ਕਰਿਆਨਾ ਦੁਕਾਨ ਦੇ ਗੱਲੇ ’ਚੋਂ ‘ਨੋਟਾਂ’ ਦਾ ਥੱਬਾ ਚੁੱਕਣ ਵਾਲਿਆਂ ’ਚੋਂ ਇੱਕ ਕਾਬੂ ਕਰਿਆਨਾ ਦੁਕਾਨ ਦੇ ਗੱਲੇ ਵਿਚੋਂ ‘ਨੋਟਾਂ’ ਦਾ ਥੱਬਾ ਚੁੱਕਣ ਵਾਲਿਆਂ ’ਚੋਂ ਇੱਕ ਕਾਬੂ
Publish Date: Tue, 18 Aug 2026 08:44 PM (IST)
Updated Date: Wed, 19 Aug 2026 04:04 AM (IST)
ਦੋ ਫਰਾਰ ਸਾਥੀਆਂ ਦੀ ਭਾਲ ’ਚ ਛਾਪਾਮਾਰੀ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਡਿਸਪੋਜ਼ਲ ਰੋਡ ਸਥਿਤ ਕ੍ਰਿਸ਼ਨਾ ਡਿਪਾਰਟਮੈਂਟਲ ਸਟੋਰ ’ਤੇ ਸਾਮਾਨ ਲੈਣ ਬਹਾਨੇ 6 ਦਿਨ ਪਹਿਲਾਂ ਆਈ ਤਿਕੜੀ ਦੇ ਗੱਲੇ ਵਿਚੋਂ ਨੋਟਾਂ ਦਾ ਗੱਫਾ ਭਰਕੇ ਲੈ ਜਾਣ ਵਾਲਿਆਂ ’ਚ ਇੱਕ ਜਗਰਾਓਂ ਥਾਣਾ ਸਿਟੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਵਰਣਨਯੋਗ ਹੈ ਕਿ ਸਥਾਨਕ ਡਿਸਪੋਜ਼ਲ ਰੋਡ ਤੇ ਸਥਿਤ ਕ੍ਰਿਸ਼ਨਾ ਡਿਪਾਰਟਮੈਂਟਲ ਸਟੋਰ ਵਿਖੇ ਬੀਤੀ 12 ਅਗਸਤ ਨੂੰ ਸਵੇਰੇ ਕਰੀਬ 10 ਵਜੇ 3 ਨੌਜਵਾਨ ਆਏ ਅਤੇ ਸਟਿੰਗ (ਅਨਰਜੀ ਡਰਿੰਕ) ਮੰਗਿਆ। ਜਿਸ ’ਤੇ ਦੁਕਾਨ ’ਤੇ ਲੱਗਾ ਮੁਲਾਜ਼ਮ ਫਰਿੱਜ ਵਿਚੋਂ ਸਟਿੰਗ ਕੱਢਣ ਚਲਾ ਗਿਆ। ਇੰਨੇ ਵਿਚ ਦੋ ਨੌਜਵਾਨ ਦੁਕਾਨ ਦੇ ਅੰਦਰ ਆ ਗਏ ਅਤੇ ਉਨ੍ਹਾਂ ਵਿਚੋਂ ਇੱਕ ਨੇ ਦੁਕਾਨ ਦਾ ਗੱਲਾ ਖੋਲਿ੍ਹਆ ਅਤੇ ਨੋਟਾਂ ਦਾ ਥੱਬਾ ਭਰ ਕੇ ਦੋਵੇਂ ਬਾਹਰ ਮੋਟਰਸਾਈਕਲ’ਤੇ ਖੜ੍ਹੇ ਤੀਸਰੇ ਸਾਥੀ ਨਾਲ ਫ਼ਰਾਰ ਹੋ ਗਏ। ਘਟਨਾ ਮੌਕੇ ਦੁਕਾਨ ਦਾ ਮਾਲਕ ਵਿਕਾਸ ਸਿੰਗਲਾ ਪੁੱਤਰ ਕਸ਼ਮੀਰੀ ਲਾਲ ਵਾਸੀ ਗਲੀ ਨੰਬਰ 3, ਸ਼ਾਸਤਰੀ ਨਗਰ ਮੌਜੂਦ ਨਹੀਂ ਸੀ। ਜਿਸ ’ਤੇ ਮੁਲਾਜ਼ਮ ਨੇ ਘਟਨਾ ਦੀ ਜਾਣਕਾਰੀ ਵਿਕਾਸ ਸਿੰਗਲਾ ਨੂੰ ਦੱਸੀ। ਉਨ੍ਹਾਂ ਸੀਸੀਟੀਵੀ ਕੈਮਰਾ ਖੰਗਾਲਿਆ ਤਾਂ ਉਸ ਵਿਚ ਕੈਦ ਹੋਈ ਸਾਰੀ ਘਟਨਾ ਸਾਹਮਣੇ ਆ ਗਈ। ਇਸ ’ਤੇ ਜਗਰਾਓਂ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਗਰਾਓਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਗੁਰਜੀਤ ਸਿੰਘ ਅਤੇ ਪੁਲਿਸ ਪਾਰਟੀ ਨੇ ਸੀਸੀਟੀਵੀ ਫੁਟੇਜ ਖੰਗਾਲਦਿਆਂ ਇਸ ਘਟਨਾ ਵਿਚ ਸ਼ਾਮਲ ਗਗਨਦੀਪ ਸਿੰਘ ਉਰਫ ਕਾਲੀ ਪੁੱਤਰ ਕੇਵਲ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਓਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਉਸ ਦੇ ਫਰਾਰ ਸਾਥੀਆਂ ਗੁਰਪ੍ਰੀਤ ਸਿੰਘ ਗੈਵੀ ਪੁੱਤਰ ਪੱਪੀ ਵਾਸੀ ਅਗਵਾੜ ਖੁਆਜਾ ਬਾਜੂ ਅਤੇ ਬਿੱਲਾ ਵਾਸੀ ਨਾਨਕ ਨਗਰੀ ਥੇਹ ਜਗਰਾਓਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।