- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣਖ, ਸਵੈਮਾਣ ’ਤੇ ਦਲੇਰੀ ਦੀ ਗਵਾਹੀ ਭਰਦੈ ਬਾਬਾ ਦੀਪ ਸਿੰਘ ਦਾ ਜੀਵਨ-ਸੰਤ ਅਮੀਰ ਸਿੰਘ

10
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ
ਜਵੱਦੀ ਟਕਸਾਲ ’ਚ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ। ਸੰਗਤ ਨਾਲ ਮਹਾਂਪੁਰਸ਼ਾਂ ਨੇ ਬਾਬਾ ਜੀ ਦੇ ਜੀਵਨ ਨਾਲ ਜੁੜੇ ਵੱਖ ਵੱਖ ਪਹਿਲੂਆਂ ਤੋਂ ਗੁਰਮਤਿ ਵਿਚਾਰ ਸਾਂਝੇ ਕਰਦਿਆਂ ਫੁਰਮਾਇਆ ਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਇਕ-ਇਕ ਪੱਖ ਸਿੱਖਾਂ ਦੀ ਅਣਖ, ਸਵੈਮਾਣ ਤੇ ਦਲੇਰੀ ਦੀ ਸ਼ਾਹਦੀ ਭਰਦਾ ਹੈ। ਇਤਿਹਾਸ ਦੇ ਪੰਨੇ ਫੋਲਦਿਆਂ ਦੱਸਿਆ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਤੇ ਸਿੱਖ ਇਤਿਹਾਸ ਸਿੱਖੀ ਲਈ ਦਿੱਤੀਆਂ ਸ਼ਹਾਦਤਾਂ ਦਾ ਇਤਿਹਾਸ ਹੈ। ਸਿੱਖ ਇਤਿਹਾਸ ’ਚ ਸ਼ਹੀਦਾਂ ਦੀ ਗਿਣਤੀ ਸ਼ੁਮਾਰ ਕੀਤੇ ਜਾਣ ਤੋਂ ਬਾਹਰੀ ਹੈ। ਸਿੱਖੀ ਦੇ ਧਰਮ ਖੇਤਰ ਵਿੱਚ ਜੂਝਦਿਆਂ ਜਾਂਬਾਜ਼ ਸੰਗਰਾਮੀਆਂ ਦੀ ਪਾਲ ’ਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਲਾਸਾਨੀ ਹੈ। ਉਨ੍ਹਾਂ ਸਿੱਖੀ ਦੇ ਪਵਿੱਤਰ ਕੇਂਦਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ’ਤੇ ਕਾਬਜ਼ ਮੁਗਲ ਫੌਜ਼ਦਾਰ ਵਲੋਂ ਪਾਵਨ ਗੁਰਧਾਮ ਦੀ ਬੇਹੁਰਮਤੀ ਕਰਨ ਵਾਲੇ ਘ੍ਰਿਣਤ ਪਾਪ ਕਰਮਾਂ ਕਾਰਨ ਉਸ ਨਾਲ ਦੋ ਹੱਥ ਕਰਕੇ ਪਵਿੱਤਰਤਾ ਬਹਾਲ ਕਰਨ ਦੇ ਦਿੱਤੇ ਬਚਨ ਬਦਲੇ ਬਜ਼ੁਰਗ ਉਮਰ ਦੇ ਬਾਵਜ਼ੂਦ ਵੱਡੀ ਗਿਣਤੀ 'ਚ ਸਾਹਮਣੇ ਖੜ੍ਹੇ ਦੁਸ਼ਮਣ ਨਾਲ ਦੋ ਹੱਥ ਕਰਦਿਆ, ਜੂਝਦਿਆਂ, ਗੁਰੂ ਦਰ ਤੱਕ ਸੀਸ ਤਲੀ ’ਤੇ ਧਰ ਲੜਦਿਆਂ ਪਰਿਕਰਮਾ 'ਚ ਸੀਸ ਭੇਟ ਕੀਤਾ। ਬਾਬਾ ਜੀ ਨੇ ਇਤਿਹਾਸਕ ਹਵਾਲਿਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਇਹ ਪੱਖ ਇਸ ਗੱਲ ਦੀ ਸੂਚਕ ਹੈ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਦੇ ਬਰਦਾਸ਼ਤ ਨਹੀਂ ਕਰਦੇ, ਜਿਸ ਕਿਸੇ ਨੇ ਇਸ ਪਾਵਨ ਗੁਰਧਾਮ ਦੀ ਬੇਹੁਰਮਤੀ ਕੀਤੀ, ਉਸ ਤੋਂ ਪੂਰਾ ਬਦਲਾ ਲਿਆ। ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੇ ਕਾਰਨਾਮੇ ਨੇ ਸਿੰਘਾਂ ਦੀ ਜ਼ੁਰਅੱਤ ਤੇ ਕੁਰਬਾਨੀ ਦੀ ਰੂਹ ਤੇ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਦੀ ਅਤਿ ਘਿਨੌਣੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕੀਤੇ ਦੀ ਸਜ਼ਾ ਦੇਣ ਦੇ ਖਾਲਸਾਈ ਬਿੰਦੂਆਂ ਨੂੰ ਸਾਕਾਰ ਕਰ ਵਿਖਾਇਆ। ਉਨ੍ਹਾਂ 26, 27, 28 ਤੇ 29 ਨਵੰਬਰ ਨੂੰ ਹੋਣ ਜਾ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦੀਆਂ ਤਿਆਰੀਆਂ ਨਾਲ ਜੁੜੇ ਪਹਿਲੂਆਂ ਤੇ ਪ੍ਰਬੰਧਕਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।