- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਛੱਠ ਪੂਜਾ ਸਮਾਜਿਕ ਏਕਤਾ ਦੀ ਮਜ਼ਬੂਤ ਮਿਸਾਲ-ਚੀਮਾ

ਜ਼ਰੂਰੀ ਖ਼ਬਰ)
-ਕਿਹਾ, ਹਲਕਾ ਦੱਖਣੀ ਦੇ ਵੱਖ-ਵੱਖ ਸਮਾਗਮਾਂ ’ਚ ਸ਼ਾਮਲ ਹੋ ਕੇ ਛੱਠੀ ਮਈਆ ਦਾ ਲਿਆ ਆਸ਼ੀਰਵਾਦ
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ /ਸਾਹਨੇਵਾਲ
ਛੱਠ ਪੂਜਾ ਦੇ ਪਵਿੱਤਰ ਤਿਉਹਾਰ ਮੌਕੇ ਵਿਧਾਨ ਸਭਾ ਹਲਕਾ ਦੱਖਣੀ ਅੰਦਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਬਾਪੂ ਮਾਰਕੀਟ ਚੌਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਕਰਵਾਏ ਗਏ ਛੱਠ ਪੂਜਾ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਛੱਠੀ ਮਈਆ ਅੱਗੇ ਨਤਮਸਤਕ ਹੋ ਕੇ ਸਮੂਹ ਲੋਕਾਂ ਦੀ ਭਲਾਈ, ਪੰਜਾਬ ਦੀ ਖੁਸ਼ਹਾਲੀ ਅਤੇ ਹਰ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਧਰਮ ਅਤੇ ਆਸਥਾ ਨੂੰ ਸਿਆਸੀ ਵੰਡੀਆਂ ਤੋਂ ਉੱਪਰ ਰੱਖਣਾ ਹੀ ਅਸਲ ਸਮਾਜ ਸੇਵਾ ਹੈ। ਛੱਠ ਪੂਜਾ ਵਰਗੇ ਪਵਿੱਤਰ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਸਹਿਣਸ਼ੀਲਤਾ ਅਤੇ ਏਕਤਾ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੂਬਸੂਰਤੀ ਇਸ ਦੀ ਸਰਬ-ਸਾਂਝੀਵਾਲਤਾ ਵਿੱਚ ਹੈ, ਜਿੱਥੇ ਹਰ ਧਰਮ ਅਤੇ ਹਰ ਭਾਈਚਾਰੇ ਦੇ ਤਿਉਹਾਰ ਪੂਰੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਜਵਾਬ ਦੇਣ ਦੀ ਲੋੜ ਹੈ ਅਤੇ ਇਸ ਦਾ ਸਭ ਤੋਂ ਮਜ਼ਬੂਤ ਜਵਾਬ ਲੋਕਾਂ ਦਾ ਆਪਸੀ ਪਿਆਰ, ਭਾਈਚਾਰਾ ਅਤੇ ਏਕਤਾ ਹੈ। ਸਾਡਾ ਮਕਸਦ ਸਿਰਫ਼ ਤਿਉਹਾਰਾਂ ਵਿੱਚ ਸ਼ਾਮਲ ਹੋਣਾ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਸੁੱਖ-ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਹੈ। ਚੀਮਾ ਨੇ ਅੱਗੇ ਕਿਹਾ ਕਿ ਹਲਕਾ ਦੱਖਣੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲ ਰਿਹਾ ਪਿਆਰ ਅਤੇ ਸਤਿਕਾਰ ਕਿਸੇ ਵੱਡੀ ਦੌਲਤ ਤੋਂ ਘੱਟ ਨਹੀਂ ਹੈ। ਲੋਕਾਂ ਦਾ ਇਹ ਭਰੋਸਾ ਉਨ੍ਹਾਂ ਨੂੰ ਲੋਕਾਂ ਦੇ ਹੱਕਾਂ, ਇਲਾਕੇ ਦੀਆਂ ਸਮੱਸਿਆਵਾਂ ਅਤੇ ਸਮਾਜ ਸੇਵਾ ਨਾਲ ਜੁੜੇ ਮੁੱਦਿਆਂ ਲਈ ਹੋਰ ਮਜ਼ਬੂਤੀ ਨਾਲ ਆਵਾਜ਼ ਉਠਾਉਣ ਵਾਸਤੇ ਪ੍ਰੇਰਿਤ ਕਰਦਾ ਹੈ। ਉਨ੍ਹਾਂ ਛੱਠ ਪੂਜਾ ਕਮੇਟੀਆਂ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਅਟੁੱਟ ਭਗਤੀ ਅਤੇ ਪ੍ਰਬੰਧਕਾਂ ਦੀ ਸਖ਼ਤ ਮਿਹਨਤ ਸਦਕਾ ਇਹ ਸਮਾਗਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹਿਆ।
ਅੰਤ ਵਿੱਚ ਈਸ਼ਵਰਜੋਤ ਸਿੰਘ ਚੀਮਾ ਨੇ ਸਮੂਹ ਸ਼ਰਧਾਲੂਆਂ ਅਤੇ ਹਲਕਾ ਦੱਖਣੀ ਦੇ ਵਸਨੀਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਹੀ ਉਨ੍ਹਾਂ ਦੀ ਤਾਕਤ ਹੈ, ਲੋਕਾਂ ਦਾ ਭਰੋਸਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਕਾਮਨਾ ਕੀਤੀ ਕਿ ਛੱਠੀ ਮਈਆ ਹਰ ਘਰ ਵਿੱਚ ਸੁੱਖ, ਸ਼ਾਂਤੀ, ਸਿਹਤ ਅਤੇ ਖੁਸ਼ਹਾਲੀ ਲੈ ਕੇ ਆਉਣ। ਇਸ ਮੌਕੇ ਵਿਜੇ ਕਸ਼ਯਪ, ਰਾਮ ਜਨਮ, ਵਿਸ਼ਨੂੰ, ਬਿੱਟੂ ਮੰਡੀ ਵਾਲਾ, ਰਾਜੂ ਬਾਬਾ, ਹਰਿਓਮ, ਕ੍ਰਿਸ਼ਨ ਮੋਹਨ ਸ਼ੁਕਲਾ, ਅਨਮੋਲ ਦੱਤ, ਬਰਿੰਦਰ ਕਸ਼ਯਪ ਅਤੇ ਵਿਵੇਕ ਸੂਦ ਸਮੇਤ ਹੋਰ ਪਤਵੰਤੇ ਮੌਜੂਦ ਸਨ।--