- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ:ਬਿਨਾਂ ਬਿੱਲ ਵਾਲੇ ਮਾਲ ਦੀ ਢੋਆ-ਢੁਆਈ ’ਤੇ ਮੋਬਾਈਲ ਵਿੰਗ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ

4 ਦੀ ਲੀਡ)
-ਲੁਧਿਆਣਾ ਟੀਮ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ, ਵੱਖ-ਵੱਖ ਥਾਈਂ ਬਣੇ ਨਾਜਾਇਜ਼ ਮਾਲ ਭੇਜਣ ਦੇ ਅੱਡੇ
-ਦੂਜੇ ਸੂਬਿਆਂ ਦੀਆਂ ਟੀਮਾਂ ਫੜ ਰਹੀਆਂ ਟੈਕਸ ਚੋਰੀ ਵਾਲੀਆਂ ਗੱਡੀਆਂ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਲੁਧਿਆਣਾ ’ਚ ਜੀਐੱਸਟੀ ਅਤੇ ਟੈਕਸ ਚੋਰੀ ਨੂੰ ਰੋਕਣ ਲਈ ਤਾਇਨਾਤ ਮੋਬਾਈਲ ਵਿੰਗ ਵਿਭਾਗ ਦੀ ਕਾਰਗੁਜ਼ਾਰੀ ਹੁਣ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਬਿਨਾਂ ਬਿੱਲ ਦੇ ਮਾਲ ਦੀ ਢੋਆ-ਢੁਆਈ ਹੋਣ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੇ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋਸ਼ ਹਨ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਰਾਹੀਂ ਬਿਨਾਂ ਬਿੱਲ ਵਾਲਾ ਮਾਲ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦੇ ਟੈਕਸ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਜਾਗਰਣ ਵੱਲੋਂ ਬੀਤੇ ਦਿਨ ਵੀ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤਕਰਤਾਵਾਂ ਵੱਲੋਂ ਵਿਭਾਗ ਨੂੰ ਦਿੱਤੀਆਂ ਜਾ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਹੋਣ ਦਾ ਮੁੱਦਾ ਚੁੱਕਿਆ ਗਿਆ ਸੀ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਲੁਧਿਆਣਾ ਦੀ ਸਥਾਨਕ ਮੋਬਾਈਲ ਵਿੰਗ ਟੀਮ ਤੋਂ ਉਮੀਦ ਮੁਤਾਬਕ ਕਾਰਵਾਈ ਨਾ ਹੋਣ ਕਾਰਨ ਉਸ ਨੂੰ ਜਲੰਧਰ, ਅੰਮ੍ਰਿਤਸਰ ਅਤੇ ਹੋਰ ਇਲਾਕਿਆਂ ਦੀਆਂ ਮੋਬਾਈਲ ਵਿੰਗ ਟੀਮਾਂ ਨਾਲ ਸੰਪਰਕ ਕਰਨਾ ਪੈ ਰਿਹਾ ਹੈ। ਇਨ੍ਹਾਂ ਟੀਮਾਂ ਨੂੰ ਸੂਚਨਾ ਦੇ ਕੇ ਲੁਧਿਆਣਾ ਤੋਂ ਟੈਕਸ ਚੋਰੀ ਦੇ ਸ਼ੱਕ ਵਿੱਚ ਨਿਕਲਣ ਵਾਲੀਆਂ ਗੱਡੀਆਂ ਫੜਵਾਈਆਂ ਜਾ ਰਹੀਆਂ ਹਨ ਅਤੇ ਕਾਰਵਾਈ ਵੀ ਕਰਵਾਈ ਜਾ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਜੇਕਰ ਦੂਜੇ ਜ਼ਿਲ੍ਹਿਆਂ ਦੀਆਂ ਟੀਮਾਂ ਕਾਰਵਾਈ ਕਰ ਸਕਦੀਆਂ ਹਨ ਤਾਂ ਲੁਧਿਆਣਾ ਦੀ ਟੀਮ ਵੱਲੋਂ ਅਜਿਹੀਆਂ ਸ਼ਿਕਾਇਤਾਂ ’ਤੇ ਸਰਗਰਮੀ ਕਿਉਂ ਨਹੀਂ ਦਿਖਾਈ ਜਾ ਰਹੀ?
-ਸ਼ਹਿਰ ਦੇ ਕਈ ਇਲਾਕਿਆਂ ’ਚ ਬਣੇ ਮਾਲ ਭੇਜਣ ਦੇ ਅੱਡੇ!
