- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਵਿਦਿਆਰਥੀਆਂ ਨੇ ਫ਼ਸਲੀ ਵਿਭਿੰਨਤਾ ਸਬੰਧੀ ਜਾਗਰੂਕਤਾ ਕੈਂਪ ਲਾਇਆ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਕਾਲਜ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਪੀਏਯੂ ਦੇ ਰਾਵੇ 402 ਪ੍ਰੋਗਰਾਮ ਅਧੀਨ ਡਾ. ਰੂਮਾ ਦੇਵੀ ਦੀ ਅਗਵਾਈ ਹੇਠ ਪਿੰਡ ਪਮਾਲੀ ਵਿਖੇ ਫ਼ਸਲੀ ਵਿਭਿੰਨਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕਾਲਜ ਦੇ ਡੀਨ ਡਾ. ਰਿਸ਼ੀ ਇੰਦਰ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਸਿਮਰਤ ਸਿੰਘ ਵੀ ਮੌਜੂਦ ਰਹੇ। ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਫ਼ਸਲੀ ਵਿਭਿੰਨਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਖੇਤੀ ਦੇ ਹੋਰ ਲਾਹੇਵੰਦ ਕਿੱਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮਸ਼ਰੂਮ ਦੀ ਕਾਸ਼ਤ, ਵਰਮੀਕੰਪੋਸਟ ਤਿਆਰ ਕਰਨ, ਫੁੱਲਾਂ ਦੀ ਖੇਤੀ, ਫਲਾਂ ਦੀ ਕਾਸ਼ਤ ਅਤੇ ਐਗਰੋਫੋਰੈਸਟਰੀ (ਖੇਤੀਬਾੜੀ ਵਣ-ਵਿਗਿਆਨ) ਵਰਗੇ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਅਪਣਾਉਣ ਨਾਲ ਕਿਸਾਨ ਆਪਣੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਕਰ ਸਕਦੇ ਹਨ ਅਤੇ ਖੇਤੀ ਨੂੰ ਵਧੇਰੇ ਲਾਹੇਵੰਦ ਤੇ ਟਿਕਾਊ ਬਣਾ ਸਕਦੇ ਹਨ। ਵੱਖ-ਵੱਖ ਸਹਾਇਕ ਕਿੱਤਿਆਂ ਨੂੰ ਖੇਤੀ ਨਾਲ ਜੋੜ ਕੇ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਸਬਜ਼ੀਆਂ, ਫਲਦਾਰ ਅਤੇ ਐਗਰੋਫੋਰੈਸਟਰੀ ਨਾਲ ਸਬੰਧਤ ਪੌਦੇ ਵੀ ਵੰਡੇ ਗਏ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦੇ ਵੱਖ-ਵੱਖ ਬਦਲਾਂ ਬਾਰੇ ਜਾਗਰੂਕ ਕਰਨਾ, ਖੇਤੀ ਵਿੱਚ ਨਵੇਂ ਕਿੱਤਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨਵੇਂ ਮੌਕਿਆਂ ਤੋਂ ਜਾਣੂ ਕਰਵਾਉਣਾ ਸੀ। ਇਸ ਪ੍ਰੋਗਰਾਮ ਵਿੱਚ ਰਾਵੇ 402 ਦੇ ਵਿਦਿਆਰਥੀਆਂ ਦੀ ਟੀਮ ਨੇ ਸਰਗਰਮੀ ਨਾਲ ਭਾਗ ਲਿਆ। ਟੀਮ ਦੀ ਅਗਵਾਈ ਗਰੁੱਪ ਲੀਡਰ ਅਰਮਾਨ ਸੂਦ ਨੇ ਕੀਤੀ। ਟੀਮ ਦੇ ਹੋਰ ਮੈਂਬਰਾਂ ਵਿੱਚ ਅਭਿਜੋਤ ਸਿੰਘ, ਗੁਰਪ੍ਰੀਤ ਕੁਮਾਰ, ਮੰਕੀਰਤ ਬਾਜਵਾ, ਅਮ੍ਰਿਤਪਾਲ ਸਿੰਘ, ਅਰਪਿਤਾ, ਅਰਮਾਨ ਸੰਧੂ, ਗੁਰਪ੍ਰਭਵੀਰ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ, ਰਾਜਵੀਰ ਕੌਰ, ਜਸਲੀਨ ਕੌਰ, ਪਵਨੀਤ, ਜਪਲੀਨ ਕੌਰ ਅਤੇ ਆਕ੍ਰਿਤੀ ਸ਼ਾਮਲ ਸਨ।