ਪੀਏਯੂ ਦੇ ਵਿਦਿਆਰਥੀ ਨੇ ਸੀਅਰਕਾ ਖੋਜ ਵਜ਼ੀਫ਼ਾ ਕੀਤਾ ਪ੍ਰਾਪਤ ਪੀਏਯੂ. ਦੇ ਵਿਦਿਆਰਥੀ ਨੇ ਸੀਅਰਕਾ ਖੋਜ ਵਜ਼ੀਫ਼ਾ ਪ੍ਰਾਪਤ ਕੀਤਾ
Publish Date: Sun, 22 Nov 2026 07:18 PM (IST)
Updated Date: Sun, 22 Nov 2026 07:19 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਆਫ਼ ਐਗਰੀਕਲਚਰ ਅਧੀਨ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਮਯਾ ਵਿਨ ਆਂਗ ਨੇ ਵੱਕਾਰੀ ‘ਸਾਊਥ ਈਸਟ ਏਸ਼ੀਅਨ ਰੀਜਨਲ ਸੈਂਟਰ ਫਾਰ ਗ੍ਰੈਜੂਏਟ ਸਟੱਡੀ ਐਂਡ ਰਿਸਰਚ ਇਨ ਐਗਰੀਕਲਚਰ’ ਦਾ ਖੋਜ ਵਜ਼ੀਫ਼ਾ ਹਾਸਲ ਕੀਤਾ ਹੈ। ਇਹ ਵਜ਼ੀਫ਼ਾ ਸਾਊਥ ਈਸਟ ਏਸ਼ੀਅਨ ਮਨਿਸਟਰਜ਼ ਆਫ਼ ਐਜੂਕੇਸ਼ਨ ਆਰਗੇਨਾਈਜ਼ੇਸ਼ਨ, ਫਿਲੀਪੀਨਜ਼ ਵੱਲੋਂ ਅਕਾਦਮਿਕ ਸਾਲ 2026-27 ਲਈ ਪ੍ਰਦਾਨ ਕੀਤਾ ਗਿਆ ਹੈ। ਇਸ ਵਜ਼ੀਫ਼ੇ ਤਹਿਤ 6000 ਅਮਰੀਕੀ ਡਾਲਰ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਹ ਸਹਾਇਤਾ ਉਸ ਦੀ ਪੀਐੱਚਡੀ ਦੀ ਡਿਗਰੀ ਪੂਰੀ ਹੋਣ ਤੱਕ ਜਾਰੀ ਰਹੇਗੀ। ਆਪਣੇ ਖੋਜ ਸਲਾਹਕਾਰ ਡਾ. ਪ੍ਰਸ਼ਾਂਤ ਮੋਹਨਪੁਰੀਆ, ਸਹਾਇਕ ਪ੍ਰੋਫੈਸਰ (ਬਾਇਓਟੈਕਨਾਲੋਜੀ) ਦੀ ਅਗਵਾਈ ਹੇਠ ਮਯਾ ਵਿਨ ਆਂਗ ‘ਫਲ ਦੀ ਮੱਖੀ ਵਿਰੁੱਧ ਅਮਰੂਦ ਵਿੱਚ ਐਕਡੀਸੋਨ ਰਿਸੈਪਟਰ ਜੀਨ ਆਧਾਰਿਤ ਆਰਐੱਨਏਆਈ. ਤਕਨੀਕ ਰਾਹੀਂ ਰੋਧਕ ਸਮਰੱਥਾ ਵਿਕਸਿਤ ਕਰਨ’ ਵਿਸ਼ੇ ’ਤੇ ਖੋਜ ਕਰ ਰਿਹਾ ਹੈ। ਇਹ ਖੋਜ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ.) ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਸੈਂਟਰ ਆਫ਼ ਐਕਸੀਲੈਂਸ ਪ੍ਰੋਜੈਕਟ ਦਾ ਹਿੱਸਾ ਹੈ। ਇਹ ਪ੍ਰਾਪਤੀ ਖੇਤੀਬਾੜੀ ਵਿਗਿਆਨ ਦੇ ਖੇਤਰ ਵਿੱਚ ਉਸ ਦੀ ਖੋਜ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਖ਼ਾਸ ਤੌਰ ’ਤੇ ਅਮਰੂਦ ਦੀ ਅਲਾਹਾਬਾਦ ਸਫ਼ੇਦਾ ਕਿਸਮ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਨਵੀਆਂ ਤਕਨੀਕਾਂ ਵਿਕਸਿਤ ਕਰਨ ਦੇ ਖੇਤਰ ਵਿੱਚ ਇਹ ਖੋਜ ਮਹੱਤਵਪੂਰਨ ਸਾਬਤ ਹੋ ਸਕਦੀ ਹੈ।