ਪੈਨਸ਼ਨਰਜ਼ ਨੇ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
ਪੈਨਸ਼ਨਰਜ਼ ਐਸੋ: ਨੇ ਹਲਕਾ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
Publish Date: Wed, 21 Jan 2026 06:42 PM (IST)
Updated Date: Thu, 22 Jan 2026 04:07 AM (IST)

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੇ ਪੈਨਸ਼ਨਰਾਂ ਦੇ ਡੈਪੂਟੇਸ਼ਨ ਨੇ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮੁੱਖ ਮੰਤਰੀ ਦੇ ਨਾਂ ਤੇ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਭਰਪੂਰ ਸਿੰਘ ਨੇ ਦੱਸਿਆ ਕਿ ਵਫ਼ਦ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ 2025 ਰਾਹੀਂ ਬਿਜਲੀ ਅਦਾਰੇ ਦਾ ਨਿੱਜੀਕਰਨ ਨਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਪਾਵਰਕਾਮ ਅਤੇ ਸਰਕਾਰੀ ਜਾਇਦਾਦਾਂ ਵੇਚਣ ਦਾ ਫੈਸਲਾ ਵਾਪਸ ਲਿਆ ਜਾਵੇ, ਕੇਂਦਰ ਸਰਕਾਰ ਅਤੇ ਪੰਜਾਬ ਵੱਲੋਂ ਲੇਬਰ ਕਾਨੂੰਨਾਂ ਦੀ ਥਾਂ ਲਾਗੂ ਕੀਤੇ ਲੇਬਰ ਕੋਡ ਵਾਪਸ ਲਏ ਜਾਣ। ਬੀਜ ਬਿੱਲ 2025 ਵਾਪਸ ਲਿਆ ਜਾਵੇ, ਮਗਨਰੇਗਾ ਦੀ ਥਾਂ ਨਵਾਂ ਕਾਨੂੰਨ ਲਾਗੂ ਨਾ ਕੀਤਾ ਜਾਵੇ। ਇਨ੍ਹਾਂ ਮੰਗਾਂ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲੰਬਤ ਮੰਗਾਂ ਮੰਨੀਆਂ ਜਾਣ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਪੰਜ ਕਿਸ਼ਤਾਂ ਦਿੱਤੀਆਂ ਜਾਣ, 2016 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜਮਾਂ ਦੀ 2.59 ਗੁਣਾਕ ਨਾਲ ਪੇਅ ਫਿਕਸ ਕੀਤੀ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੇ ਪੈਨਸ਼ਨਰਾਂ ਨੂੰ ਬਿਨਾਂ ਸ਼ਰਤ 23 ਸਾਲਾ ਸਕੇਲ ਦਿੱਤਾ ਜਾਵੇ, ਬਿਜਲੀ ਅਦਾਰੇ ਅੰਦਰ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਅਤੇ ਆਊਟ ਸੌਰਸਿੰਗ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਪਟਿਆਲਾ ਸਰਕਲ ਦੇ ਡਿਸਮਿਸ ਆਗੂ ਬਹਾਲ ਕੀਤੇ ਜਾਣ, ਬਿਜਲੀ ਅਦਾਰੇ ਦੇ ਨਿੱਜੀਕਰਨ ਦਾ ਅਮਲ ਰੋਕਿਆ ਜਾਵੇ, ਖਾਲੀ ਅਤੇ ਨਾਰਮਜ਼ ਅਨੁਸਾਰ ਪੱਕੀ ਭਰਤੀ ਰਾਹੀਂ ਪੋਸਟਾਂ ਭਰੀਆਂ ਜਾਣ। ਨਹੀਂ ਤਾਂ ਪੈਨਸ਼ਨਰਜ਼ ਐਸੋ: (ਰਜਿ:) ਜਨਵਰੀ-ਫਰਵਰੀ ਵਿੱਚ ਸਰਕਲ ਕਨਵੈਨਸ਼ਨਾਂ ਕਰਕੇ ਫਰਵਰੀ 2026 ਦੇ ਅਖੀਰ ਵਿੱਚ ਬਿਜਲੀ ਮੰਤਰੀ ਦੀ ਰਿਹਾਇਸ਼ ਵਿਖੇ ਪੰਜਾਬ ਪੱਧਰੀ ਧਰਨਾ ਲਾਵੇਗੀ। ਡੈਪੂਟੇਸ਼ਨ ਵਿੱਚ ਉਪਰੋਕਤ ਤੋਂ ਇਲਾਵਾ ਇੰਜ: ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ, ਇੰਜੀ: ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ ਗੜ੍ਹੀ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ ਆਦਿ ਹਾਜ਼ਰ ਸਨ।