- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਸੋਹਣ ਸਿੰਘ ਵਾਲੀਆ ਨੇ ਅਹੁਦਾ ਸੰਭਾਲਿਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜੈਵਿਕ ਅਤੇ ਏਕੀਕ੍ਰਿਤ ਖੇਤੀ ਪ੍ਰਣਾਲੀਆਂ ਦੇ ਪ੍ਰਸਿੱਧ ਮਾਹਿਰ ਡਾ. ਸੋਹਣ ਸਿੰਘ ਵਾਲੀਆ ਨੇ ਖੋਜ (ਖੇਤੀਬਾੜੀ, ਬਾਗਬਾਨੀ ਅਤੇ ਜੰਗਲਾਤ) ਦੇ ਵਧੀਕ ਨਿਰਦੇਸ਼ਕ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਵਾਲੀਆ ਨੇ ਪੀਏਯੂ. ਤੋਂ ਖੇਤੀਬਾੜੀ ਵਿੱਚ ਬੀਐੱਸਸੀ. ਆਨਰਜ਼, ਐੱਮਐੱਸਸੀ ਤੇ ਪੀਐੱਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਆਪਣੇ ਅਕਾਦਮਿਕ ਜੀਵਨ ਦੌਰਾਨ ਕਈ ਮੈਡਲ ਤੇ ਮੈਰਿਟ ਸਰਟੀਫਿਕੇਟ ਹਾਸਲ ਕੀਤੇ। ਉਨ੍ਹਾਂ 1995 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਯੂਨੀਵਰਸਿਟੀ ’ਚ ਸੇਵਾਵਾਂ ਸ਼ੁਰੂ ਕੀਤੀਆਂ ਅਤੇ 2021 ਵਿੱਚ ਸਕੂਲ ਆਫ਼ ਆਰਗੈਨਿਕ ਐਂਡ ਨੈਚੁਰਲ ਫਾਰਮਿੰਗ ਦੇ ਨਿਰਦੇਸ਼ਕ ਬਣੇ। ਡਾ. ਵਾਲੀਆ ਦੇ ਨਾਮ 800 ਤੋਂ ਵੱਧ ਪ੍ਰਕਾਸ਼ਨ ਦਰਜ ਹਨ, ਜਿਨ੍ਹਾਂ ਵਿੱਚ 240 ਖੋਜ ਪੱਤਰ, 25 ਪੁਸਤਕਾਂ ਅਤੇ ਕਈ ਖੋਜ ਤੇ ਪਸਾਰ ਪ੍ਰਕਾਸ਼ਨ ਸ਼ਾਮਲ ਹਨ। ਉਨ੍ਹਾਂ 93 ਖੋਜ ਪ੍ਰੋਜੈਕਟਾਂ ਦੀ ਅਗਵਾਈ ਕਰਦਿਆਂ 2,065 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ। ਉਨ੍ਹਾਂ ਵੱਲੋਂ ਡੇਅਰੀ, ਮੱਛੀ ਪਾਲਣ, ਬਾਗਬਾਨੀ, ਸਬਜ਼ੀਆਂ, ਖੇਤੀ ਜੰਗਲਾਤ ਤੇ ਵਰਮੀਕੰਪੋਸਟਿੰਗ ਨੂੰ ਜੋੜ ਕੇ ਏਕੀਕ੍ਰਿਤ ਖੇਤੀ ਪ੍ਰਣਾਲੀ ਦਾ ਮਾਡਲ ਵੀ ਵਿਕਸਤ ਕੀਤਾ ਗਿਆ ਹੈ। ਕਿਸਾਨਾਂ ਲਈ ਉਨ੍ਹਾਂ ਦੀਆਂ 108 ਵਿਹਾਰਕ ਸਿਫ਼ਾਰਸ਼ਾਂ ਵੀ ਮਹੱਤਵਪੂਰਨ ਯੋਗਦਾਨ ਹਨ। ਉਨ੍ਹਾਂ ਨੂੰ ਖੋਜ, ਪੜ੍ਹਾਉਣ ਤੇ ਪਸਾਰ ਦੇ ਖੇਤਰ ਵਿੱਚ ਕਈ ਕੌਮੀ ਪੱਧਰ ਦੇ ਸਨਮਾਨ ਮਿਲ ਚੁੱਕੇ ਹਨ। ਇਨ੍ਹਾਂ ਵਿੱਚ 2025 ਦਾ ਗੋਲਡ ਮੈਡਲ, 2023-24 ਦਾ ਸ਼ਾਨਦਾਰ ਯੋਗਦਾਨ ਸਨਮਾਨ ਅਤੇ ਭਾਰਤੀ ਖੇਤੀ ਵਿਗਿਆਨ ਸੁਸਾਇਟੀ ਦੀ ਫੈਲੋਸ਼ਿਪ ਸ਼ਾਮਲ ਹਨ। ਡਾ. ਵਾਲੀਆ ਨੇ ਨਵੇਂ ਅਹੁਦੇ ’ਤੇ ਕਿਸਾਨਾਂ ਦੀ ਆਮਦਨ ਵਧਾਉਣ, ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਖੇਤੀ ਖੋਜ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਵਚਨਬੱਧਤਾ ਪ੍ਰਗਟਾਈ।