PAU 'ਚ ਦੋ-ਰੋਜ਼ਾ ਕਿਸਾਨ ਮੇਲਾ ਸ਼ੁਰੂ: ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ, ਨਵੀਆਂ ਖੇਤੀ ਤਕਨੀਕਾਂ ਸਿੱਖਣ ਪੁੱਜੇ ਕਿਸਾਨ
ਕਿਸਾਨਾਂ ਵੱਲੋਂ ਖ਼ਾਸ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਅਤੇ ਜਾਰੀ ਕੀਤੀਆਂ ਨਵੀਆਂ ਫ਼ਸਲੀ ਕਿਸਮਾਂ ’ਚ ਦਿਲਚਸਪੀ ਦਿਖਾਈ ਜਾ ਰਹੀ ਹੈ। ਕਿਸਾਨ ਇਨ੍ਹਾਂ ਕਿਸਮਾਂ ਦੀ ਪੈਦਾਵਾਰ ਸਮਰੱਥਾ, ਬਿਮਾਰੀਆਂ ਅਤੇ ਕੀੜਿਆਂ ਪ੍ਰਤੀ ਸਹਿਣਸ਼ੀਲਤਾ, ਬਿਜਾਈ ਦੇ ਢੁਕਵੇਂ ਸਮੇਂ ਅਤੇ ਖੇਤੀ ਤਕਨੀਕਾਂ ਬਾਰੇ ਮਾਹਿਰਾਂ ਤੋਂ ਜਾਣਕਾਰੀ ਲੈ ਰਹੇ ਹਨ। ਮੇਲੇ ’ਚ ਖੇਤੀ ਮਸ਼ੀਨਰੀ, ਬੀਜ, ਬਾਗਬਾਨੀ, ਸਬਜ਼ੀਆਂ, ਖੇਤੀ ਸਹਾਇਕ ਧੰਦਿਆਂ ਅਤੇ ਹੋਰ ਖੇਤੀਬਾੜੀ ਤਕਨੀਕਾਂ ਨਾਲ ਸਬੰਧਤ ਸਟਾਲ ਵੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
Publish Date: Fri, 18 Sep 2026 10:43 AM (IST)
Updated Date: Fri, 18 Sep 2026 10:47 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ। ਮੇਲੇ ’ਚ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਹੈ। ਕਿਸਾਨ ਮੇਲੇ ਦੇ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਖੇਤੀਬਾੜੀ ਨਾਲ ਸਬੰਧਤ ਨਵੀਂ ਜਾਣਕਾਰੀ ਹਾਸਲ ਕਰ ਰਹੇ ਹਨ।
ਕਿਸਾਨਾਂ ਵੱਲੋਂ ਖ਼ਾਸ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਅਤੇ ਜਾਰੀ ਕੀਤੀਆਂ ਨਵੀਆਂ ਫ਼ਸਲੀ ਕਿਸਮਾਂ ’ਚ ਦਿਲਚਸਪੀ ਦਿਖਾਈ ਜਾ ਰਹੀ ਹੈ। ਕਿਸਾਨ ਇਨ੍ਹਾਂ ਕਿਸਮਾਂ ਦੀ ਪੈਦਾਵਾਰ ਸਮਰੱਥਾ, ਬਿਮਾਰੀਆਂ ਅਤੇ ਕੀੜਿਆਂ ਪ੍ਰਤੀ ਸਹਿਣਸ਼ੀਲਤਾ, ਬਿਜਾਈ ਦੇ ਢੁਕਵੇਂ ਸਮੇਂ ਅਤੇ ਖੇਤੀ ਤਕਨੀਕਾਂ ਬਾਰੇ ਮਾਹਿਰਾਂ ਤੋਂ ਜਾਣਕਾਰੀ ਲੈ ਰਹੇ ਹਨ। ਮੇਲੇ ’ਚ ਖੇਤੀ ਮਸ਼ੀਨਰੀ, ਬੀਜ, ਬਾਗਬਾਨੀ, ਸਬਜ਼ੀਆਂ, ਖੇਤੀ ਸਹਾਇਕ ਧੰਦਿਆਂ ਅਤੇ ਹੋਰ ਖੇਤੀਬਾੜੀ ਤਕਨੀਕਾਂ ਨਾਲ ਸਬੰਧਤ ਸਟਾਲ ਵੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹੇ ਮੇਲੇ ਉਨ੍ਹਾਂ ਨੂੰ ਖੇਤੀ ’ਚ ਆ ਰਹੀਆਂ ਨਵੀਆਂ ਤਕਨੀਕਾਂ ਅਤੇ ਬਦਲਦੇ ਖੇਤੀ ਰੁਝਾਨਾਂ ਨਾਲ ਜਾਣੂ ਕਰਵਾਉਣ ’ਚ ਸਹਾਇਕ ਹੁੰਦੇ ਹਨ।
ਵੈਟਰਨਰੀ ਯੂਨੀਵਰਸਿਟੀ ਦੇ ਦੋ ਰੋਜ਼ਾ ਪਸ਼ੂ ਪਾਲਣ ਮੇਲੇ ਦਾ ਆਗਾਜ਼, ਪਸ਼ੂ ਪਾਲਕ ਮੇਲੇ ’ਚ ਪੁੱਜਣੇ ਸ਼ੁਰੂ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਦੋ ਰੋਜ਼ਾ ਪਸ਼ੂ ਪਾਲਣ ਮੇਲੇ ਦਾ ਅੱਜ ਆਗਾਜ਼ ਹੋ ਗਿਆ। ਪਸ਼ੂ ਪਾਲਕਾਂ ਦੀ ਆਮਦ ਸ਼ੁਰੂ ਹੋ ਗਈ ਹੈ, ਇਸ ਵਾਰ ਮੇਲਾ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’ ਦੇ ਸੰਦੇਸ਼ ਨੂੰ ਸਮਰਪਿਤ ਹੈ।
ਯੂਨੀਵਰਸਿਟੀ ਦੇ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਕਾਲਜ ਵੱਲੋਂ ਨਵੇਂ ਡੇਅਰੀ ਉਤਪਾਦ ਅਤੇ ਤਕਨੀਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਕਿਸਾਨ ਇਹਨਾਂ ਪ੍ਰਦਰਸ਼ਨੀਆਂ ਅਤੇ ਹੋਰ ਸਟਾਲਾਂ ਦਾ ਦੌਰਾ ਕਰ ਰਹੇ ਹਨ। ਇਨ੍ਹਾਂ ’ਚ ਮੱਝ ਦੇ ਦੁੱਧ ਤੋਂ ਤਿਆਰ ਪ੍ਰੀਮੀਅਮ ਕਰੀਮ ਚੀਜ਼ ‘ਮਖ਼ਮਲੀ’, ਬੱਕਰੀ ਦੇ ਦੁੱਧ ਦਾ ਫੇਟਾ ਚੀਜ਼, ਸ਼ੇਵਰੇ ਚੀਜ਼ ਅਤੇ ਮੋਜ਼ੇਰੇਲਾ ਚੀਜ਼ ਸ਼ਾਮਲ ਹਨ।
ਦੁੱਧ ਵਿੱਚ ਯੂਰੀਆ, ਨਮਕ, ਫਾਰਮਲਿਨ ਆਦਿ ਮਿਲਾਵਟਾਂ ਦੀ ਪਛਾਣ ਲਈ ਕਾਗਜ਼ੀ-ਸਟ੍ਰਿਪ ਕਿੱਟ ਵੀ ਖਿੱਚ ਦਾ ਕੇਂਦਰ ਹੈ। ਮੇਲੇ ਵਿੱਚ ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਪਸ਼ੂ ਪ੍ਰੇਮੀਆਂ ਲਈ ਵੱਖ-ਵੱਖ ਪ੍ਰਦਰਸ਼ਨੀਆਂ ਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਦੇ ਮੌਕੇ ਵੀ ਉਪਲਬਧ ਹਨ।