- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖ਼ਬਰ-ਭੱਟੀਆਂ-ਕਾਸਾਬਾਦ ਡਰੇਨ ਰਾਹੀਂ ਸਤਲੁਜ ਦਰਿਆ ਵਿੱਚ ਦੂਸ਼ਿਤ ਪਾਣੀ ਪਾਉਣ 'ਤੇ ਪੀਏਸੀ ਨੇ ਜਤਾਈ ਚਿੰਤਾ

ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਪਬਲਿਕ ਐਕਸ਼ਨ ਕਮੇਟੀ (ਪੀਏਸੀ) ਨੇ ਭੱਟੀਆਂ-ਕਾਸਾਬਾਦ ਡਰੇਨ ਰਾਹੀਂ ਸਤਲੁਜ ਦਰਿਆ ਵਿੱਚ ਕਥਿਤ ਤੌਰ ’ਤੇ ਬਿਨਾਂ ਸੋਧਿਆ ਗੰਦਾ ਪਾਣੀ ਛੱਡੇ ਜਾਣ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਐਤਵਾਰ ਨੂੰ ਪੀਏਸੀ ਦੀ ਟੀਮ ਨੇ ਭੱਟੀਆਂ, ਕਾਸਾਬਾਦ, ਬਹਾਦਰਕੇ ਅਤੇ ਸਤਲੁਜ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰ ਕੇ ਪ੍ਰਦੂਸ਼ਣ ਦੀ ਸਥਿਤੀ ਦਾ ਜਾਇਜ਼ਾ ਲਿਆ। ਟੀਮ ਵਿੱਚ ਐਡਵੋਕੇਟ ਯੋਗੇਸ਼ ਖੰਨਾ, ਮਨਜਿੰਦਰ ਸਿੰਘ ਗਰੇਵਾਲ, ਦਾਨ ਸਿੰਘ ਓਸਾਹਨ ਅਤੇ ਕਰਨਲ ਸੀਐੱਮ ਲਖਨਪਾਲ ਸ਼ਾਮਲ ਸਨ। ਕਮੇਟੀ ਅਨੁਸਾਰ ਦਰਿਆ ਵੱਲ ਜਾ ਰਹੇ ਪਾਣੀ ਦਾ ਰੰਗ ਗੂੜ੍ਹਾ ਸਲੇਟੀ ਅਤੇ ਚਿੱਟਾ ਸੀ, ਜਿਸ ਵਿੱਚੋਂ ਬਦਬੂ ਆ ਰਹੀ ਸੀ ਅਤੇ ਝੱਗ ਵੀ ਬਣ ਰਹੀ ਸੀ। ਕਮੇਟੀ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਨਾਲ ਦਰਿਆ ਦੇ ਪਾਣੀ, ਧਰਤੀ ਹੇਠਲੇ ਪਾਣੀ, ਖੇਤੀਬਾੜੀ ਅਤੇ ਜਲ-ਜੀਵਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਪੀਏਸੀ ਨੇ ਭੱਟੀਆਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਸੁਤੰਤਰ ਤਕਨੀਕੀ ਆਡਿਟ ਕਰਵਾਉਣ ਅਤੇ ਗੰਦੇ ਪਾਣੀ ਦੇ ਸਰੋਤਾਂ ਦੀ ਜਾਂਚ ਦੀ ਮੰਗ ਕੀਤੀ ਹੈ। ਕਮੇਟੀ ਨੇ ਉਦਯੋਗਿਕ ਖੇਤਰ ਏ, ਟਰਾਂਸਪੋਰਟ ਨਗਰ ਅਤੇ ਸੁੰਦਰ ਨਗਰ ਵੱਲੋਂ ਗੰਦੇ ਪਾਣੀ ਦੀ ਸੰਭਾਵਿਤ ਨਿਕਾਸੀ ਜਾਂ ਡਾਇਵਰਸ਼ਨ ਦੀ ਵੀ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਦਰਿਆ ਦੇ ਕੰਢੇ ਕਥਿਤ ਰੇਤ ਖਣਨ, ਦਰਿਆਈ ਵਹਾਅ ਵਿੱਚ ਰੁਕਾਵਟਾਂ, ਹਾਈਵੇ ਨਿਰਮਾਣ ਅਤੇ ਹੜ੍ਹਾਂ ਦੇ ਖ਼ਤਰੇ ਸਬੰਧੀ ਵੀ ਜਾਂਚ ਦੀ ਮੰਗ ਕੀਤੀ ਗਈ ਹੈ। ਪੀਏਸੀ ਨੇ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਨਿਗਮ ਤੋਂ ਗੰਦੇ ਪਾਣੀ ਦੇ ਗੈਰ-ਕਾਨੂੰਨੀ ਨਿਕਾਸ ਬੰਦ ਕਰਨ, ਪਾਣੀ ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰਵਾਉਣ, ਦਰਿਆ ਦੇ ਕੰਢੇ ਸੁੱਟੇ ਕੂੜੇ ਦੀ ਸਫ਼ਾਈ ਅਤੇ ਬੁੱਢੇ ਦਰਿਆ ਤੇ ਸਤਲੁਜ ਦੀ ਬਹਾਲੀ ਲਈ ਸਮਾਂਬੱਧ ਯੋਜਨਾ ਜਾਰੀ ਕਰਨ ਦੀ ਮੰਗ ਕੀਤੀ ਹੈ। ਕਰਨਲ ਸੀਐੱਮ ਲਖਨਪਾਲ ਨੇ ਕਿਹਾ ਕਿ ਸਿਰਫ਼ ਕਮੇਟੀਆਂ ਬਣਾਉਣ ਅਤੇ ਐਲਾਨ ਕਰਨ ਦੀ ਬਜਾਏ ਪ੍ਰਦੂਸ਼ਣ ਰੋਕਣ ਲਈ ਜ਼ਮੀਨੀ ਪੱਧਰ 'ਤੇ ਠੋਸ ਕਾਰਵਾਈ ਹੋਣੀ ਚਾਹੀਦੀ ਹੈ।