰਨ ਲਈ ਇਹ ਮਹਾਂਬੰਦ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹ ਮਹਾਂਬੰਦ ਪੂਰਾ ਸ਼ਾਂਤੀਪੂਰਨ ਹੋਵੇਗਾ ਅਤੇ ਕੋਈ ਸੜਕੀ ਆਵਾਜਾਈ ਬੰਦ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਦੁਕਾਨਾਂ ਬੰਦ ਕਰਵਾ ਕੇ ਬਾਜ਼ਾਰ ਬੰਦ ਕੀਤੇ ਜਾਣਗੇ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ ਤਾਂ ਜੋ ਉਹ ਸੁਖੀ ਜੀਵਨ ਬਤੀਤ ਕਰ ਸਕਣ। ਕਾਲੜਾ ਨੇ ਸਾਰੇ ਪੈਨਸ਼ਨਰਾਂ ਤੱਕ ਇਹ ਸੁਨੇਹਾ ਪਹੁੰਚਾਉਣ ਲਈ ਡਿਊਟੀਆਂ ਲਗਾ ਦਿੱਤੀਆਂ ਹਨ। ਮੀਟਿੰਗ ਵਿੱਚ ਸਰਵ ਤਰਲੋਚਨ ਸਿੰਘ, ਬਖਸ਼ੀ ਰਾਮ, ਗੁਰਮੀਤ ਸਿੰਘ ਟਾਂਡਾ, ਮੋਹਨ ਸਿੰਘ, ਤਾਰਾ ਸਿੰਘ, ਪਰਮਜੀਤ ਸਿੰਘ, ਹਰੀ ਰਾਮ, ਧਰਮਪਾਲ, ਗੁਰਮੀਤ ਸਿੰਘ ਇਰਾਕ, ਹਰੀ ਸਿੰਘ ਚਕਲੀ, ਹਰਨੇਕ ਪਾਲ ਸਿੰਘ, ਮਹਿੰਦਰ ਸਿੰਘ ਆਦੀ ਪੈਨਸ਼ਨਰਜ਼ ਹਾਜ਼ਰ ਸਨ।