ਹੜਤਾਲ ਖ਼ਤਮ, ਲੁਧਿਆਣਾ ’ਚ ਮੁੜ ਪਟੜੀ ’ਤੇ ਆਉਣਗੀਆਂ ਸਫ਼ਾਈ ਸੇਵਾਵਾਂ ਨੋਟ:ਫਾਈਲ ਨੰਬਰ 28 ਰੱਦ ਕਰਕੇ ਇਹ ਖ਼ਬਰ ਲਗਾ ਦੇਣਾ ਜੀ।
Publish Date: Sat, 01 Aug 2026 10:19 PM (IST)
Updated Date: Sat, 01 Aug 2026 10:22 PM (IST)
ਸਥਾਨਕ ਸਰਕਾਰਾਂ ਮੰਤਰੀ ਬੈਂਸ ਨਾਲ ਮੀਟਿੰਗ ਤੋਂ ਬਾਅਦ ਸੰਘਰਸ਼ ਕਮੇਟੀ ਨੇ ਕੀਤਾ ਐਲਾਨ ਕੂੜਾ ਚੁੱਕਣ ਦਾ ਕੰਮ ਸ਼ੁਰੂ, 24 ਘੰਟੇ ’ਚ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਦੁਆਇਆ ਭਰੋਸਾ ਪੁਨੀਤ ਬਾਵਾ/ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਦੀ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਆਖ਼ਿਰਕਾਰ ਖ਼ਤਮ ਹੋ ਗਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਪ੍ਰਸ਼ਾਸਨ ਤੇ ਕਰਮਚਾਰੀ ਨੁਮਾਇੰਦਿਆਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਸਫ਼ਾਈ ਪ੍ਰਬੰਧ ਪ੍ਰਭਾਵਿਤ ਹੋਏ ਅਤੇ ਕੂੜੇ ਦੇ ਢੇਰ ਲੱਗਣ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਖ਼ਤਮ ਹੋਣ ਨਾਲ ਹੁਣ ਸਫ਼ਾਈ ਸੇਵਾਵਾਂ ਦੇ ਮੁੜ ਰਫ਼ਤਾਰ ਫੜਨ ਦੀ ਉਮੀਦ ਹੈ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਜਮ੍ਹਾਂ ਹੋਏ ਕੂੜੇ ਨੂੰ ਤਰਜੀਹ ਦੇ ਆਧਾਰ ’ਤੇ ਚੁੱਕਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੰਤਰੀ ਬੈਂਸ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚੋਂ ਕੂੜਾ ਚੁੱਕਣ ਦਾ ਕੰਮ ਚਾਲੂ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ 24 ਘੰਟਿਆਂ ਵਿੱਚ ਸ਼ਹਿਰ ਨੂੰ ਕੂੜਾ ਮੁਕਤ ਕਰ ਦਿੱਤਾ ਜਾਵੇਗਾ। ਮੀਟਿੰਗ ’ਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੰਘਰਸ਼ ਕਮੇਟੀ ਵੱਲੋਂ ਨਰੇਸ਼ ਧੀਂਗਾਨ, ਚੌਧਰੀ ਯਸ਼ਪਾਲ ਆਦਿ ਹਾਜ਼ਰ ਸਨ। ਬਰਨਾਲਾ ਵਿਖੇ ਸਫ਼ਾਈ ਮੁਲਾਜ਼ਮਾਂ ਉੱਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਮਹਾਂਨਗਰ ਦੇ ਸਫ਼ਾਈ ਮੁਲਾਜ਼ਮਾਂ, ਸੀਵਰਮੈਨਾਂ, ਮਾਲੀਆਂ, ਬੇਲਦਾਰਾਂ ਅਤੇ ਡਰਾਈਵਰਾਂ ਸਮੇਤ ਨਿਗਮ ਮੁਲਾਜ਼ਮ ਸ਼ਨਿਚਰਵਾਰ ਵਾਲੇ ਦਿਨ ਵੀ ਹੜਤਾਲ ਰਹੇ ਅਤੇ ਇਸ ਦੌਰਾਨ ਨਿਗਮ ਮੁਲਾਜ਼ਮਾਂ ਵਲੋਂ ਨਗਰ ਨਿਗਮ ਜ਼ੋਨ ਏ ਵਿਖੇ ਸੰਘਰਸ਼ ਕਮੇਟੀ ਲੁਧਿਆਣਾ ਦੇ ਸੀਨੀਅਰ ਨਰੇਸ਼ ਧੀਂਗਾਨ ਤੇ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਇਸ ਪ੍ਰਦਰਸ਼ਨ ਵਿਚ ਅੰਬੇਡਕਰ ਸੈਨਾ ਦੇ ਪ੍ਰਧਾਨ ਬੰਸੀ ਲਾਲ ਪੇ੍ਰਮੀ, ਕ੍ਰਿਸ਼ਚੀਅਨ ਯੂਨਾਇਟ ਫਰੰਟ ਦੇ ਪ੍ਰਧਾਨ ਐਲਬਰਟ ਦੂਆ ਤੇ ਕੌਂਸਲਰ ਰੋਹਿਤ ਸਿੱਕਾ ਸਮੇਤ ਕਈ ਆਗੂਆਂ ਨੇ ਇਸ ਹੜਤਾਲ ਨੂੰ ਸਮਰਥਨ ਦਿੱਤਾ। ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਮਹਾਂਨਗਰ ਲੁਧਿਆਣਾ ’ਚ ਕੂੜੇ ਨਾਲ ਭਰੀਆਂ ਸੜਕਾਂ ਸਮਾਰਟ ਸਿਟੀ ਮਹਾਂਨਗਰ ਲੁਧਿਆਣਾ ਦੀ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੜਕਾਂ ਕੂੜੇ ਨਾਲ ਭਰ ਗਈਆਂ ਸਨ। ਇਸ ਕਰ ਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਕੂੜੇ ਨਾਲ ਭਰੀਆਂ ਸੜਕਾਂ ਤੋਂ ਲੰਘਣਾ ਔਖਾ ਹੋਇਆ ਪਿਆ ਸੀ। ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਘਰ-ਘਰ ਕੂੜਾ ਚੁੱਕਣਾ ਅਤੇ ਸੜਕਾਂ ਦੀ ਸਫ਼ਾਈ ਪੂਰੀ ਤਰ੍ਹਾਂ ਠੱਪ ਸੀ, ਜਿਸ ਨਾਲ ਕਰੀਬ 30 ਲੱਖ ਵਾਸੀਆਂ ਸਿਰ ਸਿਹਤ ਸੰਕਟ ਮੰਡਰਾ ਰਿਹਾ ਸੀ। ਬਰਸਾਤ ਦੀ ਰੁੱਤ ਵਿੱਚ ਸੜਕ ’ਤੇ ਕੂੜੇ ਦੇ ਢੇਰ ਮੱਛਰਾਂ, ਮੱਖੀਆਂ ਅਤੇ ਚੂਹਿਆਂ ਦੀ ਭਰਮਾਰ ਦਾ ਕੇਂਦਰ ਬਣ ਗਏ ਸਨ। ਕੂੜਾ ਡੇਂਗੂ, ਮਲੇਰੀਆ, ਚਿਕਨਗੁਨੀਆ, ਲੇਪਟੋਸਪਾਇਰੋਸਿਸ, ਹੈਜ਼ਾ, ਟਾਈਫਾਈਡ, ਹੈਪੇਟਾਈਟਸ ਅਤੇ ਦਸਤ ਵਰਗੇ ਰੋਗਾਂ ਨੂੰ ਜਨਮ ਦੇ ਰਿਹਾ ਹੈ। ਕੂੜਾ ਚੁੱਕਣ ਵਿੱਚ ਹਰ ਦਿਨ ਦੀ ਦੇਰੀ ਬੱਚਿਆਂ, ਬਜ਼ੁਰਗਾਂ ਅਤੇ ਗਰੀਬ ਪਰਿਵਾਰਾਂ ਦੀ ਸਿਹਤ ਨੂੰ ਹੋਰ ਸੰਕਟ ਵਿੱਚ ਪਾ ਰਹੀ ਸੀ। ਬਾਰਿਸ਼ ਹੋਣ ਨਾਲ ਕੂੜੇ-ਕਰਕਟ ’ਚੋਂ ਨਿਕਲਦੀ ਗੰਦਗੀ ਤੇ ਬਦਬੂ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਘਰਾਂ ਤੇ ਦੁਕਾਨਾਂ ’ਚ ਬੈਠਣਾ ਤੱਕ ਮੁਸ਼ਕਲ ਹੋ ਗਿਆ ਸੀ। ਲੋਕਾਂ ਦਾ ਆਉਣਾ-ਜਾਣਾ ਵੀ ਔਖਾ ਹੋ ਗਿਆ ਸੀ। ਇਸ ਕਾਰਨ ਮਨੁੱਖੀ ਜੀਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖਤਰਾ ਵੱਧ ਗਿਆ ਹੈ। ਵਾਰਡ ਨੰਬਰ 93 ਦੀ ਕੌਂਸਲਰ ਨੇ ਪ੍ਰਸ਼ਾਸਨ ਨੂੰ ਲਿਖੀ ਚਿੱਠੀ ਵਾਰਡ ਨੰਬਰ 93 ਦੀ ਕੌਂਸਲਰ ਭੁਪਿੰਦਰ ਕੌਰ ਨੇ ਕੂੜੇ ਦੇ ਢੇਰਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਤੇ ਮੰਤਰੀਆਂ ਨੂੰ ਚਿੱਠੀ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ। ਕੌਂਸਲਰ ਨੇ ਇਸ ਦੇ ਸਬੂਤ ਵਜੋਂ ਫੋਟੋਆਂ ਤੇ ਵੀਡੀਓਜ਼ ਵੀ ਭੇਜੀਆਂ ਸਨ। ਬਰਸਾਤ ਦੇ ਮੌਸਮ ਵਿੱਚ ਸੜ ਰਹੇ ਕੂੜੇ ਦੇ ਢੇਰਾਂ ਤੋਂ ਮੱਛਰ-ਮੱਖੀਆਂ ਪਨਪ ਰਹੀਆਂ ਹਨ ਅਤੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਸਾਹ ਸਬੰਧੀ ਦਿੱਕਤਾਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਸੀ। ਚਿੱਠੀ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਅਗਲੇ ਦੋ ਤੋਂ ਚਾਰ ਦਿਨਾਂ ਵਿੱਚ ਐਮਰਜੈਂਸੀ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ ਵਿੱਚ ਮਹਾਂਮਾਰੀ ਫੈਲਣ ਦਾ ਖ਼ਤਰਾ ਹੈ। ਸਫ਼ਾਈ ਪ੍ਰਬੰਧ ਠੱਪ, ਸਰਕਾਰ ਤੁਰੰਤ ਸਫ਼ਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਮੰਨੇ : ਚੀਮਾ ਹਲਕਾ ਲੁਧਿਆਣਾ ਦੱਖਣੀ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਦੇ ਅਨੁਸਾਰ ਸਫਾਈ ਕਰਮਚਾਰੀਆਂ ਦੇ ਸੰਘਰਸ਼ ਕਾਰਨ ਕਈ ਥਾਵਾਂ |ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਮਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਬਾਰਿਸ਼ ਦੌਰਾਨ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਸ਼ਹਿਰ ਦੇ ਸਫਾਈ ਤੇ ਨਿਕਾਸੀ ਪ੍ਰਬੰਧਾਂ |ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਤਾਂ ਜੋ ਸ਼ਹਿਰਾਂ ਵਿੱਚ ਸਫਾਈ ਪ੍ਰਬੰਧ ਮੁੜ ਪਟੜੀ |ਤੇ ਆ ਸਕਣ ਅਤੇ ਲੋਕਾਂ ਨੂੰ ਸੰਭਾਵਿਤ ਸਿਹਤ ਸੰਬੰਧੀ ਖਤਰਿਆਂ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਦੀ ਕੀਤੀ ਅਪੀਲ ਐੱਸਸੀਡੀ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਤੇ ਸੀਨੀਅਰ ਸਿਟੀਜ਼ਨ ਬ੍ਰਿਜ ਭੂਸ਼ਣ ਗੋਇਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਕਰਮਚਾਰੀਆਂ ਦੇ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖ਼ਲ ਦੇਣ ਤਾਂ ਜੋ ਮਹਾਂਨਗਰ ਦੀਆਂ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਦੀ ਸਮੱਸਿਆ ਦਾ ਛੇਤੀ ਹੱਲ ਕੀਤਾ ਜਾ ਸਕੇ। ਕੂੜੇ ਦੇ ਢੇਰਾਂ ਬਾਰੇ ਮਹਿਤਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਸੀ ਈ-ਮੇਲ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਮਹਾਂਨਗਰ ’ਚ ਸਫਾਈ ਕਰਮੀਆਂ ਦੀ ਹੜਤਾਲ ਕਾਰਨ ਪੈਦਾ ਹੋਈ ਗੰਦਗੀ ਨੂੰ ਲੈ ਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਈ-ਮੇਲ ਰਾਹੀਂ ਪੱਤਰ ਲਿਖਿਆ ਸੀ। ਮਹਿਤਾ ਨੇ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਥਾਂ-ਥਾਂ ’ਤੇ ਫੈਲੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦੇ ਜੀਵਨ ਨੂੰ ਬਚਾਇਆ ਜਾਵੇ। ਮਹਿਤਾ ਨੇ ਕਿਹਾ ਕਿ ਸਫਾਈ ਕਰਮੀਆਂ ਦੀ ਹੜਤਾਲ ਕਾਰਨ ਸ਼ਹਿਰ ਚ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ। ਅਜਿਹੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਆਪਣੇ ਪੱਧਰ ’ਤੇ ਸ਼ਹਿਰ ਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਮਿਸ਼ਨ ਤੁਰੰਤ ਦਖਲ ਦੇ ਕੇ ਹੜਤਾਲ ਖਤਮ ਕਰਵਾਏ ਤਾਂ ਜੋ ਸ਼ਹਿਰ ਨੂੰ ਬਿਮਾਰੀਆਂ ਦੇ ਖਤਰੇ ਤੋਂ ਬਚਾਇਆ ਜਾ ਸਕੇ। ਜੇ ਕਿਸੇ ਨੂੰ ਮੇਰੇ ਕਹੇ ਦਾ ਬੁਰਾ ਲੱਗਿਆ ਤਾਂ ਮੈਂ ਮਾਫ਼ੀ ਮੰਗਦਾ ਹਾਂ : ਵਿਜੈ ਦਾਨਵ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੈ ਦਾਨਵ ਨੇ ਕਿਹਾ ਕਿ ਮੈਂ ਪਿਛਲੇ ਦਹਾਕਿਆਂ ਤੋਂ ਆਪਣੇ ਵਾਲਮੀਕਿ ਭਾਈਚਾਰੇ ਦੇ ਨਾਲ ਖੜ੍ਹਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਬਰਨਾਲਾ ਕਾਂਡ ਸਮੇਂ ਵੀ ਨਿਗਮ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਬੰਧਤ ਅਧਿਕਾਰੀਆਂ ਨਾਲ ਤਿੰਨ ਮੀਟਿੰਗਾਂ ਹੋਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਬੰਧਤ ਸਾਰਾ ਥਾਣਾ ਬਦਲ ਦਿੱਤਾ, ਗੰਭੀਰ ਜ਼ਖ਼ਮੀਆਂ ਨੂੰ ਪ੍ਰਤੀ ਵਿਅਕਤੀ ਇਕ ਲੱਖ, ਜ਼ਖ਼ਮੀਆਂ ਨੂੰ ਪ੍ਰਤੀ ਵਿਅਕਤੀ 50 ਹਜ਼ਾਰ ਰੁਪਏ, ਜ਼ਖ਼ਮੀਆਂ ਦਾ ਸਾਰਾ ਖ਼ਰਚ ਸਰਕਾਰ ਵੱਲੋਂ ਕਰਵਾਉਣ, ਕੱਚੇ ਮੁਲਾਜ਼ਮਾਂ ਦੀ ਤਨਖ਼ਾਹ 10 ਹਜ਼ਾਰ ਤੋਂ ਵਧਾ ਕੇ 20500 ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਹਿੱਤਾਂ ਲਈ ਹਮੇਸ਼ਾਂ ਕੰਮ ਕੀਤਾ ਹੈ। ਦਾਨਵ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇਹ ਆਖਿਆ ਸੀ ਕਿ ਜਦੋਂ ਸਰਕਾਰ ਸਾਰੀਆਂ ਮੰਗਾਂ ਮੰਨ ਰਹੀ ਹੈ ਤਾਂ ਸਾਨੂੰ ਹੜਤਾਲ ਕਰਕੇ ਵਪਾਰੀਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਇਸ ਬਿਆਨ ਤੋਂ ਬਾਅਦ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਖੀਆਂ ਗਈਆਂ। ਬਿਨਾਂ ਗਲਤੀ ਤੋਂ ਮੇਰੇ ਚਾਰ ਦਹਾਕਿਆਂ ਦੀ ਸੇਵਾਂ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਜਾਂ ਬੁਰਾ ਲੱਗਿਆ ਹੈ ਤਾਂ ਉਹ ਮਾਫ਼ੀ ਮੰਗਦੇ ਹਨ।