- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ ਜ਼ਰੂਰੀ:ਪਾਲਣਾ ਸਰਟੀਫਿਕੇਟ ਤੋਂ ਬਿਨਾਂ ਜ਼ਿਲ੍ਹੇ ਵਿੱਚ ਨਹੀਂ ਚੱਲੇਗੀ ਕੋਈ ਵੀ ਖਣਨ ਸਾਈਟ

ਜ਼ਰੂਰੀ)
-ਡੀਸੀ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ, ਓਵਰਲੋਡਿੰਗ ਤੇ ਖਣਨ ਸਮੱਗਰੀ ਦੀ ਢੋ-ਢੁਆਈ ਸਬੰਧੀ ਉਲੰਘਣਾ ਰੋਕਣ ਲਈ ਹਦਾਇਤਾਂ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ, ਵਾਹਨਾਂ ਦੀ ਓਵਰਲੋਡਿੰਗ ਅਤੇ ਖਣਨ ਸਮੱਗਰੀ ਦੀ ਢੋਆ-ਢੁਆਈ ਦੌਰਾਨ ਨਿਯਮਾਂ ਦੀ ਉਲੰਘਣਾ ਰੋਕਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੇ ਸਖ਼ਤ ਕਦਮ ਚੁੱਕੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਪਾਲਣਾ ਸਰਟੀਫਿਕੇਟ ਜਾਰੀ ਕੀਤੇ ਬਿਨਾਂ ਜ਼ਿਲ੍ਹੇ ਦੀ ਕਿਸੇ ਵੀ ਖਣਨ ਸਾਈਟ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਰਟੀਫਿਕੇਟ ਰਾਹੀਂ ਇਹ ਤਸਦੀਕ ਕੀਤੀ ਜਾਵੇਗੀ ਕਿ ਸਬੰਧਤ ਸਾਈਟ 'ਤੇ ਸਾਰੇ ਨਿਰਧਾਰਤ ਸੁਰੱਖਿਆ ਪ੍ਰਬੰਧ ਅਤੇ ਨਿਯਮ ਲਾਗੂ ਹਨ। 30 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਮਾਈਨਿੰਗ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਲਈ ਮੀਟਿੰਗ ਹੋਈ। ਇਸ ਦੌਰਾਨ ਗੈਰ-ਕਾਨੂੰਨੀ ਖਣਨ, ਓਵਰਲੋਡ ਵਾਹਨਾਂ ਤੇ ਖਣਨ ਸਮੱਗਰੀ ਦੀ ਆਵਾਜਾਈ ਵਿੱਚ ਨਿਯਮਾਂ ਦੀ ਉਲੰਘਣਾ ਰੋਕਣ ਲਈ ਵੱਖ-ਵੱਖ ਵਿਭਾਗਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ।
ਡੀਸੀ ਜੈਨ ਅਨੁਸਾਰ ਖਣਨ ਸਾਈਟਾਂ ਤੋਂ ਸਿਰਫ਼ ਮਾਈਨਿੰਗ ਵਿਭਾਗ ਕੋਲ ਰਜਿਸਟਰਡ ਟਿੱਪਰ ਹੀ ਸਮੱਗਰੀ ਲੈ ਕੇ ਜਾ ਸਕਣਗੇ। ਇਨ੍ਹਾਂ ਵਾਹਨਾਂ 'ਤੇ ਵੈਧ ਨੰਬਰ ਪਲੇਟ ਹੋਣੀ ਲਾਜ਼ਮੀ ਹੈ ਤੇ ਜੀਪੀਐੱਸ ਟਰੈਕਰ ਚਾਲੂ ਹਾਲਤ ਵਿੱਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਾਹਨਾਂ ਵਿੱਚ ਲਿਜਾਈ ਜਾ ਰਹੀ ਸਮੱਗਰੀ ਨੂੰ ਤਰਪਾਲ ਨਾਲ ਢੱਕਣਾ ਵੀ ਜ਼ਰੂਰੀ ਹੋਵੇਗਾ। ਜੇਕਰ ਬਿਨਾਂ ਨੰਬਰ ਪਲੇਟ ਵਾਲਾ ਕੋਈ ਵਾਹਨ ਸਾਈਟ ਤੋਂ ਬਾਹਰ ਜਾਂਦਾ ਹੈ ਤਾਂ ਉੱਥੇ ਤਾਇਨਾਤ ਜੂਨੀਅਰ ਇੰਜੀਨੀਅਰ (ਜੇਈ) ਨੂੰ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕਿਸੇ ਵੀ ਵਾਹਨ ਨੂੰ ਉਸ ਦੀ ਰਜਿਸਟਰਡ ਭਾਰ ਢੋਣ ਦੀ ਸਮਰੱਥਾ ਤੋਂ ਵੱਧ ਸਮੱਗਰੀ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਓਵਰਲੋਡ ਵਾਹਨਾਂ ਨੂੰ ਨਾ ਤਾਂ ਤੋਲ ਪੁਲ ਦੀ ਪਰਚੀ ਜਾਰੀ ਕੀਤੀ ਜਾਵੇ ਤੇ ਨਾ ਹੀ ਫਾਰਮ-ਜੇ ਦਿੱਤਾ ਜਾਵੇ।
