- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸ਼ਤਰੀ ਦਾ ਮਾਂ ਬਗਲਾਮੁਖੀ ਧਾਮ ਪੁੱਜਣ ’ਤੇ ਮਹੰਤ ਪ੍ਰਵੀਨ ਦੀ ਅਗਵਾਈ ਹੇਠ ਸਵਾਗਤ

-ਪੰਡਿਤ ਸ਼ਾਸਤਰੀ ਅਨੁਸਾਰ 261 ਘੰਟਿਆਂ ਦਾ ਅਖੰਡ ਮਹਾਯੱਗ ਕਰਨਾ ਅਧਿਆਤਮਕ ਆਸਥਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਮਾਂ ਬਗਲਾਮੁਖੀ ਧਾਮ ਪੁੱਜਣ ’ਤੇ ਭਗਤਾਂ ਵੱਲੋਂ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਪਰੰਪਰਾਗਤ ਢੰਗ ਨਾਲ ਸਵਾਗਤ ਕੀਤਾ ਗਿਆ। ਮਾਂ ਬਗਲਾਮੁਖੀ ਦੇ ਜੈਕਾਰਿਆਂ ਦਰਮਿਆਨ ਫੁੱਲਾਂ ਦੀ ਵਰਖਾ ਨਾਲ ਹੋਏ ਸਵਾਗਤ ਦੌਰਾਨ ਧਾਮ ਦਾ ਮਾਹੌਲ ਭਗਤੀਮਈ ਹੋ ਗਿਆ।
ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਸਭ ਤੋਂ ਪਹਿਲਾਂ ਮਾਂ ਬਗਲਾਮੁਖੀ ਦੀ ਪੂਜਾ ਕੀਤੀ। ਇਸ ਮੌਕੇ ਮਹੰਤ ਪ੍ਰਵੀਨ ਚੌਧਰੀ ਅਤੇ ਸੇਵਕ ਮਨਜੀਤ ਛਤਵਾਲ ਨੇ ਉਨ੍ਹਾਂ ਨੂੰ ਮਾਂ ਬਗਲਾਮੁਖੀ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ। ਮਹੰਤ ਪ੍ਰਵੀਨ ਚੌਧਰੀ ਸਮੇਤ ਸੇਵਾਦਾਰਾਂ ਨੇ ਉਨ੍ਹਾਂ ਨੂੰ ਧਾਮ ਵਿੱਚ ਹੋਣ ਵਾਲੇ 261 ਘੰਟਿਆਂ ਦੇ ਅਖੰਡ ਮਹਾਯੱਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਮਹਾਯੱਗ ਦੇ ਸਫਲ ਅਤੇ ਨਿਰਵਿਘਨ ਸੰਪੰਨ ਹੋਣ ਲਈ ਮਾਂ ਬਗਲਾਮੁਖੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮਾਂ ਬਗਲਾਮੁਖੀ ਧਾਮ ਆਸਥਾ ਦਾ ਕੇਂਦਰ ਹੈ ਅਤੇ ਸੁਖੀ ਜੀਵਨ ਦੀ ਕਾਮਨਾ ਕਰਨ ਵਾਲਿਆਂ ਨੂੰ ਇੱਥੇ ਆ ਕੇ ਮਾਂ ਬਗਲਾਮੁਖੀ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 261 ਘੰਟਿਆਂ ਦਾ ਅਖੰਡ ਮਹਾਯੱਗ ਅਧਿਆਤਮਿਕ ਆਸਥਾ, ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਅਤੇ ਜਨਕਲਿਆਣ ਦਾ ਮਾਧਿਅਮ ਬਣੇਗਾ। ਉਨ੍ਹਾਂ ਮੁਤਾਬਕ ਮਹਾਯੱਗ ਦੌਰਾਨ ਲੱਖਾਂ ਸ਼ਰਧਾਲੂਆਂ ਵੱਲੋਂ ਮੰਤਰ ਉਚਾਰਨ ਨਾਲ ਮਾਂ ਬਗਲਾਮੁਖੀ ਦੇ ਜਾਪ ਦੀ ਧੁਨੀ ਗੂੰਜੇਗੀ। ਉਨ੍ਹਾਂ ਨੇ ਇਸ ਨੂੰ ਵਿਸ਼ਵ ਵਿੱਚ ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਪ੍ਰਾਰਥਨਾ ਦਾ ਮਾਧਿਅਮ ਦੱਸਿਆ।
ਜਲਦ ਹੋਵੇਗੀ ਸ੍ਰੀ ਹਨੂਮੰਤ ਕਥਾ
ਮਹੰਤ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਮਾਂ ਬਗਲਾਮੁਖੀ ਧਾਮ ਵੱਲੋਂ ਜਲਦ ਹੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਸਾਨਿਧ ਵਿੱਚ ਸ੍ਰੀ ਹਨੂਮੰਤ ਕਥਾ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਹਜ਼ਾਰਾਂ ਸ਼ਰਧਾਲੂ ਮੌਜੂਦ ਸਨ।