- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਰੋਹਿਤ ਕੁਮਾਰ ਗੁਪਤਾ ਵਾਸੀ ਪਿੰਕ ਪਾਰਕ, ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਪਵਨ ਕੁਮਾਰ ਅਤੇ ਹਰਵਿੰਦਰ ਕੁਮਾਰ ਵਾਸੀ ਜਸਪਾਲ ਬਾਂਗੜ ਪਹਿਲਾਂ ਉਸ ਦੀ ਫਰਮ ’ਤੇ ਸਕਰੈਪ ਲੋਹਾ ਵੇਚਣ ਲਈ ਆਉਂਦੇ ਸਨ। ਇਸ ਕਾਰਨ ਦੋਵਾਂ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਪਿਸਤੌਲ ਦਿਖਾ ਕੇ ਧਮਕਾਉਣ, ਬੇਟੀਆਂ ਨੂੰ ਚੁੱਕ ਕੇ ਲਿਜਾਣ ਦਾ ਡਰ ਪਾ ਕੇ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਉਣ ਅਤੇ ਇਸ ਤੋਂ ਬਾਅਦ ਪਾਰਟਨਰਸ਼ਿਪ ਡੀਡ ਤਿਆਰ ਕਰਵਾ ਕੇ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਥਾਣਾ ਜਮਾਲਪੁਰ ਦੀ ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦੋ ਭਰਾਵਾਂ ਖ਼ਿਲਾਫ਼ ਧੋਖਾਧੜੀ, ਜਾਅਲੀ ਦਸਤਾਵੇਜ਼ਾਂ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਰੋਹਿਤ ਕੁਮਾਰ ਗੁਪਤਾ ਵਾਸੀ ਪਿੰਕ ਪਾਰਕ, ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਪਵਨ ਕੁਮਾਰ ਅਤੇ ਹਰਵਿੰਦਰ ਕੁਮਾਰ ਵਾਸੀ ਜਸਪਾਲ ਬਾਂਗੜ ਪਹਿਲਾਂ ਉਸ ਦੀ ਫਰਮ ’ਤੇ ਸਕਰੈਪ ਲੋਹਾ ਵੇਚਣ ਲਈ ਆਉਂਦੇ ਸਨ। ਇਸ ਕਾਰਨ ਦੋਵਾਂ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ।
ਸ਼ਿਕਾਇਤ ਅਨੁਸਾਰ 24 ਜੂਨ 2023 ਨੂੰ ਦੋਵੇਂ ਮੁਲਜ਼ਮ ਉਸ ਦੀ ਫਰਮ ’ਚ ਆਏ। ਦੋਸ਼ ਹੈ ਕਿ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਡਰਾਇਆ-ਧਮਕਾਇਆ ਅਤੇ ਉਸ ਦੀਆਂ ਬੇਟੀਆਂ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦਿੱਤੀ। ਇਸ ਡਰ ਦੇ ਮਾਹੌਲ ’ਚ ਮੁਲਜ਼ਮਾਂ ਨੇ ਉਸ ਤੋਂ ਪਹਿਲਾਂ ਤੋਂ ਤਿਆਰ ਕਰਵਾਏ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਲਏ ਅਤੇ ਕਥਿਤ ਤੌਰ ’ਤੇ ਪਾਰਟਨਰਸ਼ਿਪ ਡੀਡ ਤਿਆਰ ਕਰਵਾ ਲਈ।
ਰੋਹਿਤ ਕੁਮਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਇਸੇ ਤਰ੍ਹਾਂ ਉਸ ਦੀ ਫਰਮ ਦੇ ਖਾਲੀ ਚੈੱਕਾਂ ’ਤੇ ਵੀ ਦਸਤਖ਼ਤ ਕਰਵਾ ਲਏ। ਸ਼ਿਕਾਇਤਕਰਤਾ ਮੁਤਾਬਕ ਇਨ੍ਹਾਂ ਦਸਤਾਵੇਜ਼ਾਂ ਅਤੇ ਚੈੱਕਾਂ ਦੀ ਵਰਤੋਂ ਕਰਕੇ ਉਸ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮਾਂ ਵੱਲੋਂ ਪਿਸਤੌਲ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਕਾਰੋਬਾਰੀ ਮੁਲਜ਼ਮਾਂ ਕੋਲੋਂ ਇਸ ਕਦਰ ਡਰ ਗਿਆ ਕਿ ਉਸਨੇ ਕਈ ਸਾਲ ਤੱਕ ਪੁਲਿਸ ਨੂੰ ਸ਼ਿਕਾਇਤ ਹੀ ਨਹੀਂ ਦਿੱਤੀ।
22 ਜੁਲਾਈ 2026 ਨੂੰ ਮਿਲੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਤਫਤੀਸ਼ ਕੀਤੀ ਅਤੇ ਜਮਾਲਪੁਰ ਪੁਲਿਸ ਨੇ ਪਵਨ ਕੁਮਾਰ ਅਤੇ ਹਰਵਿੰਦਰ ਕੁਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4), 338, 336(3), 340(2), 61(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27/54/59 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਪਾਰਟਨਰਸ਼ਿਪ ਡੀਡ, ਚੈੱਕਾਂ, ਹੋਰ ਦਸਤਾਵੇਜ਼ਾਂ ਅਤੇ ਹਥਿਆਰ ਸਬੰਧੀ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।