ਖਣਨ ਸਮੱਗਰੀ ਲਿਜਾਣ ਵਾਲੇ ਵਾਹਨਾਂ ਲਈ ਨਿਰਧਾਰਤ ਆਵਾਜਾਈ ਰੂਟ ਦੀ ਪਾਲਣਾ ਲਾਜ਼ਮੀ ਹੋਵੇਗੀ। ਸਬੰਧਤ ਰੂਟ ਦਾ ਨਕਸ਼ਾ ਵਾਹਨਾਂ ਦੀ ਵਿੰਡਸਕਰੀਨ 'ਤੇ ਪ੍ਰਦਰਸ਼ਿਤ ਕਰਨਾ ਪਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਲਿੰਕ ਸੜਕਾਂ ਦੀ ਵਰਤੋਂ ਕੀਤੀ ਜਾਵੇਗੀ, ਉਨ੍ਹਾਂ ਬਾਰੇ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਪਹਿਲਾਂ ਜਾਣਕਾਰੀ ਦੇਣੀ ਹੋਵੇਗੀ।ਖਣਨ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਡੀਸੀ ਨੇ ਕਿਹਾ ਕਿ ਮਾਈਨਿੰਗ ਸਿਰਫ਼ ਪ੍ਰਵਾਨਿਤ ਖੇਤਰ ਅਤੇ ਨਿਰਧਾਰਤ ਡੂੰਘਾਈ ਤੱਕ ਹੀ ਕੀਤੀ ਜਾ ਸਕੇਗੀ। ਹਰੇਕ ਸਾਈਟ 'ਤੇ ਪੱਕੇ ਹੱਦਬੰਦੀ ਵਾਲੇ ਖੰਭੇ ਲਗਾਉਣੇ ਹੋਣਗੇ ਅਤੇ ਉਨ੍ਹਾਂ ਦੇ ਜੀਪੀਐੱਸ ਕੋਆਰਡੀਨੇਟਸ ਦਰਜ ਕੀਤੇ ਜਾਣਗੇ। ਸਬੰਧਤ ਐੱਸਡੀਐੱਮ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਖਣਨ ਸਾਈਟਾਂ 'ਤੇ ਇਨ੍ਹਾਂ ਖੰਭਿਆਂ ਦੀ ਜਾਂਚ ਕਰਨਗੇ।
ਹਰੇਕ ਮਾਈਨਿੰਗ ਸਾਈਟ 'ਤੇ ਜਾਣਕਾਰੀ ਵਾਲਾ ਬੋਰਡ ਲਗਾਉਣਾ ਵੀ ਲਾਜ਼ਮੀ ਹੋਵੇਗਾ, ਜਿਸ 'ਤੇ ਠੇਕੇਦਾਰ ਦਾ ਵੇਰਵਾ, ਸਾਈਟ ਦਾ ਖੇਤਰਫਲ, ਮਨਜ਼ੂਰੀ ਦੀ ਮਿਆਦ ਅਤੇ ਕੰਮ ਕਰਨ ਦੇ ਨਿਰਧਾਰਤ ਸਮੇਂ ਦਾ ਜ਼ਿਕਰ ਹੋਵੇਗਾ। ਖਣਨ ਸੁਪਰਵਾਈਜ਼ਰਾਂ ਦੀ ਕੰਮਕਾਜੀ ਸਮੇਂ ਦੌਰਾਨ ਸਾਈਟ 'ਤੇ ਮੌਜੂਦਗੀ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
-ਬਾਕਸ-
-ਸੂਰਜ ਡੁੱਬਣ ਮਗਰੋਂ ਲਿੰਕ ਸੜਕਾਂ 'ਤੇ ਨਹੀਂ ਚੱਲਣਗੇ ਵਾਹਨ
ਡਿਪਟੀ ਕਮਿਸ਼ਨਰ ਜੈਨ ਨੇ ਖਣਨ ਲਈ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ। ਸੂਰਜ ਡੁੱਬਣ ਤੋਂ ਬਾਅਦ ਲੋਡ ਕੀਤੇ ਟਰੱਕਾਂ ਨੂੰ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਕੌਮੀ ਜਾਂ ਰਾਜ ਮਾਰਗਾਂ ਤੱਕ ਪਹੁੰਚਣ ਲਈ ਵੱਧ ਤੋਂ ਵੱਧ ਇਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਲਿੰਕ ਸੜਕਾਂ 'ਤੇ ਖਣਨ ਸਮੱਗਰੀ ਨਾਲ ਭਰੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਸਮਾਂ-ਸੀਮਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਲੁਧਿਆਣਾ ਦਿਹਾਤੀ ਤੇ ਖੰਨਾ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ। ਖਣਨ ਸਾਈਟਾਂ ਦੇ ਮੁੱਖ ਦਾਖ਼ਲਾ ਅਤੇ ਨਿਕਾਸੀ ਰਸਤਿਆਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਅਤੇ ਰਾਤ ਸਮੇਂ ਨਿਗਰਾਨੀ ਲਈ ਨਾਈਟ ਵਿਜ਼ਨ ਡਰੋਨਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਨ੍ਹਾਂ ਹਦਾਇਤਾਂ ਦੀ ਤੁਰੰਤ ਪ੍ਰਭਾਵ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪੱਧਰ 'ਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ 'ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।