ਆਪ ਦੀ ਸਰਕਾਰ ’ਚ ਸੂਬੇ ਅੰਦਰ ਭ੍ਰਿਸ਼ਟਾਚਾਰ ਤੇ ਨਸ਼ਾ ਵਧਿਆ : ਚੀਮਾ ਆਪ ਦੀ ਸਰਕਾਰ ’ਚ ਸੂਬੇ ਅੰਦਰ ਭ੍ਰਿਸ਼ਟਾਚਾਰ ਤੇ ਨਸ਼ਾ ਵਧਿਆ-ਚੀਮਾ
Publish Date: Sun, 22 Nov 2026 06:24 PM (IST)
Updated Date: Sun, 22 Nov 2026 06:25 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ : ਪੰਜਾਬ ਦੇ ਲੋਕਾਂ ਨੂੰ ਬਦਲਾਅ ਰੂਪੀ ਧੋਖਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਕਾਰਜ ਕਾਲ ਵਿੱਚ ਸੂਬੇ ਦੇ ਅੰਦਰ ਬੇਰੁਜ਼ਗਾਰੀ ਨਸ਼ਾ ਅਤੇ ਭਰਿਸ਼ਟਾਚਾਰ ਪਹਿਲਾਂ ਵਧੀਆ ਹੈ ਜਿਸ ਤੋਂ ਹਰ ਵਰਗ ਪਰੇਸ਼ਾਨ ਹੈ ਅਤੇ ਇਸ ਧੋਖੇਬਾਜ ਸਰਕਾਰ ਤੋਂ ਛੁਟਕਾਰਾ ਚਾਹੁੰਦਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰ ਜੋਤ ਚੀਮਾ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ । ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਨਸ਼ੇ ਅਤੇ ਭਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੋਈ ਸਵਾਲ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਉੱਪਰ ਜਾ ਤਾਂ ਝੂਠੇ ਪਰਚੇ ਕੀਤੇ ਜਾ ਰਹੇ ਹਨ ਅਤੇ ਜਾਂ ਫਿਰ ਉਹਨਾਂ ਨੂੰ ਪੁਲਿਸ ਰਾਹੀਂ ਦਬਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਅਧਿਆਪਕਾਂ ਨੂੰ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਅਧਿਆਪਕਾਂ ਦੀਆਂ ਪੱਗਾਂ ਰੋਲਣ ਅਤੇ ਮਹਿਲਾਵਾਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਬਾਰੇ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਸਰਕਾਰ ਨੂੰ ਪਹਿਲਾਂ ਆਪਣੇ ਚਾਰ ਸਾਲਾਂ ਦੇ ਕੰਮਾਂ ਦਾ ਹਿਸਾਬ ਪੰਜਾਬ ਦੀ ਜਨਤਾ ਸਾਹਮਣੇ ਰੱਖਣਾ ਚਾਹੀਦਾ ਹੈ। ਵਿਕਾਸ ਦੇ ਨਾਮ ’ਤੇ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਨਵੇਂ ਸਕੂਲ, ਕਾਲਜ ਅਤੇ ਆਧੁਨਿਕ ਹਸਪਤਾਲ ਕਿੱਥੇ ਬਣੇ ਹਨ? ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕਿੰਨਾ ਠੋਸ ਸੁਧਾਰ ਹੋਇਆ ਹੈ? ਚੀਮਾ ਨੇ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਨੁਮਾਇੰਦੇ ਚੁਣੇ ਹਨ, ਨਾ ਕਿ ਦਿੱਲੀ ਤੋਂ ਆ ਕੇ ਫ਼ੈਸਲੇ ਕਰਨ ਵਾਲੇ ਕਿਸੇ ਹੋਰ ਪ੍ਰਬੰਧ ਨੂੰ। ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਣੇ ਫ਼ੈਸਲੇ ਖ਼ੁਦ ਲੈਣ ਦੀ ਆਜ਼ਾਦੀ ਹੈ ਜਾਂ ਹਰ ਵੱਡੇ ਫ਼ੈਸਲੇ ਲਈ ਦਿੱਲੀ ਵੱਲ ਦੇਖਣਾ ਪੈਂਦਾ ਹੈ? ਪੰਜਾਬ ਦੇ ਸਰੋਤਾਂ ਅਤੇ ਪੰਜਾਬ ਦੇ ਭਵਿੱਖ ਬਾਰੇ ਫ਼ੈਸਲੇ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਚਾਰ ਸਾਲਾਂ ਵਿੱਚ ਕੋਈ ਵਿਕਾਸ ਹੋਇਆ ਹੈ ਤਾਂ ਸਰਕਾਰ ਨੂੰ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਦਿੱਲੀ ਵਿੱਚ ਬੈਠੀ ਆਪਣੀ ਲੀਡਰਸ਼ਿਪ ਦੇ ਦਾਅਵਿਆਂ ਦੀ ਬਜਾਏ ਪੰਜਾਬ ਦੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਏ ਬਦਲਾਅ ਦੇ ਅੰਕੜੇ ਪੇਸ਼ ਕਰਨੇ ਚਾਹੀਦੇ ਹਨ। ਚੀਮਾ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਹੁਣ ਇਸ਼ਤਿਹਾਰਾਂ, ਨਾਅਰਿਆਂ ਅਤੇ ਭਾਸ਼ਣਾਂ ਦੀ ਨਹੀਂ, ਸਗੋਂ ਰੁਜ਼ਗਾਰ, ਨਸ਼ਾ ਮੁਕਤ ਪੰਜਾਬ, ਸੁਰੱਖਿਆ, ਕਿਸਾਨਾਂ ਦੇ ਸਨਮਾਨ ਅਤੇ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਲੋੜ ਹੈ। ਸਰਕਾਰ ਨੂੰ ਦਿੱਲੀ ਦੀ ਸਿਆਸਤ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਪੰਜਾਬ ਦਾ ਪੈਸਾ ਪੰਜਾਬ ਦੇ ਵਿਕਾਸ ਤੇ ਲੱਗਣਾ ਚਾਹੀਦਾ ਹੈ ਅਤੇ ਪੰਜਾਬ ਦੇ ਫ਼ੈਸਲੇ ਪੰਜਾਬ ਵਿੱਚ ਹੀ ਹੋਣੇ ਚਾਹੀਦੇ ਹਨ।ਇਸ ਮੌਕੇ ਹਲਕਾ ਦੱਖਣੀ ਲੁਧਿਆਣਾ ਦੇ ਮੁਸਲਿਮ ਭਾਈਚਾਰੇ ਵੱਲੋਂ ਇੱਕਜੁੱਟ ਹੋ ਕੇ ਐਲਾਨ ਕੀਤਾ ਗਿਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਮੁੱਚਾ ਮੁਸਲਿਮ ਭਾਈਚਾਰਾ ਈਸ਼ਵਰਜੋਤ ਸਿੰਘ ਚੀਮਾ ਦੇ ਹੱਕ ਵਿੱਚ ਡਟ ਕੇ ਨਿੱਤਰੇਗਾ। ਇਸ ਮੌਕੇ ਸਿਰਾਜੂਦੀਨ, ਪੰਮਾ, ਸਮਸ਼ੇਰ, ਲਿਆਕਤ ਖਾਨ, ਹਾਰੂਨ ਖਾਨ, ਇਸਰਾਰ ਅਹਿਮਦ, ਸਿਕੰਦਰ ਖਾਨ, ਅਬਦੁਲ ਰਹੀਮ, ਤਬਰੇਜ਼ ਅਹਿਮਦ, ਲਤੀਫ ਅਹਿਮਦ, ਮੁਹੰਮਦ ਸ਼ਫੀਕ ਅਤੇ ਹਾਜ਼ੀ ਮੁਹੰਮਦ ਯੂਨਸ ਹਾਜ਼ਰ ਸਨ।