- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਰਾਹੋਂ ਰੋਡ ’ਤੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਪਲਟਿਆ, ਲੱਗਿਆ ਲੰਮਾ ਜਾਮ

-ਸੀਵਰੇਜ ਲਾਈਨ ਪਾਉਣ ਕਾਰਨ ਪਹਿਲਾਂ ਹੀ ਲੋਕ ਪਰੇਸ਼ਾਨ, ਆਵਾਜਾਈ ਪ੍ਰਭਾਵਿਤ ਹੋਣ ਨਾਲ ਵਧੀਆਂ ਦਿੱਕਤਾਂ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਲੁਧਿਆਣਾ ਦੇ ਰਾਹੋਂ ਰੋਡ ’ਤੇ ਰੇਤ ਨਾਲ ਭਰਿਆ ਇੱਕ ਓਵਰਲੋਡ ਟਿੱਪਰ ਪਲਟਣ ਕਾਰਨ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਜਾਮ ਵਰਗੀ ਸਥਿਤੀ ਬਣ ਗਈ। ਹਾਦਸੇ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਸ ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿਣ ਦੀ ਜਾਣਕਾਰੀ ਹੈ।
ਜਾਣਕਾਰੀ ਅਨੁਸਾਰ ਸੜਕ ’ਤੇ ਇੱਕ ਪਾਸੇ ਰੇਤ ਦਾ ਢੇਰ ਅਤੇ ਦੂਜੇ ਪਾਸੇ ਨਿਰਮਾਣ ਕਾਰਜ ਚੱਲਣ ਕਾਰਨ ਆਵਾਜਾਈ ਲਈ ਜਗ੍ਹਾ ਸੀਮਤ ਹੋਈ ਦਿਖਾਈ ਦੇ ਰਹੀ ਹੈ। ਇਸ ਕਾਰਨ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਹੋਈ ਅਤੇ ਲੋਕਾਂ ਨੂੰ ਲੰਘਣ ਵਿੱਚ ਮੁਸ਼ਕਲਾਂ ਆਈਆਂ। ਕਿਉਂਕਿ ਰਾਹੋਂ ਰੋਡ ’ਤੇ ਇੱਕ ਪਾਸੇ ਸੀਵਰੇਜ ਦੀ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਸੜਕ ਦਾ ਕਾਫ਼ੀ ਹਿੱਸਾ ਪ੍ਰਭਾਵਿਤ ਹੋਣ ਕਰਕੇ ਪਹਿਲਾਂ ਹੀ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਹਨ। ਅਜਿਹੇ ਵਿੱਚ ਓਵਰਲੋਡ ਟਿੱਪਰ ਪਲਟਣ ਦੀ ਘਟਨਾ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ। ਇਸ ਰਸਤੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਜਾਮ ਵਿੱਚ ਫਸਣਾ ਪਿਆ, ਜਦਕਿ ਦੁਕਾਨਦਾਰਾਂ ਅਤੇ ਆਮ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
-ਬਾਕਸ-
ਓਵਰਲੋਡ ਵਾਹਨਾਂ ’ਤੇ ਨਿਗਰਾਨੀ ਰੱਖਣ ਦੀ ਲੋੜ
ਇਸ ਘਟਨਾ ਨੇ ਸੜਕਾਂ ’ਤੇ ਓਵਰਲੋਡ ਵਾਹਨਾਂ ਦੀ ਆਵਾਜਾਈ ਤੇ ਨਿਰਮਾਣ ਕਾਰਜਾਂ ਦੌਰਾਨ ਆਵਾਜਾਈ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਸੜਕ ’ਤੇ ਚੱਲ ਰਹੇ ਕੰਮ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਓਵਰਲੋਡ ਵਾਹਨਾਂ ’ਤੇ ਨਿਯਮਾਂ ਅਨੁਸਾਰ ਕਾਰਵਾਈ ਯਕੀਨੀ ਬਣਾਉਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
-ਬਾਕਸ-
-ਓਵਰਲੋਡ ਟਿੱਪਰਾਂ ਕਾਰਨ ਪਹਿਲਾਂ ਵੀ ਜਾ ਚੁੱਕੀਆਂ ਨੇ ਕਈ ਜਾਨਾਂ
ਰਾਹੋਂ ਰੋਡ ਤੋਂ ਲੰਘਣ ਵਾਲੇ ਓਵਰਲੋਡ ਟਿੱਪਰਾਂ ਕਰਕੇ ਪਹਿਲਾਂ ਵੀ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਵੱਡੇ ਹਾਦਸੇ ਵਾਪਰ ਚੁੱਕੇ ਹਨ। ਅੱਜ ਵੀ ਜਦੋਂ ਦੁਪਹਿਰ ਵੇਲੇ ਟਿੱਪਰ ਸੀਵਰੇਜ ਧੱਸ ਜਾਣ ਕਾਰਨ ਪਲਟਿਆ, ਉਸ ਸਮੇਂ ਵੀ ਬਾਜ਼ਾਰ ਵਿੱਚ ਕਾਫੀ ਗਿਣਤੀ ਵਿੱਚ ਲੋਕ ਸਨ। ਪਰ ਟਿੱਪਰ ਪਲਟ ਜਾਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਿਸ ਤਰੀਕੇ ਦੇ ਨਾਲ ਲੋਕਾਂ ਅਨੁਸਾਰ ਹਰ ਸਮੇਂ ਬਾਜ਼ਾਰ ਅੰਦਰ ਭੀੜ ਹੈ, ਕੋਈ ਵੀ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
-ਬਾਕਸ-
-ਦਿਨ ’ਚ ਟਿੱਪਰ ਰੋਕਣ ਲਈ ਇਲਾਕੇ ਦੇ ਲੋਕਾਂ ਨੇ ਲਾਇਆ ਸੀ ਧਰਨਾ
ਆਲੇ-ਦੁਆਲੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਹਾਦਸੇ ਵਾਪਰ ਜਾਣ ਕਰਕੇ ਦਿਨ ਵਿੱਚ ਭਾਰੀ ਵਾਹਨ ਤੇ ਓਵਰਲੋਡ ਰੇਤ ਦੇ ਟਿੱਪਰ ਰੋਕਣ ਦੇ ਲਈ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਵੀ ਲਾਇਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਭਰੋਸਾ ਵੀ ਦਿੱਤਾ ਸੀ ਕਿ ਦਿਨ ’ਚ ਓਵਰਲੋਡ ਟਿੱਪਰ ਤੇ ਭਾਰੀ ਵਾਹਨ ਇਸ ਰੋਡ ਤੋਂ ਨਹੀਂ ਲੰਘਣਗੇ।
-ਬਾਕਸ-
-ਸੀਵਰੇਜ ਦੀ ਹੌਦੀ ਧਸਣ ਕਾਰਨ ਵਾਪਰਿਆ ਹਾਦਸਾ
ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਨਵੀਂ ਸੀਵਰੇਜ ਦੀ ਹੋਦੀ ਤਿਆਰ ਕੀਤੀ ਗਈ ਸੀ ਅਤੇ ਓਵਰਲੋਡ ਟਿੱਪਰ ਆ ਕੇ ਉਸ ਹੋਦੀ ਉੱਪਰ ਖੜ ਗਿਆ। ਕੁੱਝ ਸਮੇਂ ਬਾਅਦ ਹੀ ਹੌਦੀ ਜ਼ਮੀਨ ’ਚ ਧੱਸ ਗਈ ਤੇ ਟਿੱਪਰ ਪਲਟ ਗਿਆ।