ਆਪ ਸਰਕਾਰ ਦੀਆਂ ਨੀਤੀਆਂ ਉਦਯੋਗਾਂ ਨੂੰ ਬਰਬਾਦੀ ਦੇ ਕੰਢੇ ਧੱਕ ਰਹੀਆਂ : ਦੀਵਾਨ ਜ਼ਰੂਰੀ ਖ਼ਬਰ-ਆਪ ਸਰਕਾਰ ਦੀਆਂ ਨੀਤੀਆਂ ਉਦਯੋਗਾਂ ਨੂੰ ਬਰਬਾਦੀ ਦੇ ਕੰਢੇ ਧੱਕ ਰਹੀਆਂ ਨੇ-ਦੀਵਾਨ
Publish Date: Sun, 22 Nov 2026 08:06 PM (IST)
Updated Date: Sun, 22 Nov 2026 08:07 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਕਦੇ ਪੰਜਾਬ ਦੀ ਉਦਯੋਗਿਕ ਰਾਜਧਾਨੀ ਅਤੇ ‘ਭਾਰਤ ਦਾ ਮੈਨਚੈਸਟਰ’ ਵਜੋਂ ਜਾਣਿਆ ਜਾਣ ਵਾਲਾ ਲੁਧਿਆਣਾ ਅੱਜ ਉਦਯੋਗਿਕ ਸੰਕਟ ਦੇ ਡੂੰਘੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਖਸਤਾ ਹਾਲ ਬੁਨਿਆਦੀ ਢਾਂਚਾ, ਬਿਜਲੀ ਦੀ ਲਗਾਤਾਰ ਕਮੀ, ਉਤਪਾਦਨ ਲਾਗਤਾਂ ਵਿੱਚ ਭਾਰੀ ਵਾਧਾ, ਨਿਯਮਾਂ ਸਬੰਧੀ ਅੜਿੱਕੇ ਅਤੇ ਘਟਦੀ ਉਦਯੋਗਿਕ ਮੁਕਾਬਲੇਬਾਜ਼ੀ ਨੇ ਉਦਯੋਗਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਲੜੀ ਹੇਠ ਉਦਯੋਗਿਕ ਇਲਾਕਿਆਂ ਵਿੱਚ ਟੁੱਟੀਆਂ ਸੜਕਾਂ, ਓਵਰਫਲੋ ਹੁੰਦੇ ਸੀਵਰੇਜ, ਕੂੜੇ ਦੇ ਮਾੜੇ ਪ੍ਰਬੰਧਾਂ ਤੋਂ ਲੈ ਕੇ ਗਰਮੀਆਂ ਦੇ ਪੀਕ ਸੀਜ਼ਨ ਦੌਰਾਨ ਲੰਬੇ ਬਿਜਲੀ ਕੱਟ, ਮਹਿੰਗੀਆਂ ਬਿਜਲੀ ਦਰਾਂ ਅਤੇ ਕੱਚੇ ਮਾਲ ਦੀਆਂ ਵਧਦੀਆਂ ਲਾਗਤਾਂ ਤੱਕ, ਸ਼ਹਿਰ ਦਾ ਉਦਯੋਗ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਦੀਵਾਨ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਦੇ ਪੰਜਾਬ ਦੇ ਨਿਰਮਾਣ ਖੇਤਰ ਦਾ ਮਾਣ ਰਹੇ ਲੁਧਿਆਣਾ ਦੇ ਐਮਐਸਐਮਈ ਉਦਯੋਗ ਅੱਜ ਕਈ ਮੋਰਚਿਆਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਐਮਐਸਐਮਈ ਉਦਯੋਗ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਿਹਾ ਹੈ, ਉੱਪਰੋਂ ਲਗਭਗ 12 ਰੁਪਏ ਪ੍ਰਤੀ ਯੂਨਿਟ ਦੀਆਂ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਅਤੇ ਵਧਦੀਆਂ ਰੈਗੂਲੇਟਰੀ ਰੁਕਾਵਟਾਂ ਨੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ।