- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਦੀ ਲੀਡ-ਗਿੱਲ ਚੌਕ ’ਚ ਹਾਦਸੇ ਉਪਰੰਤ ਹਰਕਤ ’ਚ ਆਉਣ ਦੀ ਅਪੀਲ, ਰੋਡ ਜਲਦ ਉਸਾਰਨ ਦੀ ਮੰਗ

1 ਨੰਬਰ ਦੀ ਲੀਡ)
-ਚੌਕ ’ਚ ਟ੍ਰੈਫਿਕ ਸਿਗਨਲ ਲਾਉਣ ਤੇ ਲੁਧਿਆਣਾ ਦੀ ਸਨਅਤ ਪਛਾਣ ਦਰਸਾਉਂਦਾ ਮਾਡਲ ਬਣਾਉਣ ਦਾ ਦਿੱਤਾ ਸੁਝਾਅ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਗਿੱਲ ਪਿੰਡ ਚੌਕ ਵਿਖੇ ਸੜਕ ਹਾਦਸੇ ਵਿੱਚ ਇਕ ਗੱਡੀ ਪਲਟਣ ਤੇ ਉਸ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਗਲਾਡਾ ਤੋਂ ਚੌਕ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਵਾਹਨਾਂ ਨੂੰ ਕੱਚੇ ਰਸਤੇ ਰਾਹੀਂ ਸੜਕ ’ਤੇ ਆਉਣਾ-ਜਾਣਾ ਪੈਂਦਾ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੁੱਗਰੀ ਵੱਲੋਂ 200 ਫੁੱਟੀ ਸੜਕ ਰਾਹੀਂ ਗਿੱਲਾਂ ਵੱਲ ਜਾਂਦੇ ਨਵੇਂ ਫਲਾਈਓਵਰ ਤੋਂ ਹੇਠਾਂ ਉਤਰਨ ਮਗਰੋਂ ਗਿੱਲ ਪਿੰਡ ਵਿਖੇ ਪਹਿਲਾਂ ਇਕ ਛੋਟਾ ਚੌਕ ਬਣਿਆ ਹੋਇਆ ਸੀ। ਇਹ ਚੌਕ ਸੜਕ ਦੀ ਸਿੱਧੀ ਲਾਈਨ ਤੋਂ ਕੁਝ ਹਟਵਾਂ ਹੋਣ ਕਾਰਨ ਆਵਾਜਾਈ ਵਿੱਚ ਮੁਸ਼ਕਲ ਪੈਦਾ ਕਰਦਾ ਸੀ। ਹੁਣ ਪੁਰਾਣੇ ਚੌਕ ਨੂੰ ਹਟਾ ਕੇ ਸੜਕ ਦੀ ਸਿੱਧੀ ਲਾਈਨ ਵਿੱਚ ਲਗਪਗ 30 ਫੁੱਟ ਦਾ ਨਵਾਂ ਚੌਕ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਅਨੁਸਾਰ ਇਸ ਨਾਲ ਆਵਾਜਾਈ ਸੁਚਾਰੂ ਹੋਣ ਤੇ ਹਾਦਸਿਆਂ ਦਾ ਖ਼ਤਰਾ ਘਟਣ ਦੀ ਉਮੀਦ ਹੈ।
ਮੱਕੜ ਨੇ ਕਿਹਾ ਕਿ ਫਿਰੋਜ਼ਪੁਰ ਰੋਡ ਤੋਂ ਲੋਧੀ ਕਲੱਬ ਵਾਲੇ ਅੰਡਰਪਾਸ ਰਾਹੀਂ ਫਲਾਵਰ ਚੌਕ ਅਤੇ 200 ਫੁੱਟੀ ਸੜਕ ਹੁੰਦੇ ਹੋਏ ਨਵੇਂ ਓਵਰਬ੍ਰਿਜ ਨੂੰ ਪਾਰ ਕਰਨ ਤੋਂ ਬਾਅਦ ਇਹ ਰਸਤਾ ਦੁਰਾਹੇ ਵਾਲੀ ਨਹਿਰ ਵੱਲ ਜਾਂਦਾ ਹੈ। ਇਸ ਮਹੱਤਵਪੂਰਨ ਸੜਕ ’ਤੇ ਗਿੱਲ ਪਿੰਡ ਚੌਕ ਦੀ ਸਹੀ ਬਣਤਰ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਐਸੋਸੀਏਸ਼ਨ ਨੇ ਗਲਾਡਾ ਨੂੰ ਸੁਝਾਅ ਦਿੱਤਾ ਹੈ ਕਿ ਨਵੇਂ ਚੌਕ ਵਿੱਚ ਲੁਧਿਆਣਾ ਦੀ ਉਦਯੋਗਿਕ ਪਛਾਣ ਨੂੰ ਦਰਸਾਉਂਦਾ ਸੁੰਦਰ ਮਾਡਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੁਧਿਆਣਾ ਸਾਈਕਲ, ਹੌਜ਼ਰੀ, ਸਿਲਾਈ ਮਸ਼ੀਨ, ਟਰੈਕਟਰ ਪਾਰਟਸ, ਖੇਤੀਬਾੜੀ ਸੰਦਾਂ, ਗਾਰਡਨ ਟੂਲਜ਼ ਅਤੇ ਆਟੋ ਪਾਰਟਸ ਸਮੇਤ ਕਈ ਉਦਯੋਗਾਂ ਲਈ ਦੇਸ਼-ਵਿਦੇਸ਼ ਵਿੱਚ ਜਾਣਿਆ ਜਾਂਦਾ ਹੈ। ਚੌਕ ਵਿੱਚ ਇਨ੍ਹਾਂ ਉਦਯੋਗਾਂ ਨੂੰ ਦਰਸਾਉਂਦਾ ਮਾਡਲ ਸ਼ਹਿਰ ਦੀ ਉਦਯੋਗਿਕ ਵਿਰਾਸਤ ਤੇ ਕਾਰੋਬਾਰੀ ਪਛਾਣ ਨੂੰ ਉਜਾਗਰ ਕਰ ਸਕਦਾ ਹੈ।
-ਬਾਕਸ-
-ਲੁਧਿਆਣਾ-ਮਾਲੇਰਕੋਟਲਾ ਰੋਡ ਦਾ ਨਾਮ ਬਦਲਣ ਦਾ ਸੁਝਾਅ
ਮੱਕੜ ਨੇ ਗਲਾਡਾ ਅਤੇ ਨਗਰ ਨਿਗਮ ਤੋਂ ਲੁਧਿਆਣਾ-ਮਲੇਰਕੋਟਲਾ ਰੋਡ ਨੂੰ 'ਨਿਊ ਲੁਧਿਆਣਾ-ਮਲੇਰਕੋਟਲਾ ਲਿੰਕ ਰੋਡ' ਵਜੋਂ ਨਵੀਂ ਪਛਾਣ ਦੇਣ ਬਾਰੇ ਵੀ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਵਧ ਰਹੀਆਂ ਉਦਯੋਗਿਕ ਗਤੀਵਿਧੀਆਂ ਅਤੇ ਸ਼ਹਿਰੀ ਵਿਕਾਸ ਦੇ ਮੱਦੇਨਜ਼ਰ ਇਸ ਸੜਕ ਨੂੰ ਨਵਾਂ ਨਾਮ ਦੇਣਾ ਢੁੱਕਵਾਂ ਹੋਵੇਗਾ।
-ਬਾਕਸ-
-ਜੀਐੱਨਈ ਕਾਲਜ ਨੇੜੇ ਕੱਟ ਬੰਦ ਕਰਨ ਦੀ ਮੰਗ
ਐਸੋਸੀਏਸ਼ਨ ਨੇ ਨਿਗਮ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਗਲਾਡਾ ਨੂੰ ਜੀਐੱਨਈ ਕਾਲਜ ਨੇੜੇ ਸੜਕ ’ਤੇ ਬਣੇ ਕੱਟ ਨੂੰ ਬੰਦ ਕਰਨ ਦੀ ਅਪੀਲ ਵੀ ਕੀਤੀ ਹੈ। ਮੱਕੜ ਅਨੁਸਾਰ ਇਸ ਕੱਟ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣਦੀ ਹੈ। ਕੱਟ ਬੰਦ ਹੋਣ ਨਾਲ ਵਾਹਨ ਖੱਬੇ ਪਾਸੇ ਤੋਂ ਘੁੰਮ ਕੇ ਜੀਐੱਨਈ ਕਾਲਜ ਦੇ ਸਾਹਮਣੇ ਹੁੰਦੇ ਹੋਏ ਗਿੱਲਾਂ ਅਤੇ ਮੁੱਲਾਂਪੁਰ ਵੱਲ ਜਾ ਸਕਣਗੇ। ਇਸ ਤੋਂ ਇਲਾਵਾ ਨਵੇਂ ਗਿੱਲ ਪਿੰਡ ਚੌਕ ਵਿੱਚ ਟ੍ਰੈਫਿਕ ਸਿਗਨਲ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਮੱਕੜ ਅਨੁਸਾਰ ਇਨ੍ਹਾਂ ਸੁਝਾਵਾਂ ਦਾ ਮਕਸਦ ਕਿਸੇ ਵਿਭਾਗ ਦੀ ਆਲੋਚਨਾ ਕਰਨਾ ਨਹੀਂ, ਸਗੋਂ ਸ਼ਹਿਰ ਦੀ ਸੁੰਦਰਤਾ, ਉਦਯੋਗਿਕ ਪਛਾਣ ਅਤੇ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣਾ ਹੈ। ਉਨ੍ਹਾਂ ਗਲਾਡਾ ਅਤੇ ਨਗਰ ਨਿਗਮ ਨੂੰ ਹਾਦਸੇ ਨੂੰ ਗੰਭੀਰਤਾ ਨਾਲ ਲੈਂਦਿਆਂ ਚੌਕ ਦਾ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਉਣ ਅਤੇ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ।
-ਬਾਕਸ-
-ਵੱਖ-ਵੱਖ ਹਾਦਸਿਆਂ ’ਚ ਕਈ ਮਨੁੱਖੀ ਜਾਨਾਂ ਤੇ ਵਾਹਨਾਂ ਦਾ ਹੋ ਚੁੱਕਾ ਹੈ ਨੁਕਸਾਨ
ਚੌਂਕ ਦਾ ਕੰਮ ਅਧੂਰਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਕੱਚੇ ਰਸਤੇ ਰਾਹੀਂ ਲੰਘਣਾ ਪੈਂਦਾ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇਸ ਚੌਂਕ ਵਿੱਚ ਪਿਛਲੇ ਸਮੇਂ ਵਿੱਚ ਕਈ ਵੱਡੇ ਤੇ ਛੋਟੇ ਹਾਦਸੇ ਵਾਪਰ ਚੁੱਕੇ ਹਨ।ਜਿਸ ਵਿੱਚ ਜਿੱਥੇ ਕਈ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਕਈ ਵਾਹਨ ਵੀ ਨੁਕਸਾਨੇ ਗਏ ਹਨ। ਪੰਜਾਬ ਸਰਕਾਰ, ਗਲਾਡਾ ਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਇਸ ਚੌਂਕ ਦਾ ਨਿਰਮਾਣ ਕਰਕੇ ਹਾਦਸਿਆਂ ਨੂੰ ਘਟਾਉਣ ਲਈ ਕੋਈ ਵੀ ਪੁਖਤਾ ਕਦਮ ਨਹੀਂ ਚੁੱਕਿਆ। ਜਿਸ ਕਰਕੇ ਨਿੱਤ ਹੀ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਥਾਂ 'ਤੇ ਵਾਪਰੇ ਤਾਜ਼ਾ ਸੜਕ ਹਾਦਸੇ ਦੌਰਾਨ ਇਕ ਗੱਡੀ ਪਲਟ ਗਈ, ਜਿਸ ਵਿੱਚ ਸਵਾਰ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਹ ਘਟਨਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਗਲਾਡਾ ਨੂੰ ਚੌਕ ਦਾ ਨਿਰਮਾਣ ਤੁਰੰਤ ਸ਼ੁਰੂ ਕਰਵਾਉਣ ਅਤੇ ਨਗਰ ਨਿਗਮ ਨੂੰ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ। ਚੌਕ ਦਾ ਨਿਰਮਾਣ ਸਿਰਫ਼ ਆਵਾਜਾਈ ਦੀ ਸਹੂਲਤ ਹੀ ਨਹੀਂ, ਸਗੋਂ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।