
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋਕਲ 4 ਨੰਬਰ ਬੌਟਮ-ਬਹਾਦਰ ਕੇ ਰੋਡ ਨਵੀਂ ਸਬਜ਼ੀ ਮੰਡੀ 'ਚ 100 ਤੋਂ ਵੱਧ ਨਾਜਾਇਜ਼ ਕਬਜ਼ੇ

-ਨਾਜਾਇਜ਼ ਕਬਜ਼ਾ ਧਾਰਕ ਮੰਡੀ ਐਕਟ ਦੀਆਂ ਉਡਾ ਰਹੇ ਨੇ ਧੱਜੀਆਂ
ਫ਼ੋਟੋ ਨੰਬਰ-34, 35, 36
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਬਹਾਦਰ ਕੇ ਰੋਡ ਸਥਿਤ ਨਵੀਂ ਸਬਜ਼ੀ ਮੰਡੀ 'ਚ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾਜਾਇਜ਼ ਕਬਜ਼ਿਆਂ ਦਾ ਬੋਲਬਾਲਾ ਹੈ। ਮੰਡੀ ਅੰਦਰ ਬਣੇ ਸ਼ੈਡਾਂ ਨਾਲ ਲੱਗਦੇ ਰੈਂਪਾਂ ਤੇ ਫਰੂਟ ਮੰਡੀ ਕੋਲ ਹਾਈਟੈਂਸ਼ਨ ਤਾਰਾਂ ਹੇਠਾਂ ਫਡ਼੍ਹੀਆਂ ਵਾਲਿਆਂ ਤੋਂ ਬੇਖੌਫ ਵਸੂਲੀ ਚੱਲ ਰਹੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਵਸੂਲੀ ਆਖਰ ਕਿਸ ਦੀ ਜੇਬ 'ਚ ਜਾ ਰਹੀ ਹੈ। ਸੂਤਰਾਂ ਮੁਤਾਬਕ ਮੰਡੀ ’ਚ ਕਰੀਬ 100 ਤੋਂ ਵੱਧ ਨਾਜਾਇਜ਼ ਕਬਜ਼ੇ ਮੌਜੂਦ ਹਨ। ਮੰਡੀ ਐਕਟ ਮੁਤਾਬਕ ਰੈਂਪਾਂ 'ਤੇ ਫੜ੍ਹੀ ਲਾਉਣਾ ਵੀ ਨਾਜਾਇਜ਼ ਹੈ ਪਰ ਇੱਥੇ ਰੈਂਪਾਂ 'ਤੇ ਕਬਜ਼ੇ ਹੋਣ ਕਾਰਨ ਆੜ੍ਹਤੀਆਂ ਤੇ ਵਾਹਨ ਚਾਲਕਾਂ ਨੂੰ ਵਾਹਨ ਖੜ੍ਹੇ ਕਰਨ ਲਈ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕਾਨੂੰਨੀ ਤੌਰ 'ਤੇ ਇਹ ਰੈਂਪ ਮਾਰਕੀਟ ਵੱਲੋਂ ਪਾਰਕਿੰਗ ਤੇ ਮਾਲ ਉਤਾਰਨ ਲਈ ਬਣਾਏ ਗਏ ਸਨ, ਪਰੰਤੂ ਹੁਣ ਇਹ ਰੈਂਪ ਸਬਜ਼ੀਆਂ ਵੇਚਣ ਲਈ ਇਸਤੇਮਾਲ ਹੋਣ ਲੱਗ ਪਏ ਹਨ। ਇਸ ਕਾਰਨ ਬਾਹਰ ਸੜਕ 'ਤੇ ਵਾਹਨ ਖੜ੍ਹੇ ਕਰਨੇ ਪੈਂਦੇ ਹਨ, ਜਿੱਥੇ ਕਈ ਵਾਹਨਾਂ ਦੇ ਚੋਰੀ ਹੋਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ।
ਮੰਡੀ ਬੋਰਡ ਐਕਟ ਮੁਤਾਬਕ ਕਮੇਟੀ ਕੋਲ ਨਾਜਾਇਜ਼ ਕਬਜ਼ੇ ਹਟਾਉਣ ਦਾ ਅਧਿਕਾਰ ਹੈ। ਜੇਕਰ ਕੋਈ ਲਾਈਸੈਂਸ ਧਾਰਕ ਆੜ੍ਹਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਕਮੇਟੀ ਉਸ ਦਾ ਲਾਈਸੈਂਸ ਰੱਦ ਕਰ ਸਕਦੀ ਹੈ, ਜੁਰਮਾਨਾ ਲਗਾ ਸਕਦੀ ਹੈ ਤੇ ਕਾਨੂੰਨੀ ਕਾਰਵਾਈ ਕਰ ਸਕਦੀ ਹੈ। ਨਾਲ ਹੀ ਮਾਰਕੀਟ ਕਮੇਟੀ ਨਾਜਾਇਜ਼ ਥਾਂ 'ਤੇ ਲੱਗੀ ਫੜ੍ਹ ਤੋਂ ਕੋਈ ਕਿਰਾਇਆ ਵੀ ਨਹੀਂ ਵਸੂਲ ਸਕਦੀ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਿਕਾਇਤਕਰਤਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ, ਵਿਜੀਲੈਂਸ ਤੇ ਹੋਰ ਵਿਭਾਗਾਂ 'ਚ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਇਹ ਹੈ ਕਿ ਜਾਂਚ ਦੇ ਨਾਂ 'ਤੇ ਇਹ ਮਾਮਲਾ ਦਬਾ ਦਿੱਤਾ ਜਾਂਦਾ ਹੈ ਜਾਂ ਫਿਰ ਮੰਡੀ ਨੂੰ ਕਬਜ਼ਾ ਮੁਕਤ ਕਰਵਾਇਆ ਜਾਂਦਾ ਹੈ।
-4-5 ਸਾਲ ਪਹਿਲਾਂ ਹੋਈ ਸੀ ਵੱਡੀ ਕਾਰਵਾਈ
ਇਹ ਮੁੱਦਾ ਨਵਾਂ ਨਹੀਂ ਹੈ। ਕਰੀਬ 4-5 ਸਾਲ ਪਹਿਲਾਂ ਉਸ ਸਮੇਂ ਦੇ ਡੀਐੱਮਓ ਬੀਰਇੰਦਰ ਸਿੰਘ ਵੱਲੋਂ ਲਾਮ-ਲਸ਼ਕਰ ਨਾਲ ਇਹਨਾਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ ਸੀ। ਪਰ ਹੁਣ ਫਿਰ ਤੋਂ ਇਨ੍ਹਾਂ ਦੀ ਭਰਮਾਰ ਹੋ ਗਈ ਹੈ। ਕੁਝ ਆੜ੍ਹਤੀ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਡੀਐੱਮਓ ਵਾਲੀ ਕਾਰਵਾਈ ਮੁੜ ਹੋਵੇ ਤੇ ਰੈਂਪਾਂ ਨੂੰ ਖਾਲੀ ਕਰਵਾਇਆ ਜਾਵੇ।
-ਨਾਜਾਇਜ਼ ਕਬਜ਼ਿਆਂ ਦੀ ਜਾਂਚ ਕਰਵਾਵਾਂਗੇ-ਖੰਗੂੜਾ
ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕਰਵਾਈ ਜਾਵੇਗੀ। ਰੈਂਪ 'ਤੇ ਲੱਗੀਆਂ ਫੜ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਚੈਕਿੰਗ ਕਰਵਾ ਕੇ ਦੱਸਿਆ ਜਾਵੇਗਾ।