ਗੁਪਤ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਅਨੁਸਾਰ ਦਾਣਾ ਮੰਡੀ, ਸਲੇਮ ਟਾਬਰੀ, ਦਾਣਾ ਮੰਡੀ ਗਿੱਲ ਰੋਡ, ਲੱਕੜ ਬਾਜ਼ਾਰ, ਟਿੱਬਾ ਰੋਡ, ਜਲੰਧਰ ਬਾਈਪਾਸ ਅਤੇ ਗ੍ਰੀਨਲੈਂਡ ਸਕੂਲ ਦੇ ਨੇੜੇ ਸਮੇਤ ਕਈ ਇਲਾਕਿਆਂ ਵਿੱਚ ਬਿਨਾਂ ਬਿੱਲ ਵਾਲੇ ਮਾਲ ਦੀ ਢੋਆ-ਢੁਆਈ ਹੋਣ ਦੇ ਦੋਸ਼ ਲੱਗ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਤੋਂ ਵੱਖ-ਵੱਖ ਵਾਹਨਾਂ ਰਾਹੀਂ ਮਾਲ ਦੂਜੇ ਸੂਬਿਆਂ ਤੱਕ ਭੇਜਿਆ ਜਾ ਰਿਹਾ ਹੈ। ਜੇਕਰ ਇਨ੍ਹਾਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਟੈਕਸ ਚੋਰੀ ਨਾਲ ਜੁੜੇ ਕਈ ਅਹਿਮ ਤੱਥ ਸਾਹਮਣੇ ਆ ਸਕਦੇ ਹਨ।
-ਬਾਕਸ-
-ਅਧਿਕਾਰੀਆਂ ਨੂੰ ਫੋਨ ਕਰਨ ’ਤੇ ਵੀ ਨਹੀਂ ਮਿਲਦਾ ਜਵਾਬ
ਇਸ ਮਾਮਲੇ ’ਚ ਇਕ ਹੋਰ ਗੰਭੀਰ ਪਹਿਲੂ ਇਹ ਹੈ ਕਿ ਗੁਪਤ ਸੂਤਰਾਂ ਅਤੇ ਸ਼ਿਕਾਇਤਕਰਤਾਵਾਂ ਅਨੁਸਾਰ ਜਦੋਂ ਉਹ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਈ ਵਾਰ ਫੋਨ ਨਹੀਂ ਚੁੱਕੇ ਜਾਂਦੇ ਅਤੇ ਨਾ ਹੀ ਸ਼ਿਕਾਇਤਾਂ ਸਬੰਧੀ ਕੋਈ ਤਸੱਲੀਬਖਸ਼ ਜਵਾਬ ਮਿਲਦਾ ਹੈ। ਉੱਧਰ, ਪੰਜਾਬੀ ਜਾਗਰਣ ਦੀ ਟੀਮ ਵੱਲੋਂ ਇਸ ਮਾਮਲੇ ਸਬੰਧੀ ਅਧਿਕਾਰਤ ਪੱਖ ਜਾਣਨ ਲਈ ਅਸਿਸਟੈਂਟ ਕਮਿਸ਼ਨਰ ਸੇਲ ਟੈਕਸ ਹਰਪ੍ਰੀਤ ਸਿੰਘ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ। ਸੂਤਰਾਂ ਅਨੁਸਾਰ ਉਨ੍ਹਾਂ ਕੋਲ ਜੀਐੱਸਟੀ ਦਾ ਵਾਧੂ ਚਾਰਜ ਹੋਣ ਕਾਰਨ ਉਹ ਹੋਰ ਕੰਮਾਂ ਵਿੱਚ ਵੀ ਰੁੱਝੇ ਰਹਿੰਦੇ ਹਨ ਅਤੇ ਦਫ਼ਤਰ ਵਿੱਚ ਘੱਟ ਬੈਠਣ ਦੀਆਂ ਵੀ ਸ਼ਿਕਾਇਤਾਂ ਹਨ। ਇਸ ਕਾਰਨ ਸ਼ਿਕਾਇਤਕਰਤਾਵਾਂ ਅਤੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-ਬਾਕਸ-
-ਉੱਚ ਅਧਿਕਾਰੀ ਕਰਨ ਜਾਂਚ ਤਾਂ ਖੁੱਲ੍ਹ ਸਕਦੇ ਹਨ ਕਈ ਰਾਜ਼
ਹੁਣ ਸਵਾਲ ਇਹ ਹੈ ਕਿ ਕੀ ਮੋਬਾਈਲ ਵਿੰਗ ਵਿਭਾਗ ਦੇ ਉੱਚ ਅਧਿਕਾਰੀ ਇਸ ਪੂਰੇ ਮਾਮਲੇ ਦਾ ਨੋਟਿਸ ਲੈ ਕੇ ਲੁਧਿਆਣਾ ਵਿੱਚ ਬਿਨਾਂ ਬਿੱਲ ਵਾਲੇ ਮਾਲ ਦੀ ਢੋਆ-ਢੁਆਈ ਅਤੇ ਟੈਕਸ ਚੋਰੀ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਉਣਗੇ? ਨਾਲ ਹੀ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਸਥਾਨਕ ਟੀਮ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਜੇਕਰ ਵਿਭਾਗ ਵੱਲੋਂ ਸਮੇਂ ਸਿਰ ਜਾਂਚ ਕਰਕੇ ਠੋਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਰਕਾਰੀ ਮਾਲੀਏ ਨੂੰ ਹੋ ਰਹੇ ਸੰਭਾਵਿਤ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।