ਹੁਣ ਵਿਦਿਆਰਥੀਆਂ ਦੇ ਗੈਰ-ਹਾਜ਼ਰ ਹੋਣ ’ਤੇ ਮਾਪਿਆਂ ਨੂੰ ਜਾਵੇਗਾ ਅਲਰਟ ਮੈਸੇਜ
ਹੁਣ ਵਿਦਿਆਰਥੀਆਂ ਦੇ ਗੈਰਹਾਜ਼ਰ ਹੋਣ 'ਤੇ ਮਾਪਿਆਂ ਨੂੰ ਜਾਵੇਗਾ ਅਲਰਟ ਮੈਸੇਜ
Publish Date: Sun, 29 Mar 2026 07:17 PM (IST)
Updated Date: Mon, 30 Mar 2026 04:09 AM (IST)

ਰਵੀ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਨੂੰ ਘਟਾਉਣ ਅਤੇ ਰੋਜ਼ਾਨਾ ਹਾਜ਼ਰੀ ਦੀ ਮੋਨੀਟਰਿੰਗ ਕਰਨ ਲਈ ਈ- ਪੰਜਾਬ ਪੋਰਟਲ (ਐੱਮਆਈਐੱਸ 2.0) ਅਧੀਨ ਹਾਜ਼ਰੀ ਮਡਿਊਲ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਬਣਾਏ ਗਏ ਨਵੇਂ ਮਡਿਊਲ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਰਾਜ, ਜ਼ਿਲ੍ਹਾ, ਬਲਾਕ ਪੱਧਰ ’ਤੇ ਟ੍ਰੇਨਿੰਗ ਕੀਤੀਆਂ ਗਈਆਂ ਹਨ ਤੇ ਇਸ ਮਡਿਊਲ ਸਬੰਧੀ ਹਦਾਇਤਾਂ ਤੁਰੰਤ ਪ੍ਰਭਾਵ ਤੋਂ ਸਰਕਾਰੀ ਸਕੂਲਾਂ ’ਚ ਲਾਗੂ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਮਡਿਊਲ ਦੇ ਨਿਯਮਾਂ ਮੁਤਾਬਕ ਸਕੂਲ ਮੁਖੀ ਨੂੰ ਰੋਜ਼ਾਨਾ ਸਕੂਲ ਖੁੱਲ੍ਹਣ ਦੇ 2 ਘੰਟਿਆਂ ਦੇ ਅੰਦਰ ਈ-ਪੰਜਾਬ ਪੋਰਟਲ (ਐੱਮਆਈਐੱਸ 2.0) ’ਤੇ ਆਪਣੀ ਸਕੂਲ ਦੀਆਂ ਸਾਰੀਆਂ ਸ਼੍ਰੇਣੀਆਂ ਦੀ ਪੂਰੀ ਤੇ ਸਹੀ ਹਾਜ਼ਰੀ ਲਾਉਣਾ ਲਾਜ਼ਮੀ ਹੋਵੇਗਾ। ਮਡਿਊਲ ਮੁਤਾਬਕ ਜੇਕਰ ਸਕੂਲ ਵੱਲੋਂ ਕਿਸੇ ਵਿਦਿਆਰਥੀ ਨੂੰ ਗੈਰ-ਹਾਜ਼ਰ ਕੀਤਾ ਜਾਵੇਗਾ ਤਾਂ ਗੈਰ-ਹਾਜ਼ਰ ਵਿਦਿਆਰਥੀ ਦੇ ਮਾਪਿਆਂ ਨੂੰ ਇਸ ਸਬੰਧੀ ਐੱਸਐੱਮਐੱਸ ਅਲਰਟ ਭੇਜੇ ਜਾਣਗੇ। ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵੱਲੋਂ ਹਾਜ਼ਰੀ ਮਿਡਲ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਮੇਂ-ਸਮੇਂ ’ਤੇ ਚੈੱਕ ਕੀਤਾ ਜਾਵੇਗਾ। ਇਸ ਕਰ ਕੇ ਸਬੰਧਿਤ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਹਦਾਇਤਾਂ ਦੀਆਂ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬਾਕਸ-- ਜ਼ਿਲ੍ਹਾ ਸਿੱਖਿਆ ਅਫਸਰਾਂ ਲਈ ਹਦਾਇਤਾਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਆਪਣੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਹਾਜ਼ਰੀ ਮਡਿਊਲ ਦੀ ਮੋਨੀਟਰਿੰਗ ਕਰਦੇ ਹੋਏ ਇਸ ਨੂੰ ਲਾਗੂ ਕਰਵਾਉਣਗੇ ਤੇ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣਗੇ। ਹਾਜ਼ਰੀ ਮਿਡਲ ਨਾਲ ਸਬੰਧਤ ਕਿਸੇ ਵੀ ਤਕਨੀਕੀ ਸਮੱਸਿਆ ਨੂੰ ਤੁਰੰਤ ਬਲਾਕ ਜ਼ਿਲ੍ਹਾ ਤੇ ਰਾਜ ਪੱਧਰ ਦੇ ਐੱਮਆਈਐੱਸ ਕੋ-ਆਰਡੀਨੇਟਰ ਨੂੰ ਸੁਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਹੱਲ ਕੀਤਾ ਜਾ ਸਕੇ। ਬਾਕਸ-- ਸਕੂਲ ਮੁਖੀ ਹੋਵੇਗਾ ਈ-ਪੰਜਾਬ ਪੋਰਟਲ ਦਾ ਨੋਡਲ ਅਫਸਰ ਤੇ ਇਹ ਜ਼ਿੰਮੇਵਾਰੀ ਕਰੇਗਾ ਪੂਰੀ ਸਕੂਲ ਮੁਖੀ ਅਧਿਆਪਕਾਂ ਵੱਲੋਂ ਰੋਜ਼ਾਨਾ ਸਮੇਂ ਸਮੇਂ ਸਿਰ ਸਹੀ ਹਾਜ਼ਰੀ ਦਰਜ ਕਰਵਾਉਣਾ ਯਕੀਨੀ ਬਣਾਉਣਗੇ। ਮਾਪਿਆ ਦੇ ਮੋਬਾਈਲ ਨੰਬਰ ਨੂੰ ਐੱਮਆਈਐੱਸ 2.0 ਤੇ ਸਹੀ ਅਪਡੇਟ ਕਰਨ ਦੀ ਜ਼ਿੰਮੇਵਾਰੀ। ਮਾਪਿਆਂ ਨੂੰ ਹਾਜ਼ਰੀ ਸਬੰਧੀ ਐੱਸਐੱਮਐੱਸ ਅਲਰਟ ਪ੍ਰਣਾਲੀ ਬਾਰੇ ਜਾਣਕਾਰੀ ਦੇਣਾ। ਲਗਾਤਾਰ ਗੈਰ-ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਮਾਮਲਿਆਂ ਸਬੰਧੀ ਲੋੜੀਂਦੀ ਕਾਰਵਾਈ ਕਰਨਾ।