ਪੰਡਿਤ ਬਲਵਿੰਦਰ ਸ਼ਰਮਾ ਜ਼ਮਾਨਤ ’ਤੇ ਰਿਹਾਅ, ਅਕਾਲੀਆਂ ਨੇ ਕੀਤਾ ਭਰਵਾਂ ਸਵਾਗਤ ਪੰਡਿਤ ਬਲਵਿੰਦਰ ਸ਼ਰਮਾ ਜ਼ਮਾਨਤ ’ਤੇ ਰਿਹਾਅ, ਅਕਾਲੀਆਂ ਕੀਤਾ ਭਰਵਾਂ ਸਵਾਗਤ
Publish Date: Sat, 26 Sep 2026 08:16 PM (IST)
Updated Date: Sun, 27 Sep 2026 04:07 AM (IST)
ਪੀ22: ਫ਼ੌਜੀ ਬਲਵਿੰਦਰ ਸ਼ਰਮਾ ਦੀ ਰਿਹਾਈ ਤੋਂ ਬਾਅਦ ਸਵਾਗਤ ਕਰਦੇ ਯਾਦਵਿੰਦਰ ਸਿੰਘ ਯਾਦੂ ਤੇ ਹੋਰ ਅਕਾਲੀ ਆਗੂ ਤੇ ਵਰਕਰ। * ਯਾਦੂ ਬੋਲੇ; ਸੱਤਾ ਦੇ ਨਸ਼ੇ ’ਚ ਚੂਰ ਹਨ ਮੰਤਰੀ ਸੌਂਧ, ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਸ੍ਰੋਮਣੀ ਅਕਾਲੀ ਦਲ ਦੇ ਧਰਨੇ ਦੌਰਾਨ ਮੰਤਰੀ ਖ਼ਿਲਾਫ਼ ਸਬੰਧੀ ਕੀਤੀ ਗਈ ਕਥਿਤ ਟਿੱਪਣੀ ਦੇ ਮਾਮਲੇ ’ਚ ਜੇਲ੍ਹ ਭੇਜੇ ਅਕਾਲੀ ਆਗੂ ਬਲਵਿੰਦਰ ਸ਼ਰਮਾ ਉਰਫ਼ ਫ਼ੌਜੀ ਜ਼ਮਾਨਤ ਮਿਲਣ ਤੋਂ ਬਾਅਦ ਬੀਤੀ ਰਾਤ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਰਿਹਾਅ ਹੋ ਗਏ। ਉਨ੍ਹਾਂ ਦੀ ਰਿਹਾਈ ਮਗਰੋਂ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਜੇਲ੍ਹ ਤੋਂ ਉਨ੍ਹਾਂ ਨੂੰ ਘਰ ਤੱਕ ਲੈ ਕੇ ਗਏ। ਦੱਸ ਦੇਈਏ ਕਿ ਇਸ ਮਾਮਲੇ ’ਚ ਰਾਮਗੜ੍ਹੀਆ ਭਾਈਚਾਰੇ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ ਦੀ ਸ਼ਿਕਾਇਤ ’ਤੇ ਖੰਨਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਬਲਵਿੰਦਰ ਸ਼ਰਮਾ ਦੀ ਰਿਹਾਈ ਤੋਂ ਬਾਅਦ ਅਕਾਲੀ ਦਲ ਨੇ ਸਰਕਾਰ ਖ਼ਿਲਾਫ਼ ਮੁੜ ਮੋਰਚਾ ਖੋਲ੍ਹ ਦਿੱਤਾ ਹੈ। ਖੰਨਾ ਵਿਧਾਨ ਸਭਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਬਲਵਿੰਦਰ ਸ਼ਰਮਾ ਨੂੰ ਜ਼ਮਾਨਤ ਮਿਲਣ ਅਤੇ ਜੇਲ੍ਹ ਤੋਂ ਬਾਹਰ ਆਉਣ ’ਤੇ ਪਾਰਟੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਔਖੇ ਸਮੇਂ ’ਚ ਪਾਰਟੀ ਆਪਣੇ ਵਰਕਰਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅਖੀਰ ਜਿੱਤ ਸੱਚ ਦੀ ਹੀ ਹੁੰਦੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਠੇਸ ਪਹੁੰਚਾਉਣਾ ਨਹੀਂ ਸੀ, ਉਹ ਸਾਰੇ ਧਰਮਾਂ, ਜਾਤਾਂ ਤੇ ਕਿੱਤਿਆਂ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਦੀ ਕੋਈ ਗ਼ਲਤ ਮਨਸ਼ਾ ਨਹੀਂ ਸੀ, ਜੇਕਰ ਫਿਰ ਵੀ ਕਿਸੇ ਦੇ ਮਨ ਨੂੰ ਠੇਸ ਲੱਗੀ ਤਾਂ ਉਹ ਖ਼ਿਮਾ ਚਾਹੁੰਦੇ ਹਨ। ਯਾਦੂ ਨੇ ਕਿਹਾ ਕਿ ਬਲਵਿੰਦਰ ਸ਼ਰਮਾ ਨੇ ਮੁਸ਼ਕਲ ਹਾਲਾਤ ਦੇ ਬਾਵਜੂਦ ਸਬਰ ਅਤੇ ਹੌਸਲਾ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆਉਣ ਵਿੱਚ ਭਾਵੇਂ ਸਮਾਂ ਲੱਗ ਸਕਦਾ ਹੈ ਪਰ ਅਖੀਰ ਜਿੱਤ ਸੱਚ ਦੀ ਹੀ ਹੁੰਦੀ ਹੈ। ‘ਸੱਤਾ ਦੇ ਨਸ਼ੇ ’ਚ ਚੂਰ ਹਨ ਮੰਤਰੀ ਸੌਂਧ’ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਤਿੱਖਾ ਹਮਲਾ ਕੀਤਾ। ਯਾਦੂ ਨੇ ਦੋਸ਼ ਲਾਇਆ ਕਿ ਮੰਤਰੀ ਸੌਂਧ ਸੱਤਾ ਦੇ ਨਸ਼ੇ ’ਚ ਚੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਿਆਸੀ ਵਿਰੋਧੀਆਂ ਅਤੇ ਪਾਰਟੀ ਵਰਕਰਾਂ ਖ਼ਿਲਾਫ਼ ਕਾਰਵਾਈਆਂ ਕਰਨ ਦੀ ਬਜਾਏ ਲੋਕਾਂ ਨਾਲ ਸਬੰਧਤ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਯਾਦੂ ਨੇ ਦੋਸ਼ ਲਾਇਆ ਕਿ ਬਲਵਿੰਦਰ ਸ਼ਰਮਾ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਆਪਣੇ ਵਰਕਰ ਦੇ ਹੱਕ ’ਚ ਆਵਾਜ਼ ਬੁਲੰਦ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਕਿਸੇ ਵੀ ਵਰਕਰ ਨੂੰ ਮੁਸ਼ਕਲ ਸਮੇਂ ’ਚ ਇਕੱਲਾ ਨਹੀਂ ਛੱਡੇਗੀ। ਯਾਦੂ ਨੇ ਕਿਹਾ ਕਿ ਬਲਵਿੰਦਰ ਸ਼ਰਮਾ ਨਾਲ ਹੋਈ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਰ ਕਦਮ ’ਤੇ ਆਪਣੇ ਵਰਕਰਾਂ ਦੇ ਨਾਲ ਖੜ੍ਹਾ ਹੈ। 16 ਸਤੰਬਰ ਦੇ ਧਰਨੇ ਦੌਰਾਨ ਹੋਇਆ ਸੀ ਵਿਵਾਦ ਜ਼ਿਕਰਯੋਗ ਹੈ ਕਿ ਇਹ ਮਾਮਲਾ 16 ਸਤੰਬਰ ਨੂੰ ਖੰਨਾ ਵਿੱਚ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਧਰਨੇ ਦੌਰਾਨ ਸਾਹਮਣੇ ਆਇਆ ਸੀ। ਧਰਨੇ ਦੌਰਾਨ ਬਲਵਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਖ਼ਿਲਾਫ਼ ਭਾਸ਼ਣ ਕੀਤਾ ਸੀ। ਇਸੇ ਦੌਰਾਨ ਰਾਮਗੜ੍ਹੀਆ ਭਾਈਚਾਰੇ ਸਬੰਧੀ ਕੀਤੀ ਗਈ ਕਥਿਤ ਟਿੱਪਣੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਇਸ ਸਬੰਧੀ ਸਾਹਮਣੇ ਆਈ ਵੀਡੀਓ ਤੋਂ ਬਾਅਦ ਰਾਮਗੜ੍ਹੀਆ ਭਾਈਚਾਰੇ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਦੇ ਆਧਾਰ ’ਤੇ ਖੰਨਾ ਪੁਲਿਸ ਨੇ ਮਾਮਲਾ ਦਰਜ ਕਰਕੇ ਬਲਵਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਜ਼ਮਾਨਤ ’ਤੇ ਰਿਹਾਈ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਖੰਨਾ ਦੀ ਸਿਆਸਤ ਮੁੜ ਗਰਮਾ ਗਈ ਹੈ।