- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੌਥੀ ਕੌਮਾਂਤਰੀ ਨਦੀਨ ਕਾਨਫਰੰਸ ਸਮਾਪਤ, ਵਿਗਿਆਨੀਆਂ ਨੇ ਜਲਵਾਯੂ ਅਨੁਕੂਲ ਨਦੀਨ ਪ੍ਰਬੰਧਨ ’ਤੇ ਦਿੱਤਾ ਜ਼ੋਰ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ ਚੌਥੀ ਕੌਮਾਂਤਰੀ ਨਦੀਨ ਕਾਨਫਰੰਸ ਸਮਾਪਤੀ ਸਮਾਰੋਹ ਨਾਲ ਸੰਪੰਨ ਹੋ ਗਈ। ਇਸ ਕੌਮਾਂਤਰੀ ਕਾਨਫਰੰਸ ਵਿੱਚ ਭਾਰਤ ਸਮੇਤ ਵਿਦੇਸ਼ਾਂ ਤੋਂ ਲਗਭਗ 500 ਡੈਲੀਗੇਟਾਂ, ਖੋਜਾਰਥੀਆਂ, ਨੀਤੀ-ਨਿਰਮਾਤਾਵਾਂ ਅਤੇ ਉਦਯੋਗਿਕ ਮਾਹਿਰਾਂ ਨੇ ਸ਼ਿਰਕਤ ਕੀਤੀ। ਸਮਾਪਤੀ ਸਮਾਰੋਹ ਵਿੱਚ ਪੀਏਯੂ ਦੇ ਉੱਘੇ ਨਦੀਨ ਵਿਗਿਆਨੀ ਅਤੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਐੱਲਐੱਸ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਐੱਨਟੀ. ਯਾਦੁਰਾਜੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਇੰਡੀਅਨ ਸੁਸਾਇਟੀ ਆਫ਼ ਵੀਡ ਸਾਇੰਸ ਦੇ ਪ੍ਰਧਾਨ ਅਤੇ ਕਾਨਫਰੰਸ ਦੇ ਪ੍ਰਬੰਧਕੀ ਚੇਅਰਮੈਨ ਡਾ. ਟੀਕੇ. ਦਾਸ, ਸੁਸਾਇਟੀ ਦੇ ਸਕੱਤਰ ਅਤੇ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾ. ਵੀਕੇ. ਚੌਧਰੀ, ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਬੰਧਕੀ ਸਹਿ-ਚੇਅਰਮੈਨ ਡਾ. ਮੱਖਣ ਸਿੰਘ ਭੁੱਲਰ ਅਤੇ ਖੇਤੀ ਵਿਗਿਆਨ ਵਿਭਾਗ ਦੇ ਮੁਖੀ ਅਤੇ ਸਥਾਨਕ ਪ੍ਰਬੰਧਕੀ ਸਕੱਤਰ ਡਾ. ਹਰੀ ਰਾਮ ਵੀ ਮੰਚ ’ਤੇ ਮੌਜੂਦ ਸਨ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਸੰਸਥਾਵਾਂ ਤੋਂ ਆਏ ਡੈਲੀਗੇਟ ਵੀ ਸਮਾਰੋਹ ਵਿੱਚ ਸ਼ਾਮਲ ਹੋਏ। ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ.ਬਰਾੜ ਨੇ ਕਿਹਾ ਕਿ ਨਦੀਨ ਵਿਗਿਆਨ ਦੇ ਖੇਤਰ ਵਿੱਚ ਹੋ ਰਹੀਆਂ ਆਧੁਨਿਕ ਖੋਜਾਂ ਨੂੰ ਕਿਸਾਨਾਂ ਤੱਕ ਅਮਲੀ ਰੂਪ ਵਿੱਚ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਵਿਸ਼ੇਸ਼ ਮਹਿਮਾਨ ਡਾ. ਐੱਨਟੀ ਯਾਦੁਰਾਜੂ ਨੇ ਕਿਹਾ ਕਿ ਨਦੀਨਾਂ ਦੀ ਬਦਲਦੀ ਕਿਸਮ, ਨਦੀਨਨਾਸ਼ਕਾਂ ਪ੍ਰਤੀ ਵਧ ਰਹੇ ਵਿਰੋਧ ਅਤੇ ਖੇਤੀਬਾੜੀ ਦੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਏਕੀਕ੍ਰਿਤ ਨਦੀਨ ਪ੍ਰਬੰਧਨ ਅਤੇ ਸਿਖਲਾਈ ਸਮਰੱਥਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਡਾ. ਟੀਕੇ. ਦਾਸ ਨੇ ਨਦੀਨ ਪ੍ਰਬੰਧਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਖ-ਵੱਖ ਵਿਗਿਆਨਕ ਵਿਸ਼ਿਆਂ ਵਿਚਕਾਰ ਸਾਂਝੀ ਖੋਜ, ਨਦੀਨ ਵਿਗਿਆਨ ਦੀ ਸਿੱਖਿਆ ਅਤੇ ਕੌਮਾਂਤਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਬਦਲ ਰਹੇ ਫ਼ਸਲੀ ਚੱਕਰਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਕਿਫ਼ਾਇਤੀ ਅਤੇ ਪ੍ਰਭਾਵਸ਼ਾਲੀ ਨਦੀਨ ਪ੍ਰਬੰਧਨ ਤਕਨੀਕਾਂ ਵਿਕਸਿਤ ਕਰਨੀਆਂ ਸਮੇਂ ਦੀ ਅਹਿਮ ਮੰਗ ਹੈ। ਕਾਨਫਰੰਸ ਦੇ ਸਮਾਪਤੀ ਸੈਸ਼ਨ ਦੌਰਾਨ ਵੱਖ-ਵੱਖ ਤਕਨੀਕੀ ਸੈਸ਼ਨਾਂ, ਵਿਸ਼ੇਸ਼ ਭਾਸ਼ਣਾਂ ਅਤੇ ਪੋਸਟਰ ਪੇਸ਼ਕਾਰੀਆਂ ਦੇ ਆਧਾਰ ’ਤੇ ਕਾਨਫਰੰਸ ਦੀ ਵਿਸਤ੍ਰਿਤ ਰਿਪੋਰਟ ਅਤੇ ਮੁੱਖ ਸਿਫ਼ਾਰਸ਼ਾਂ ਵੀ ਪੇਸ਼ ਕੀਤੀਆਂ ਗਈਆਂ। ਵਿਗਿਆਨੀਆਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਨਦੀਨ ਪ੍ਰਬੰਧਨ ਦੀਆਂ ਰਣਨੀਤੀਆਂ ਨੂੰ ਬਦਲਦੇ ਮੌਸਮ ਅਤੇ ਖੇਤੀਬਾੜੀ ਦੀਆਂ ਲੋੜਾਂ ਅਨੁਸਾਰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਸਮਾਗਮ ਦੌਰਾਨ ਨਦੀਨ ਵਿਗਿਆਨ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਉੱਘੇ ਵਿਗਿਆਨੀਆਂ ਅਤੇ ਨੌਜਵਾਨ ਖੋਜਾਰਥੀਆਂ ਨੂੰ ਸਰਵੋਤਮ ਮੌਖਿਕ ਖੋਜ ਪੇਸ਼ਕਾਰੀ ਅਤੇ ਸਰਵੋਤਮ ਪੋਸਟਰ ਪੇਸ਼ਕਾਰੀ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।