ਪੰਜਾਬੀ ਵਰਨਮਾਲਾ ਦੀ ਵੀਡੀਓ ਨੇ ਯੂਟਿਊਬ ’ਤੇ ਮਾਰੀਆਂ ਮੱਲਾਂ, 2.20 ਕਰੋੜ ਤੋਂ ਵੱਧ ਵਿਊਜ਼ ਪੰਜਾਬੀ ਵਰਨਮਾਲਾ ਦੀ ਵੀਡੀਓ ਨੇ ਯੂਟਿਊਬ ’ਤੇ ਮਾਰੀਆਂ ਮੱਲਾਂ, 2.20 ਕਰੋੜ ਤੋਂ ਵੱਧ ਵਿਊਜ਼
Publish Date: Sun, 22 Nov 2026 09:04 PM (IST)
Updated Date: Sun, 22 Nov 2026 09:07 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਕੌਮੀ ਪੁਰਸਕਾਰ ਜੇਤੂ ਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੇ ਬੱਚਿਆਂ ਨਾਲ ਮਿਲ ਕੇ ਤਿਆਰ ਕੀਤੀ ਪੰਜਾਬੀ ਵਰਨਮਾਲਾ ਦੀ ਵੀਡੀਓ ਨੂੰ ਯੂਟਿਊਬ ’ਤੇ 2 ਕਰੋੜ 20 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵਿਲੱਖਣ ਪ੍ਰਾਪਤੀ ਲਈ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲੁਧਿਆਣਾ ਡਿੰਪਲ ਮਦਾਨ ਵੱਲੋਂ ਗਰੇਵਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮਾਸਟਰ ਗਰੇਵਾਲ ਦੀ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਇਹ ਵੀ ਹੈ ਕਿ ਉਨ੍ਹਾਂ ਵੱਲੋਂ ਦੇਸ਼ ਭਗਤੀ ਦੇ ਰੰਗਾਂ ਵਿੱਚ ਰੰਗੀ ਲਿਖੀ ਲੋਰੀ ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੀਆਂ ਇਹ ਪ੍ਰਾਪਤੀਆਂ ਸਿੱਖਿਆ, ਸਾਹਿਤ ਅਤੇ ਮਾਂ ਬੋਲੀ ਪੰਜਾਬੀ ਪ੍ਰਤੀ ਉਨ੍ਹਾਂ ਦੀ ਸਮਰਪਣ ਭਾਵਨਾ ਨੂੰ ਦਰਸਾਉਂਦੀਆਂ ਹਨ। ਆਪਣੀ ਇਸ ਪ੍ਰਾਪਤੀ ਬਾਰੇ ਵਿਚਾਰ ਸਾਂਝੇ ਕਰਦਿਆਂ ਗਰੇਵਾਲ ਨੇ ਕਿਹਾ ਕਿ ਬਹੁਤ ਹੀ ਸਰਲ ਢੰਗ ਨਾਲ ਬੱਚਿਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਪੰਜਾਬੀ ਵਰਨਮਾਲਾ ਦੀ ਵੀਡੀਓ ਨੂੰ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਭਰਪੂਰ ਪਿਆਰ ਮਿਲਿਆ ਹੈ। ਇਹ ਉਨ੍ਹਾਂ ਲਈ ਮਾਂ ਬੋਲੀ ਪੰਜਾਬੀ ਵੱਲੋਂ ਮਿਲਿਆ ਵੱਡਾ ਮਾਣ ਅਤੇ ਵਰਦਾਨ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਬੱਚੇ ਵੀ ਉਨ੍ਹਾਂ ਨੂੰ ਫੋਨ ਕਰਕੇ ਦੱਸਦੇ ਹਨ, ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਹੈ, ਕਿ ਉਹ ਇਨ੍ਹਾਂ ਗੀਤਾਂ ਰਾਹੀਂ ਪੰਜਾਬੀ ਭਾਸ਼ਾ ਸਿੱਖ ਰਹੇ ਹਨ। ਇਹ ਗੱਲ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਅਤੇ ਤਸੱਲੀ ਵਾਲੀ ਹੈ। ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਗੀਤਾਂ ਅਤੇ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਵਾਲੇ ਸਰੋਤਿਆਂ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਪੰਜਾਬੀ ਸਿਰਫ਼ ਪੰਜਾਬ ਦੀ ਹੀ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਰੱਖਣ ਵਾਲੀ ਅਮੀਰ ਭਾਸ਼ਾ ਹੈ, ਜਿਸ ਵਿੱਚ ਮਹਾਨ ਗ੍ਰੰਥਾਂ ਦੀ ਰਚਨਾ ਹੋਈ ਹੈ। ਅਨੇਕਾਂ ਵਿਦਵਾਨਾਂ, ਸ਼ਾਇਰਾਂ, ਗਾਇਕਾਂ, ਲੇਖਕਾਂ ਅਤੇ ਪੰਜਾਬੀ ਬੋਲਣ ਵਾਲੇ ਲੋਕਾਂ ਨੇ ਇਸ ਭਾਸ਼ਾ ਦੀ ਅਮੀਰੀ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਬੱਚਿਆਂ ਦੇ ਸਹਿਯੋਗ ਨਾਲ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਜਿਹੇ ਸਿਰਜਣਾਤਮਕ ਕਾਰਜ ਜਾਰੀ ਰੱਖਣਗੇ।