ਦੂਜੇ ਦੇ ਦਸਤਾਵੇਜ਼ਾਂ 'ਤੇ ਆਪਣੀ ਫੋਟੋ ਲਗਾ ਕੇ ਬਣਵਾਇਆ ਪਾਸਪੋਰਟ, ਜਾਂਚ ਤੋਂ ਬਾਅਦ FIR ਦਰਜ; ਕਈ ਵਾਰ ਕਰ ਚੁੱਕੈ ਵਿਦੇਸ਼ ਯਾਤਰਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਨੇਤ ਵਾਸੀ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਦੇ ਦਸਤਾਵੇਜ਼ਾਂ ਦੀ ਕਥਿਤ ਗਲਤ ਵਰਤੋਂ ਕਰਕੇ ਆਪਣੇ ਨਾਮ ’ਤੇ ਪਾਸਪੋਰਟ ਜਾਰੀ ਕਰਵਾਇਆ। ਸ਼ਿਕਾਇਤ ਅਨੁਸਾਰ ਮੁਲਜ਼ਮ ਨੇ 11 ਨਵੰਬਰ 1998 ਨੂੰ ਇੱਕ ਪਾਸਪੋਰਟ ਬਣਵਾਇਆ ਸੀ, ਜਿਸ ਦੀ ਮਿਆਦ 10 ਨਵੰਬਰ 2008 ਤੱਕ ਸੀ।
Publish Date: Thu, 03 Sep 2026 12:38 PM (IST)
Updated Date: Thu, 03 Sep 2026 12:42 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਦੂਜੇ ਵਿਅਕਤੀ ਦੇ ਦਸਤਾਵੇਜ਼ਾਂ ਅਤੇ ਪਰਿਵਾਰਕ ਵੇਰਵਿਆਂ ਦੀ ਕਥਿਤ ਦੁਰਵਰਤੋਂ ਕਰਕੇ ਆਪਣੀ ਤਸਵੀਰ ਲਗਾ ਕੇ ਪਾਸਪੋਰਟ ਬਣਵਾਉਣ ਦੇ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ 56 ਸਾਲਾ ਮੱਖਣ ਸਿੰਘ ਵਾਸੀ ਪਿੰਡ ਕਤਪਾਲੋਂ, ਜ਼ਿਲ੍ਹਾ ਜਲੰਧਰ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਅਤੇ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸਾਲ 2018 ’ਚ ਮਿਲੀ ਸ਼ਿਕਾਇਤ ’ਤੇ ਲੰਬੀ ਜਾਂਚ ਤੋਂ ਬਾਅਦ ਕੀਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਨੇਤ ਵਾਸੀ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਦੇ ਦਸਤਾਵੇਜ਼ਾਂ ਦੀ ਕਥਿਤ ਗਲਤ ਵਰਤੋਂ ਕਰਕੇ ਆਪਣੇ ਨਾਮ ’ਤੇ ਪਾਸਪੋਰਟ ਜਾਰੀ ਕਰਵਾਇਆ। ਸ਼ਿਕਾਇਤ ਅਨੁਸਾਰ ਮੁਲਜ਼ਮ ਨੇ 11 ਨਵੰਬਰ 1998 ਨੂੰ ਇੱਕ ਪਾਸਪੋਰਟ ਬਣਵਾਇਆ ਸੀ, ਜਿਸ ਦੀ ਮਿਆਦ 10 ਨਵੰਬਰ 2008 ਤੱਕ ਸੀ।
ਇਸ ਤੋਂ ਬਾਅਦ ਪੁਰਾਣੇ ਪਾਸਪੋਰਟ ਦੇ ਆਧਾਰ ’ਤੇ ਨਵਾਂ ਪਾਸਪੋਰਟ ਬਣਵਾਉਂਦੇ ਸਮੇਂ ਕਥਿਤ ਤੌਰ ’ਤੇ ਬਲਵਿੰਦਰ ਸਿੰਘ ਦੇ ਮਾਤਾ-ਪਿਤਾ ਅਤੇ ਪਤਨੀ ਦੇ ਨਾਮ ਦੀ ਵਰਤੋਂ ਕੀਤੀ ਗਈ।
ਦੋਸ਼ ਹੈ ਕਿ ਮੁਲਜ਼ਮ ਨੇ ਦਸਤਾਵੇਜ਼ਾਂ ਵਿੱਚ ਬਲਵਿੰਦਰ ਸਿੰਘ ਦਾ ਨਾਮ ਵਰਤਣ ਦੇ ਨਾਲ ਆਪਣੀ ਤਸਵੀਰ ਲਗਾਈ ਅਤੇ ਇਹ ਦਸਤਾਵੇਜ਼ ਆਪਣੇ ਵਿਭਾਗ ’ਚ ਵੀ ਵਰਤੇ। ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਈ ਵਾਰ ਵਿਦੇਸ਼ ਯਾਤਰਾ ਕਰ ਚੁੱਕਾ ਹੈ ਅਤੇ ਉਸ ਦਾ ਆਪਣਾ ਪਾਸਪੋਰਟ ਵੀ ਬਣਿਆ ਹੋਇਆ ਹੈ।
ਪੁਲਿਸ ਨੇ ਧਾਰਾ 177, 419, 420, 465, 468, 471 ਆਈਪੀਸੀ ਅਤੇ ਪਾਸਪੋਰਟ ਐਕਟ, 1967 ਦੀ ਧਾਰਾ 12(1)(ਬੀ) ਤਹਿਤ ਕੇਸ ਦਰਜ ਕੀਤਾ ਹੈ। ਹੁਣ ਪੁਲਿਸ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਅਤੇ ਪਾਸਪੋਰਟਾਂ ਦੀ ਜਾਂਚ ਕਰਦਿਆਂ ਅਗਲੀ ਕਾਰਵਾਈ ਕਰ ਰਹੀ ਹੈ।