- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਲਵਾਰ ਦੀ ਨੋਕ ’ਤੇ ਨਵਵਿਆਹੇ ਜੋੜੇ ਨੂੰ ਲੁੱਟਿਆ, ਲੱਖਾਂ ਦਾ ਲੈਪਟਾਪ, ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋਏ ਤਿੰਨ ਬਦਮਾਸ਼

1 ਦੀ ਲੀਡ)
-ਈ-ਰਿਕਸ਼ਾ ਰੋਕੀ ਤੇ ਤਲਵਾਰ ਤਾਣ ਕੇ ਲੁੱਟਿਆ ਸਾਮਾਨ ਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਵਿੱਚ ਸਵੇਰ ਦੀ ਪਹਿਲੀ ਕਿਰਨ ਫੁੱਟਣ ਤੋਂ ਪਹਿਲਾਂ ਹੀ ਬਦਮਾਸ਼ਾਂ ਨੇ ਦਹਿਸ਼ਤ ਦਾ ਅਜਿਹਾ ਮੰਜ਼ਰ ਸਿਰਜਿਆ ਕਿ ਦਿੱਲੀ ਤੋਂ ਆਪਣੀ ਨਵਵਿਆਹੀ ਪਤਨੀ ਨਾਲ ਭੈਣ ਨੂੰ ਮਿਲਣ ਆਏ ਨੌਜਵਾਨ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟ ਲਿਆ। ਢੰਡਾਰੀ ਇਲਾਕੇ ਤੋਂ ਈ-ਰਿਕਸ਼ਾ ਵਿੱਚ ਸਵਾਰ ਹੋ ਕੇ ਡਾਬਾ ਰੋਡ ਵੱਲ ਜਾ ਰਹੇ ਜੋੜੇ ਨੂੰ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਰਸਤੇ ਵਿੱਚ ਘੇਰ ਲਿਆ। ਇਕ ਮੁਲਜ਼ਮ ਨੇ ਚਾਦਰ ਵਿੱਚ ਲੁਕਾਈ ਤਲਵਾਰ ਕੱਢ ਕੇ ਨੌਜਵਾਨ ਦੀ ਪਤਨੀ ਵੱਲ ਤਾਣ ਦਿੱਤੀ, ਜਦਕਿ ਦੂਜੇ ਨੇ ਈ-ਰਿਕਸ਼ਾ ਦੀ ਚਾਬੀ ਕੱਢ ਲਈ। ਆਪਣੀ ਪਤਨੀ ਦੀ ਜਾਨ ਬਚਾਉਣ ਲਈ ਨੌਜਵਾਨ ਨੇ ਬਦਮਾਸ਼ਾਂ ਅੱਗੇ ਸਾਰਾ ਕੀਮਤੀ ਸਾਮਾਨ ਰੱਖ ਦਿੱਤਾ। ਮੁਲਜ਼ਮ ਸੋਨੇ-ਚਾਂਦੀ ਦੇ ਗਹਿਣੇ, ਨਕਦੀ, ਮੋਬਾਈਲ ਫੋਨ ਅਤੇ ਕੰਪਨੀ ਦਾ ਲੱਖਾਂ ਰੁਪਏ ਦਾ ਲੈਪਟਾਪ ਲੁੱਟ ਕੇ ਫਰਾਰ ਹੋ ਗਏ।
ਦੱਖਣੀ-ਪੱਛਮੀ ਦਿੱਲੀ ਦੇ ਰਹਿਣ ਵਾਲੇ ਅੰਕਿਤ ਕਪਲੇਸ਼ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਭੈਣ ਕਵਿਤਾ ਕਪਲੇਸ਼ ਅਤੇ ਜੀਜੇ ਨੂੰ ਮਿਲਣ ਲਈ ਆਪਣੀ ਪਤਨੀ ਸ਼ੀਲੂ ਨਾਲ ਲੁਧਿਆਣਾ ਆਇਆ ਸੀ। ਉਸ ਦਾ ਵਿਆਹ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਅੰਕਿਤ ਦਿੱਲੀ ਦੀ ਇਕ ਬਹੁਕੌਮੀ ਕੰਪਨੀ ਵਿੱਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ ਪੰਜ ਵਜੇ ਉਸ ਨੇ ਢੰਡਾਰੀ ਇਲਾਕੇ ਤੋਂ ਡਾਬਾ ਰੋਡ ਜਾਣ ਲਈ ਇਕ ਈ-ਰਿਕਸ਼ਾ ਕਿਰਾਏ ’ਤੇ ਲਿਆ ਸੀ।
ਅੰਕਿਤ ਅਨੁਸਾਰ ਜਦੋਂ ਉਹ ਆਪਣੀ ਪਤਨੀ ਨਾਲ ਈ-ਰਿਕਸ਼ਾ ਵਿੱਚ ਸਵਾਰ ਹੋ ਕੇ ਡਾਬਾ ਰੋਡ ਸਥਿਤ ਅਨੂਪ ਇੰਡਸਟਰੀ ਦੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਨ੍ਹਾਂ ਦੇ ਬਿਲਕੁਲ ਸਾਹਮਣੇ ਆ ਗਏ। ਉਹ ਈ-ਰਿਕਸ਼ਾ ਵੱਲ ਦੇਖਦੇ ਹੋਏ ਅੱਗੇ ਲੰਘ ਗਏ। ਇਸੇ ਦੌਰਾਨ ਈ-ਰਿਕਸ਼ਾ ਚਾਲਕ ਨੇ ਅੰਕਿਤ ਨੂੰ ਚੌਕਸ ਕਰਦਿਆਂ ਕਿਹਾ ਕਿ ਇਹ ਨੌਜਵਾਨ ਲੁਟੇਰੇ ਜਾਪਦੇ ਹਨ। ਹਾਲਾਂਕਿ, ਉਸ ਸਮੇਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕੁਝ ਪਲਾਂ ਬਾਅਦ ਹੀ ਇਹ ਨੌਜਵਾਨ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਣਗੇ।
ਅੰਕਿਤ ਨੇ ਦੱਸਿਆ ਕਿ ਕੁਝ ਹੀ ਸਮੇਂ ਬਾਅਦ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨ ਵਾਪਸ ਮੁੜ ਆਏ ਅਤੇ ਈ-ਰਿਕਸ਼ਾ ਰੋਕ ਲਿਆ। ਉਨ੍ਹਾਂ ਨੇ ਚਾਲਕ ਨੂੰ ਕਿਹਾ ਕਿ ਉਹ ਉਨ੍ਹਾਂ ਵਿੱਚੋਂ ਇਕ ਵਿਅਕਤੀ ਨੂੰ ਡਾਬਾ ਇਲਾਕੇ ਵਿੱਚ ਛੱਡ ਦੇਵੇ। ਇਸ ’ਤੇ ਈ-ਰਿਕਸ਼ਾ ਚਾਲਕ ਨੇ ਜਵਾਬ ਦਿੱਤਾ ਕਿ ਉਸ ਦੇ ਰਿਕਸ਼ਾ ਵਿੱਚ ਨਵਵਿਆਹਿਆ ਜੋੜਾ ਬੈਠਾ ਹੈ ਅਤੇ ਉਹ ਕਿਸੇ ਹੋਰ ਵਿਅਕਤੀ ਨੂੰ ਨਾਲ ਨਹੀਂ ਬਿਠਾਏਗਾ।ਇਸੇ ਦੌਰਾਨ ਇਕ ਬਦਮਾਸ਼ ਨੇ ਆਪਣੀ ਚਾਦਰ ਹੇਠੋਂ ਤਲਵਾਰ ਕੱਢ ਲਈ, ਜਦਕਿ ਦੂਜੇ ਨੇ ਈ-ਰਿਕਸ਼ਾ ਦੀ ਚਾਬੀ ਕੱਢ ਲਈ। ਹਾਲਾਤ ਨੂੰ ਸਮਝਦਿਆਂ ਹੀ ਅੰਕਿਤ ਅਤੇ ਉਸ ਦੀ ਪਤਨੀ ਸਹਿਮ ਗਏ। ਬਦਮਾਸ਼ਾਂ ਨੇ ਸਭ ਤੋਂ ਪਹਿਲਾਂ ਉਸ ਦੀ ਪਤਨੀ ਸ਼ੀਲੂ ਵੱਲ ਰੁਖ਼ ਕੀਤਾ ਅਤੇ ਉਸ ’ਤੇ ਤਲਵਾਰ ਤਾਣ ਦਿੱਤੀ। ਹਮਲਾ ਕਰਨ ਦੀ ਧਮਕੀ ਦਿੰਦਿਆਂ ਉਨ੍ਹਾਂ ਨੇ ਜੋੜੇ ਨੂੰ ਆਪਣਾ ਸਾਰਾ ਸਾਮਾਨ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ।
ਅੰਕਿਤ ਅਨੁਸਾਰ ਉਸ ਸਮੇਂ ਉਸਦੇ ਸਾਹਮਣੇ ਆਪਣੀ ਪਤਨੀ ਦੀ ਸੁਰੱਖਿਆ ਸਭ ਤੋਂ ਵੱਡੀ ਚਿੰਤਾ ਸੀ। ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਤੋਂ ਬਚਣ ਲਈ ਉਸ ਨੇ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਬਜਾਏ ਆਪਣਾ ਸਾਰਾ ਕੀਮਤੀ ਸਾਮਾਨ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਉਸ ਦੀ ਪਤਨੀ ਦਾ ਪਰਸ ਵੀ ਲੈ ਗਏ, ਜਿਸ ਵਿੱਚ ਸੋਨੇ-ਚਾਂਦੀ ਦੇ ਗਹਿਣੇ, ਕਰੀਬ 20 ਹਜ਼ਾਰ ਦੀ ਨਕਦੀ, ਵੀਵੋ ਕੰਪਨੀ ਦਾ ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਸਨ।
ਇਸ ਤੋਂ ਇਲਾਵਾ ਬਦਮਾਸ਼ ਅੰਕਿਤ ਦਾ ਕੰਪਨੀ ਨਾਲ ਸਬੰਧਤ ਲੱਖਾਂ ਰੁਪਏ ਦੀ ਕੀਮਤ ਵਾਲਾ ਲੈਪਟਾਪ ਵੀ ਲੁੱਟ ਕੇ ਲੈ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਮੁਲਜ਼ਮ ਜੋੜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਅੰਕਿਤ ਨੇ ਦੱਸਿਆ ਕਿ ਬਦਮਾਸ਼ਾਂ ਦੇ ਹੱਥਾਂ ਵਿੱਚ ਤਲਵਾਰ ਦੇਖ ਕੇ ਉਹ ਬੁਰੀ ਤਰ੍ਹਾਂ ਘਬਰਾ ਗਿਆ ਸੀ। ਉਸ ਸਮੇਂ ਉਸ ਨੂੰ ਆਪਣੇ ਅਤੇ ਆਪਣੀ ਪਤਨੀ ਦੀ ਜਾਨ ਦੀ ਚਿੰਤਾ ਸਤਾ ਰਹੀ ਸੀ। ਉਸ ਨੇ ਕਿਹਾ ਕਿ ਪੈਸੇ ਅਤੇ ਕੀਮਤੀ ਸਾਮਾਨ ਦਾ ਨੁਕਸਾਨ ਤਾਂ ਕਿਸੇ ਤਰ੍ਹਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ, ਪਰ ਜੇਕਰ ਬਦਮਾਸ਼ ਉਸ ਨੂੰ ਜਾਂ ਉਸ ਦੀ ਪਤਨੀ ਨੂੰ ਕੋਈ ਸਰੀਰਕ ਨੁਕਸਾਨ ਪਹੁੰਚਾ ਦਿੰਦੇ ਤਾਂ ਉਸ ਦੀ ਭਰਪਾਈ ਕਰਨੀ ਬੇਹੱਦ ਮੁਸ਼ਕਲ ਹੋਣੀ ਸੀ।
-ਬਾਕਸ-
-ਕੰਟਰੋਲ ਰੂਮ ’ਤੇ ਫੋਨ ਕਰਨ ਦੇ ਬਾਵਜੂਦ ਨਹੀਂ ਪਹੁੰਚੀ ਪੀਸੀਆਰ
ਪੀੜਤ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਉਸ ਨੇ ਈ-ਰਿਕਸ਼ਾ ਚਾਲਕ ਦਾ ਮੋਬਾਈਲ ਫੋਨ ਲੈ ਕੇ ਪੁਲਿਸ ਦੇ ਕੰਟਰੋਲ ਰੂਮ ’ਤੇ ਫੋਨ ਕੀਤਾ ਅਤੇ ਆਪਣੇ ਨਾਲ ਹੋਈ ਲੁੱਟ ਦੀ ਜਾਣਕਾਰੀ ਦਿੱਤੀ। ਉਸ ਦਾ ਦੋਸ਼ ਹੈ ਕਿ ਕੰਟਰੋਲ ਰੂਮ ਤੋਂ ਉਸ ਨੂੰ ਜਵਾਬ ਮਿਲਿਆ ਕਿ ਉਹ ਸਬੰਧਤ ਪੁਲਿਸ ਚੌਕੀ ਵਿੱਚ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਦੇਣ। ਅੰਕਿਤ ਨੇ ਦੱਸਿਆ ਕਿ ਇਸ ਦੌਰਾਨ ਮੌਕੇ ’ਤੇ ਕੋਈ ਪੀਸੀਆਰ ਮੁਲਾਜ਼ਮ ਨਹੀਂ ਭੇਜਿਆ ਗਿਆ। ਜਦੋਂ ਉਸ ਨੇ ਈ-ਰਿਕਸ਼ਾ ਚਾਲਕ ਦੀ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰਵਾਈ ਤਾਂ ਚਾਲਕ ਨੇ ਦੱਸਿਆ ਕਿ ਬਦਮਾਸ਼ ਉਸ ਦੇ ਈ-ਰਿਕਸ਼ਾ ਦੀ ਚਾਬੀ ਵੀ ਕੱਢ ਕੇ ਲੈ ਗਏ ਹਨ। ਅਜਿਹੇ ਵਿੱਚ ਉਹ ਆਪਣਾ ਵਾਹਨ ਲੈ ਕੇ ਪੁਲਿਸ ਚੌਕੀ ਤੱਕ ਕਿਵੇਂ ਪਹੁੰਚ ਸਕਦਾ ਹੈ। ਇਸ ਤੋਂ ਬਾਅਦ ਅੰਕਿਤ ਨੇ ਈ-ਰਿਕਸ਼ਾ ਚਾਲਕ ਦੇ ਫੋਨ ਤੋਂ ਆਪਣੇ ਜੀਜੇ ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ। ਕੁਝ ਸਮੇਂ ਬਾਅਦ ਉਸ ਦਾ ਜੀਜਾ ਅਤੇ ਇਕ ਹੋਰ ਵਿਅਕਤੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਅੰਕਿਤ ਨੇ ਸ਼ਹਿਰ ਵਿੱਚ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਤਿੰਨਾਂ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਸਨੇ ਕਿਹਾ ਕਿ ਅਜਿਹੇ ਹਥਿਆਰਬੰਦ ਬਦਮਾਸ਼ਾਂ ਨੂੰ ਸਮੇਂ ਸਿਰ ਕਾਬੂ ਕਰਨਾ ਬੇਹੱਦ ਜ਼ਰੂਰੀ ਹੈ, ਤਾਂ ਜੋ ਉਹ ਕਿਸੇ ਹੋਰ ਪਰਿਵਾਰ ਨੂੰ ਇਸ ਤਰ੍ਹਾਂ ਦਹਿਸ਼ਤ ਦਾ ਸ਼ਿਕਾਰ ਨਾ ਬਣਾ ਸਕਣ।
ਉਧਰ, ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ ਛੇ ਦੇ ਏਐਸਆਈ ਬਿੰਦਰ ਸਿੰਘ ਨੇ ਦੱਸਿਆ ਕਿ ਅੰਕਿਤ ਕਪਲੇਸ਼ ਦੀ ਸ਼ਿਕਾਇਤ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
-ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਲੁੱਟ ਦੀ ਵਾਰਦਾਤ
ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਕਈ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਲੁੱਟ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਕੈਮਰਿਆਂ ਵਿੱਚ ਬਦਮਾਸ਼ਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੈਗ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੁੰਦੇ ਹੋਏ ਵੀ ਦਿਖਾਈ ਦੇਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਇਨ੍ਹਾਂ ਕੈਮਰਿਆਂ ਦੀਆਂ ਤਸਵੀਰਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਸੀਸੀਟੀਵੀ ਤਸਵੀਰਾਂ ਦੀ ਮਦਦ ਨਾਲ ਜਲਦੀ ਹੀ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇਗਾ।