- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਸੀਯੂ ਟੈਕ ਸ਼ੋਅ 2026 ਵਿੱਚ 50 ਤੋਂ ਵੱਧ ਪ੍ਰਦਰਸ਼ਕਾਂ ਨੇ ਦਿਖਾਈਆਂ ਨਵੀਂ ਤਕਨੀਕਾਂ

-ਸੀਆਈਸੀਯੂ ਟੈਕ ਸ਼ੋਅ ’ਚ 50 ਤੋਂ ਵੱਧ ਪ੍ਰਦਰਸ਼ਕਾਂ ਵੱਲੋਂ ਨਵੀਆਂ ਤਕਨੀਕਾਂ ਪੇਸ਼
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਫੋਕਲ ਪੁਆਇੰਟ ਕੰਪਲੈਕਸ ਵਿੱਚ ਕਰਵਾਇਆ ਗਿਆ ਦੋ ਰੋਜ਼ਾ ਸੀਆਈਸੀਯੂ ਟੈਕ ਸ਼ੋਅ 2026 ਉਦਯੋਗਿਕ ਇਕਾਈਆਂ, ਐੱਮਐੱਸਐੱਮਈ, ਉਦਯੋਗਪਤੀਆਂ ਅਤੇ ਤਕਨਾਲੋਜੀ ਪ੍ਰਦਾਤਾਵਾਂ ਦੇ ਭਰਵੇਂ ਹੁੰਗਾਰੇ ਨਾਲ ਸਮਾਪਤ ਹੋ ਗਿਆ। ‘ਇੰਡਸਟਰੀ 4.0 ਐਂਡ ਏਆਈ ਟਰਾਂਸਫਾਰਮੇਸ਼ਨ ਫਾਰ ਮੈਨੂਫੈਕਚਰਰਜ਼ ਐਂਡ ਐੱਮਐੱਸਐੱਮਈ’ ਵਿਸ਼ੇ ’ਤੇ ਆਧਾਰਿਤ ਇਸ ਪ੍ਰਦਰਸ਼ਨੀ ਵਿੱਚ 50 ਤੋਂ ਵੱਧ ਪ੍ਰਦਰਸ਼ਕਾਂ ਨੇ ਆਧੁਨਿਕ ਤਕਨੀਕਾਂ, ਆਟੋਮੇਸ਼ਨ ਹੱਲ, ਇੰਡਸਟਰੀ 4.0 ਐਪਲੀਕੇਸ਼ਨਾਂ ਅਤੇ ਏਆਈ ਆਧਾਰਿਤ ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ।
ਟੈਕ ਸ਼ੋਅ ਦੀ ਸਭ ਤੋਂ ਖਿੱਚ ਦਾ ਕੇਂਦਰ ਸੀਆਈਸੀਯੂ ਲੋ-ਕਾਸਟ ਆਟੋਮੇਸ਼ਨ ਸੈਂਟਰ ਰਿਹਾ। ਇਸ ਸੈਂਟਰ ’ਚ ਐੱਮਐੱਸਐੱਮਈ ਇਕਾਈਆਂ ਲਈ ਘੱਟ ਲਾਗਤ ਵਿੱਚ ਆਟੋਮੇਸ਼ਨ ਅਪਣਾਉਣ ਦੇ ਵਿਹਾਰਕ ਹੱਲ ਪ੍ਰਦਰਸ਼ਿਤ ਕੀਤੇ ਗਏ। ਉਦਯੋਗਿਕ ਦਰਸ਼ਕਾਂ ਨੇ ਇਨ੍ਹਾਂ ਹੱਲਾਂ ’ਚ ਖਾਸ ਦਿਲਚਸਪੀ ਦਿਖਾਈ। ਸੀਆਈਸੀਯੂ ਵੱਲੋਂ ਦੱਸਿਆ ਗਿਆ ਕਿ ਛੋਟੀਆਂ ਤੇ ਦਰਮਿਆਨੇ ਆਕਾਰ ਦੀਆਂ ਇਕਾਈਆਂ ਵੱਡੇ ਨਿਵੇਸ਼ ਤੋਂ ਬਿਨਾਂ ਆਟੋਮੇਸ਼ਨ ਰਾਹੀਂ ਉਤਪਾਦਕਤਾ, ਗੁਣਵੱਤਾ ਅਤੇ ਕੰਮ-ਕਾਜੀ ਕੁਸ਼ਲਤਾ ਵਿੱਚ ਸੁਧਾਰ ਕਰ ਸਕਦੀਆਂ ਹਨ।
ਪ੍ਰਦਰਸ਼ਨੀ ਦੌਰਾਨ ਤਕਨਾਲੋਜੀ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਨੂੰ ਸਿੱਧੇ ਤੌਰ ’ਤੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਉਦਯੋਗਾਂ ਦੀਆਂ ਜ਼ਮੀਨੀ ਲੋੜਾਂ ਮੁਤਾਬਕ ਆਟੋਮੇਸ਼ਨ, ਡਿਜੀਟਲ ਟਰਾਂਸਫਾਰਮੇਸ਼ਨ, ਉਤਪਾਦਕਤਾ ਵਧਾਉਣ ਅਤੇ ਆਧੁਨਿਕ ਮੈਨੂਫੈਕਚਰਿੰਗ ਨਾਲ ਸਬੰਧਤ ਹੱਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਟੈਕ ਸ਼ੋਅ ਦੇ ਨਾਲ-ਨਾਲ ਸੀਆਈਸੀਯੂ ਵੱਲੋਂ ਤਕਨੀਕੀ ਅਤੇ ਗਿਆਨ-ਵਟਾਂਦਰਾ ਸੈਸ਼ਨ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਆਧੁਨਿਕ ਮੈਨੂਫੈਕਚਰਿੰਗ ਪ੍ਰਥਾਵਾਂ, ਲੀਨ ਮੈਨੇਜਮੈਂਟ, ਤਕਨਾਲੋਜੀ ਅਤੇ ਉੱਦਮਸ਼ੀਲਤਾ ਵਰਗੇ ਵਿਸ਼ਿਆਂ ’ਤੇ ਮਾਹਿਰਾਂ ਨੇ ਵਿਚਾਰ ਸਾਂਝੇ ਕੀਤੇ।
ਸੈਸ਼ਨਾਂ ਵਿੱਚ ਨਰਿੰਦਰ ਸਿੰਘ ਜੱਸਲ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐਸਆਈਆਰ-ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (ਸੀਐਸਆਈਓ), ਪ੍ਰਤਾਪ ਕ੍ਰਿਸ਼ਨ ਅਗਰਵਾਲ, ਮੈਂਬਰ,ਨਾਸਕੌਮ ਐਸਐਮਈ ਕੌਂਸਲ ਤੇ ਡਾਇਰੈਕਟਰ, ਸਪੇਸ ਫੈਸ਼ਨਜ਼ ਲਿਮਟਿਡ, ਸੁਮੇਧ ਸਚਦੇਵ, ਜਨਰਲ ਸਕੱਤਰ, ਟਾਈ ਚੰਡੀਗੜ੍ਹ, ਯਾਸੁਮੀ ਸੁਜ਼ੂਕੀ, ਇੰਡੋ-ਜਾਪਾਨ ਬਿਜ਼ਨਸ ਕੰਸਲਟੈਂਟ ਤੇ ਮੈਂਟਰ ਅਤੇ ਰਾਕੇਸ਼ ਅਤਰੇ, ਵਾਈਸ ਪ੍ਰੈਜ਼ੀਡੈਂਟ-ਬਿਜ਼ਨਸ ਐਕਸੀਲੈਂਸ, ਮੁੰਜਾਲ ਸ਼ੋਵਾ ਲਿਮਟਿਡ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਵਿਸ਼ੇਸ਼ ਬੀਐਨਜੀ ਅਤੇ ਵਾਈਬੀਐਲਐਫ਼ ਮੀਟਿੰਗ ਨੂੰ ਕੁਨਾਲ ਪ੍ਰੂਥੀ ਨੇ ਸੰਬੋਧਨ ਕੀਤਾ।