ਸਾਵਣ ਕਿਰਪਾਲ ਰੂਹਾਨੀ ਮਿਸ਼ਨ ਨੇ ਲਾਈ ਠੰਢੇ ਮਿੱਠੇ ਜਲ ਦੀ ਛਬੀਲ
ਸੰਤ ਦਰਸ਼ਨ ਸਿੰਘ ਜੀ ਮਹਾਰਾਜ ਦੀ 37ਵੀਂ ਵਰ੍ਹੇਗੰਢ ਮੌਕੇ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਵੱਲੋਂ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ
Publish Date: Sun, 31 May 2026 10:24 PM (IST)
Updated Date: Mon, 01 Jun 2026 04:15 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਦੀ 37ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਭਾਮੀਆਂ ਕਲਾਂ ਸਥਿਤ ਕਿਰਪਾਲ ਆਸ਼ਰਮ ਸ਼ਾਖਾ ਵੱਲੋਂ ਲੋਕ ਭਲਾਈ ਦੀ ਸੇਵਾ ਨੂੰ ਸਮਰਪਿਤ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹ ਛਬੀਲ ਤਾਜਪੁਰ ਰੋਡ ਸਥਿਤ ਹੁੰਦਲ ਚੌਕ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਈ ਗਈ, ਜਿੱਥੇ ਸੈਂਕੜਿਆਂ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੇ ਠੰਡਾ ਮਿੱਠਾ ਜਲ ਪੀ ਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਮਿਸ਼ਨ ਦੇ ਸੇਵਾਦਾਰਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਤੇਜ਼ ਧੁੱਪ ਅਤੇ ਉੱਚ ਤਾਪਮਾਨ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ, ਜਿਸ ਕਾਰਨ ਠੰਡੇ ਅਤੇ ਸਾਫ਼ ਪਾਣੀ ਦੀ ਸੇਵਾ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੀ ਹੈ। ਇਸੇ ਮਕਸਦ ਨਾਲ ਮਿਸ਼ਨ ਵੱਲੋਂ ਇਹ ਛਬੀਲ ਲਗਾ ਕੇ ਮਨੁੱਖਤਾ ਦੀ ਸੇਵਾ ਕੀਤੀ ਗਈ।
ਕਿਰਪਾਲ ਆਸ਼ਰਮ ਭਾਮੀਆਂ ਕਲਾਂ ਦੇ ਸਕੱਤਰ ਪਰਵੀਨ ਸਿੰਗਲਾ ਨੇ ਦੱਸਿਆ ਕਿ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਮਿਸ਼ਨ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਦਿੱਲੀ ਦੇ ਪ੍ਰਮੁੱਖ ਸਥਾਨਾਂ 'ਤੇ ਵੀ ਛਬੀਲਾਂ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮਿਸ਼ਨ ਹਮੇਸ਼ਾ ਸਮਾਜ ਸੇਵਾ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਵਿੱਚ ਅਗਵਾਈ ਕਰਦਾ ਆ ਰਿਹਾ ਹੈ।
ਸ਼ਾਖਾ ਦੇ ਪ੍ਰਧਾਨ ਰਾਕੇਸ਼ ਗੁਗਲਾਨੀ ਨੇ ਦੱਸਿਆ ਕਿ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਨੇ 1974 ਵਿੱਚ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸਥਾਪਨਾ ਕਰਕੇ ਸੰਤ ਮੱਤ ਦੀਆਂ ਸਿੱਖਿਆਵਾਂ ਨੂੰ ਸਰਲ ਰੂਪ ਵਿੱਚ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਦੀਆਂ ਰੂਹਾਨੀ ਸਿੱਖਿਆਵਾਂ ਅਤੇ ਉਰਦੂ-ਫਾਰਸੀ ਗ਼ਜ਼ਲਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਮਿਸ਼ਨ ਦੀ ਅਗਵਾਈ ਸੰਭਾਲੀ ਅਤੇ ਅੱਜ ਵੀ ਦੁਨੀਆ ਭਰ ਵਿੱਚ ਪਿਆਰ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਿਸ਼ਨ ਵੱਲੋਂ ਖੂਨਦਾਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ, ਮੋਤੀਆਬਿੰਦ ਆਪ੍ਰੇਸ਼ਨ ਕੈਂਪ, ਲੋੜਵੰਦਾਂ ਨੂੰ ਵ੍ਹੀਲਚੇਅਰਾਂ ਅਤੇ ਹੋਰ ਸਹਾਇਕ ਉਪਕਰਣਾਂ ਦੀ ਵੰਡ ਸਮੇਤ ਕਈ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਵੋਕੇਸ਼ਨਲ ਸਿਖਲਾਈ ਕੇਂਦਰਾਂ ਰਾਹੀਂ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇ ਕੇ ਆਤਮਨਿਰਭਰ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਮਿਸ਼ਨ ਦੇ ਇਹ ਉਪਰਾਲੇ ਮਨੁੱਖਤਾ ਦੀ ਸੇਵਾ ਅਤੇ ਸਮਾਜਿਕ ਭਲਾਈ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।