- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ:ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ’ਚ ਨਿਹੰਗ ਸਿੰਘਾਂ ਨੇ ਤਿੰਨ ਵਿਅਕਤੀ ਫੜ ਕੇ ਕੀਤੇ ਪੁਲਿਸ ਹਵਾਲੇ

ਲੀਡ....)
-ਜਥੇ. ਸੋਹਣ ਸਿੰਘ ਨੇ ਮੈਡੀਕਲ ਨਸ਼ਾ ਵੇਚਣ ਦੇ ਲਾਏ ਦੋਸ਼, ਪੁਲਿਸ ਕਰ ਰਹੀ ਪੁੱਛਗਿੱਛ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਦੇ ਜਲੰਧਰ ਬਾਈਪਾਸ ਚੌਕ ਵਿੱਚ ਮੈਡੀਕਲ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਗੋਲ਼ੀਆਂ ਵੇਚਣ ਦੇ ਦੋਸ਼ ਹੇਠ ਨਿਹੰਗ ਸਿੰਘਾਂ ਵੱਲੋਂ ਤਿੰਨ ਵਿਅਕਤੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਕਿ ਚੌਕ ’ਚ ਬੈਠੇ ਕੁਝ ਨੌਜਵਾਨ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਗੋਲੀਆਂ ਦੇ ਪੱਤੇ ਹੋਰਨਾਂ ਨੌਜਵਾਨਾਂ ਨੂੰ ਵੇਚ ਰਹੇ ਸਨ। ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਚਰਚਾ ਛਿੜ ਗਈ ਹੈ। ਇਸ ਸਬੰਧੀ ਨਿਹੰਗ ਸਿੰਘ ਜਥੇਦਾਰ ਸੋਹਣ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਰੋਜ਼ਾਨਾ ਇਸ ਰਸਤੇ ਤੋਂ ਲੰਘਦੇ ਹਨ ਤੇ ਉਨ੍ਹਾਂ ਦੇ ਕਹਿਣ ਮੁਤਾਬਕ ਉਹ ਕਾਫ਼ੀ ਸਮੇਂ ਤੋਂ ਦੇਖ ਰਹੇ ਸਨ ਕਿ ਜਲੰਧਰ ਬਾਈਪਾਸ ਚੌਂਕ ਵਿੱਚ ਕੁਝ ਨੌਜਵਾਨ ਬੈਠ ਕੇ ਮੈਡੀਕਲ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਗੋਲ਼ੀਆਂ ਦੇ ਪੱਤੇ ਵੇਚਦੇ ਹਨ। ਇਸ ਕਾਰਨ ਨੌਜਵਾਨ ਪੀੜ੍ਹੀ ਦੇ ਨਸ਼ੇ ਦੀ ਲਪੇਟ ਵਿੱਚ ਆਉਣ ਦਾ ਖ਼ਦਸ਼ਾ ਹੈ। ਜਥੇਦਾਰ ਸੋਹਣ ਸਿੰਘ ਮੁਤਾਬਕ, ਜਦੋਂ ਉਨ੍ਹਾਂ ਨੇ ਅੱਜ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ ’ਤੇ ਉਨ੍ਹਾਂ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਦੀ ਵੀਡੀਓ ਬਣਾਈ ਅਤੇ ਤਿੰਨ ਵਿਅਕਤੀਆਂ ਨੂੰ ਉੱਥੇ ਹੀ ਰੋਕ ਕੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਵਿਅਕਤੀਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ।
-ਪੁਲਿਸ ਦੀ ਜਾਂਚ ਤੋਂ ਬਾਅਦ ਹੀ ਹੋਵੇਗੀ ਸਥਿਤੀ ਸਪੱਸ਼ਟ
ਮੌਕੇ ’ਤੇ ਫੜੇ ਗਏ ਤਿੰਨਾਂ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਨ੍ਹਾਂ ਵਿਅਕਤੀਆਂ ਕੋਲੋਂ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ, ਉਨ੍ਹਾਂ ਦੀ ਪਛਾਣ ਅਤੇ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਜਸਵੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਇਸ ਕਾਰਨ ਪੁਲਿਸ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ।