ਗੋਪਾਸ਼ਟਮੀ ਮੌਕੇ ਪ੍ਰਭੂ ਸ਼੍ਰੀ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਗਊ ਮਾਤਾ ਦੀ ਪੂਜਾ-ਅਰਚਨਾ ਕਰ ਕੇ ਲਿਆ ਆਸ਼ੀਰਵਾਦ ਗੋਪਾਸ਼ਟਮੀ ਮੌਕੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਗਊ ਮਾਤਾ ਦੀ ਪੂਜਾ-ਅਰਚਨਾ ਕਰਕੇ ਲਿਆ ਆਸ਼ੀਰਵਾਦ
Publish Date: Tue, 17 Nov 2026 06:26 PM (IST)
Updated Date: Tue, 17 Nov 2026 06:27 PM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਗੋਪਾਸ਼ਟਮੀ ਦੇ ਪਵਿੱਤਰ ਮੌਕੇ ’ਤੇ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਰਜਿ. ਖੰਨਾ ਦੇ ਮੈਂਬਰਾਂ ਵੱਲੋਂ ਗਊ ਸੇਵਾ ਤੇ ਧਾਰਮਿਕ ਆਸਥਾ ਦੀ ਸੁੰਦਰ ਮਿਸਾਲ ਪੇਸ਼ ਕੀਤੀ ਗਈ। ਕਮੇਟੀ ਦੇ ਮੈਂਬਰਾਂ ਨੇ ਆਪਣੀ ਟੀਮ ਸਮੇਤ ਸਵੇਰੇ ਗੌਰੀ ਸ਼ੰਕਰ ਗਊਸ਼ਾਲਾ ਬਘੌਰ ਖੰਨਾ ਵਿਖੇ ਪਹੁੰਚ ਕੇ ਵਿਧੀ-ਵਿਧਾਨ ਨਾਲ ਗਊ ਮਾਤਾ ਦੀ ਪੂਜਾ-ਅਰਚਨਾ ਕੀਤੀ। ਇਸ ਦੌਰਾਨ ਮੈਂਬਰਾਂ ਨੇ ਗਊ ਮਾਤਾ ਨੂੰ ਤਿਲਕ ਲਗਾ ਕੇ ਪੂਜਾ ਕੀਤੀ ਅਤੇ ਹਰਾ ਚਾਰਾ ਖੁਆ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੰਡਿਤ ਚੰਡੀ ਪ੍ਰਸਾਦ ਨੇ ਗੋਪਾਸ਼ਟਮੀ ਦੇ ਧਾਰਮਿਕ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਨਾਤਨ ਧਰਮ ’ਚ ਗਊ ਮਾਤਾ ਨੂੰ ਪੂਜਨੀਕ ਸਥਾਨ ਪ੍ਰਾਪਤ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਗਊ ਮਾਤਾ ’ਚ ਸਮੂਹ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ। ਗਊ ਮਾਤਾ ਦੀ ਸ਼ਰਧਾਪੂਰਵਕ ਪੂਜਾ ਤੇ ਸੇਵਾ ਕਰਨ ਨਾਲ ਮਨੁੱਖ ਨੂੰ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ। ਗਊ ਸੇਵਾ ਨਾਲ ਜੀਵਨ ਵਿੱਚ ਸੁੱਖ-ਸ਼ਾਂਤੀ, ਪਰਿਵਾਰ ’ਚ ਸੁੱਖ-ਸਮ੍ਰਿੱਧੀ ਅਤੇ ਸਕਾਰਾਤਮਕਤਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਗਊ ਮਾਤਾ ਨੂੰ ਹਰਾ ਚਾਰਾ ਖੁਆਉਣਾ, ਉਨ੍ਹਾਂ ਦੀ ਦੇਖਭਾਲ ਕਰਨਾ ਤੇ ਬਿਮਾਰ ਤੇ ਬੇਸਹਾਰਾ ਗਊਵੰਸ਼ ਦੀ ਸੇਵਾ ਕਰਨਾ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ। ਗਊ ਸੇਵਾ ਸਿਰਫ਼ ਧਾਰਮਿਕ ਪਰੰਪਰਾ ਹੀ ਨਹੀਂ, ਸਗੋਂ ਮਨੁੱਖਤਾ ਤੇ ਜੀਵਾਂ ਪ੍ਰਤੀ ਦਇਆ ਭਾਵਨਾ ਦਾ ਵੀ ਪ੍ਰਤੀਕ ਹੈ। ਉਨ੍ਹਾਂ ਸਾਰਿਆਂ ਨੂੰ ਗਊ ਮਾਤਾ ਦੀ ਸੇਵਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਗੌਰੀ ਸ਼ੰਕਰ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਜਿੰਦਰ ਪਾਲ, ਸੀਨੀਅਰ ਮੀਤ ਪ੍ਰਧਾਨ ਦੇਵਿੰਦਰ ਪਾਠਕ, ਗਿਆਨ ਚੰਦ ਬਾਂਸਲ, ਬਲਜੀਤ ਕੁਮਾਰ, ਮਦਨ ਲਾਲ ਮਿੱਤਲ ਸਮੇਤ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਖੰਨਾ ਦੇ ਪ੍ਰਧਾਨ ਸੁਬੋਧ ਮਿੱਤਲ, ਜਨਰਲ ਸਕੱਤਰ ਕਮਲ ਕਪੂਰ, ਸੀਨੀਅਰ ਮੀਤ ਪ੍ਰਧਾਨ ਅਜੈ ਮਿੱਤਲ ਤੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਸਾਰੇ ਮੈਂਬਰਾਂ ਨੇ ਗਊ ਮਾਤਾ ਦੀ ਸੇਵਾ ਕਰਨ ਦਾ ਸੰਕਲਪ ਲੈਂਦਿਆਂ ਕਿਹਾ ਕਿ ਗਊ ਸੇਵਾ ਸਨਾਤਨ ਸੰਸਕ੍ਰਿਤੀ ਦੀ ਇੱਕ ਮਹਾਨ ਪਰੰਪਰਾ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਗਊ ਮਾਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।