- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਮੇਰੇ ਸਤਿਗੁਰੂ ਜੀ, ਤੁਸੀਂ ਦਯਾ ਕਰੋ ਮੈਂ ਗੁਣ ਗਾਵਾਂ ਦਿਨ- ਰਾਤ’

- ਪਿੰਡ ਮਾਣੂੰਕੇ ਵਿਖੇ ਸਾਲਾਨਾ ਪੰਜ ਰੋਜਾ ਸਮਾਗਮ ਹੋਏ ਸੰਪੰਨ
ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਦੇ ਸੱਚਖੰਡ ਵਾਸੀ ਸੰਤ ਬਾਬਾ ਨਾਰਾਇਣ ਸਿੰਘ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੇ ਜੱਦੀ ਪਿੰਡ ਮਾਣੂੰਕੇ ਵਿਖੇ ਪੰਜ ਰੋਜ਼ਾ ਸਾਲਾਨਾ ਸਮਾਗਮ ਸੰਪੰਨ ਹੋਏ। ਇਸ ਤੋਂ ਪਹਿਲਾਂ ਤਪ ਅਸਥਾਨ ਸੰਤ ਬਾਬਾ ਨਾਰਾਇਣ ਸਿੰਘ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਗੁਰਦੁਆਰਾ ਢੰਡਿਆਣਾ ਸਾਹਿਬ ਅਤੇ ਗੁਰਦੁਆਰਾ ਜੌੜੀਆਂ ਸਾਹਿਬ ਵਿਖੇ ਪ੍ਰਕਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਏ ਗਏ। ਸਾਲਾਨਾ ਸਮਾਗਮਾਂ ਦੇ ਅੱਜ ਅਖੀਰਲੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਦੇਸ਼ ਦੁਨੀਆ ਤੋਂ ਸੰਗਤਾਂ ਦਾ ਸਮੁੰਦਰ ਹਾਜ਼ਰੀਆਂ ਭਰਨ ਲਈ ਉਮੜਿਆ।
ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ ਸਾਲਾਨਾ ਸਮਾਗਮਾਂ ’ਚ ਬੀਤੀ ਰਾਤ ਕਰਵਾਏ ਗਏ ਸੰਤ ਸਮਾਗਮ ਵਿੱਚ ਸਿੱਖ ਪੰਥ ਦੀਆਂ ਧਾਰਮਿਕ ਸੰਪਰਦਾਵਾਂ ਦੇ ਮੁਖੀ ਸੰਤਾਂ ਮਹਾਪੁਰਸ਼ਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਇਕ ਮੰਚ ਤੋਂ ਹਰ ਸਿੱਖ ਨੂੰ ਸਿੰਘ ਸੱਜਣ ਦਾ ਹੋਕਾ ਦਿੰਦਿਆਂ ਗੁਰੂ ਸਾਹਿਬਾਨਾਂ ਦੇ ਦਿਖਾਏ ਹੋਏ ਮਾਰਗ ਅਤੇ ਦਿੱਤੇ ਉਪਦੇਸ਼ ’ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਨਗਰ ਕੀਰਤਨ ਦੀ ਸਮਾਪਤੀ ਤੇ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੱਚਖੰਡ ਵਾਸੀ ਸੰਤ ਬਾਬਾ ਨਾਰਾਇਣ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਸੰਤ ਮਹਾਪੁਰਸ਼ ਪਰਮਾਤਮਾ ਅਤੇ ਸੰਗਤਾਂ ਦੇ ਵਿਚਾਲੇ ਵਿਚੋਲੇ ਹੁੰਦੇ ਹਨ। ਜੋ ਸੰਗਤਾਂ ਨੂੰ ਪਰਮਾਤਮਾ ਨਾਲ ਨਾਮ ਸਿਮਰਨ ਰਾਹੀਂ ਜੋੜਦੇ ਹੋਏ ਗੁਰੂ ਲੜ ਲਾਉਂਦੇ ਹਨ। ਸੰਤਾਂ ਮਹਾਪੁਰਸ਼ਾਂ ਦੀ ਡਿਊਟੀ ਹੁੰਦੀ ਹੈ ਕਿ ਸੰਗਤਾਂ ਨੂੰ ਗੁਰੂ ਲੜ ਲਾਉਣ। ਇਸੇ ਡਿਊਟੀ ਨੂੰ ਬਾਖੂਬੀ ਨਿਭਾਉਂਦਿਆਂ ਸੰਤ ਬਾਬਾ ਨਾਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸਮੁੱਚਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਿਮਰਨ ਲੇਖੇ ਲਾਉਂਦਿਆਂ ਸੰਗਤਾਂ ਨੂੰ ਨਾਮ ਜਪਾਇਆ ਅਤੇ ਖੁਦ ਜੱਪਿਆ। ਸਮਾਗਮ ਵਿੱਚ ਪੁੱਜੇ ਸੰਤਾਂ ਮਹਾਪੁਰਸ਼ਾਂ ਧਾਰਮਿਕ ਸ਼ਖ਼ਸੀਅਤਾਂ ਰਾਜਨੀਤਿਕ ਆਗੂਆਂ ਨੂੰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।