- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਨਵੇਂ ਐੱਫਟੀਏ ਤੇ ਵਿਸ਼ਵ ਵਪਾਰ ਦੀਆਂ ਚੁਣੌਤੀਆਂ ’ਤੇ ਲੁਧਿਆਣਾ ਦੇ ਬਰਾਮਦਕਾਰਾਂ ਨੇ ਕੀਤੀ ਚਰਚਾ

-ਸੀਆਈਸੀਯੂ ਤੇ ਐਕਸਿਸ ਬੈਂਕ ਵੱਲੋਂ ‘ਟਰੇਡ ਕਨੈਕਟ’ ਸਮਾਗਮ, ਪੰਜਾਬ ਤੋਂ ਬਰਾਮਦ ਦੁੱਗਣੀ ਕਰਨ ਦਾ ਟੀਚਾ ਰੱਖਣ ’ਤੇ ਜ਼ੋਰ
ਪੁਨੀਤ ਬਾਵਾ,ਪੰਜਾਬੀ ਜਾਗਰਣ, ਲੁਧਿਆਣਾ
ਵਿਸ਼ਵ ਵਪਾਰ ਦੀਆਂ ਬਦਲਦੀਆਂ ਸਥਿਤੀਆਂ, ਨਵੀਆਂ ਮੁਕਤ ਵਪਾਰ ਸੰਧੀਆਂ (ਐੱਫਟੀਏ) ਤੇ ਕੌਮਾਂਤਰੀ ਪੱਧਰ ’ਤੇ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਐਕਸਿਸ ਬੈਂਕ ਦੇ ਸਹਿਯੋਗ ਨਾਲ ਹੋਟਲ ਪਾਰਕ ਪਲਾਜ਼ਾ ਵਿਖੇ ‘ਟਰੇਡ ਕਨੈਕਟ-ਲੁਧਿਆਣਾ’ ਸਮਾਗਮ ਕਰਵਾਇਆ ਗਿਆ। ਇਸ ’ਚ 150 ਤੋਂ ਵੱਧ ਬਰਾਮਦਕਾਰਾਂ, ਸਨਅਤਕਾਰਾਂ ਤੇ ਕਾਰੋਬਾਰੀ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਕੌਮਾਂਤਰੀ ਬਾਜ਼ਾਰਾਂ ਵਿਚ ਕਾਰੋਬਾਰ ਦੇ ਨਵੇਂ ਮੌਕਿਆਂ, ਬਰਾਮਦ ਵਿੱਤ, ਵਿਦੇਸ਼ੀ ਮੁਦਰਾ ਪ੍ਰਬੰਧਨ ਅਤੇ ਸਰਕਾਰੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਪੰਜਾਬ ਦੇ ਸਨਅਤੀ ਖੇਤਰ ਵਿਚ ਕੌਮਾਂਤਰੀ ਬਾਜ਼ਾਰਾਂ ਤੱਕ ਆਪਣੀ ਪਹੁੰਚ ਵਧਾਉਣ ਦੀ ਅਥਾਹ ਸਮਰੱਥਾ ਹੈ। ਸੂਬੇ ਦੀ ਬਰਾਮਦ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਇਸ ਲਈ ਉਦਯੋਗ, ਸਰਕਾਰ ਅਤੇ ਵਿੱਤੀ ਸੰਸਥਾਵਾਂ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਵੀ ਵਿਸ਼ਵ ਪੱਧਰੀ ਬਾਜ਼ਾਰਾਂ ’ਚ ਕਾਰੋਬਾਰ ਕਰਨ ਲਈ ਲੋੜੀਂਦੀ ਸੰਸਥਾਗਤ ਸਹਾਇਤਾ ਤੇ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਸਮਾਗਮ ਦੀ ਸ਼ੁਰੂਆਤ ਸੀਆਈਸੀਯੂ ਦੇ ਮੀਤ ਪ੍ਰਧਾਨ ਦੀਦਾਰਜੀਤ ਸਿੰਘ ਦੇ ਸਵਾਗਤੀ ਸੰਬੋਧਨ ਨਾਲ ਹੋਈ। ਐਕਸਿਸ ਬੈਂਕ ਦੇ ਗਰੁੱਪ ਹੈੱਡ ਪ੍ਰਸ਼ਾਂਤ ਟੀਐੱਸ ਨੇ ਲੁਧਿਆਣਾ ਦੀਆਂ ਸਨਅਤਾਂ ਨਾਲ ਮਿਲ ਕੇ ਵਿਕਾਸ ਕਰਨ ਸਬੰਧੀ ਆਪਣੇ ਵਿਚਾਰ ਰੱਖੇ। ਗੰਗਾ ਐਕਰੋਵੂਲਜ਼ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਰਵਿੰਦਰ ਵਰਮਾ ਨੇ ਸਨਅਤੀ ਖੇਤਰ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਐਕਸਿਸ ਬੈਂਕ ਦੇ ਰਤੁਲ ਮੁਖੋਪਾਧਿਆਏ ਨੇ ਛੋਟੇ ਉਦਯੋਗਾਂ ਸਾਹਮਣੇ ਆਉਂਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ‘ਵਿਸ਼ਵ ਵਪਾਰ ਦੀਆਂ ਚੁਣੌਤੀਆਂ, ਭਾਰਤ ਦੀਆਂ ਨਵੀਆਂ ਮੁਕਤ ਵਪਾਰ ਸੰਧੀਆਂ ਅਤੇ ਸਰਕਾਰੀ ਪਹਿਲਕਦਮੀਆਂ’ ਵਿਸ਼ੇ ’ਤੇ ਪੈਨਲ ਚਰਚਾ ਰਹੀ। ਇਸ ਵਿਚ ਸੀਆਈਸੀਯੂ ਦੇ ਡਾ. ਐੱਸਬੀ ਸਿੰਘ, ਸਰਵਜੀਤ ਸਿੰਘ, ਐਕਸਿਸ ਬੈਂਕ ਦੇ ਵਿਸ਼ਾਲ ਮਹਿਰਾ ਅਤੇ ਦਰਪਨ ਗਾਂਧੀ ਨੇ ਹਿੱਸਾ ਲਿਆ। ਚਰਚਾ ਦੌਰਾਨ ਬਰਾਮਦਕਾਰਾਂ ਨੂੰ ਨਵੇਂ ਦੇਸ਼ਾਂ ਦੇ ਬਾਜ਼ਾਰਾਂ ਦੀ ਭਾਲ ਕਰਨ, ਵਪਾਰਕ ਨੀਤੀਆਂ ਨੂੰ ਸਮਝਣ ਅਤੇ ਸਰਕਾਰੀ ਸਹਾਇਤਾ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਐਕਸਿਸ ਬੈਂਕ ਦੇ ਰੇਨੋਲਡ ਡਿਸੂਜ਼ਾ ਨੇ ਕੰਪਨੀਆਂ ਦੇ ਨਕਦੀ ਪ੍ਰਵਾਹ ਨੂੰ ਸੁਚਾਰੂ ਬਣਾਉਣ ਵਿਚ ਬੈਂਕਿੰਗ ਸੇਵਾਵਾਂ ਦੀ ਭੂਮਿਕਾ ਬਾਰੇ ਦੱਸਿਆ, ਜਦਕਿ ਜੈ ਬਾਲਾਸੁੰਦਰਮ ਨੇ ਬੈਂਕਿੰਗ ਸੇਵਾਵਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੀ ਵਧ ਰਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਕ ਹੋਰ ਪੈਨਲ ਚਰਚਾ ਵਿਚ ਵਿਦੇਸ਼ੀ ਮੁਦਰਾ ਦੀਆਂ ਦਰਾਂ ਵਿਚ ਉਤਰਾਅ-ਚੜ੍ਹਾਅ, ਕੌਮਾਂਤਰੀ ਭੁਗਤਾਨ ਪ੍ਰਣਾਲੀ, ਡਿਜੀਟਲ ਬੈਂਕਿੰਗ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਵਿਚਾਰ ਹੋਇਆ। ਇਸ ਦੌਰਾਨ ਵਿਦੇਸ਼ੀ ਮੁਦਰਾ ਪ੍ਰਬੰਧਨ ਅਤੇ ਫੇਮਾ-23 ਦੇ ਅਹਿਮ ਪਹਿਲੂਆਂ ਬਾਰੇ ਵੀ ਚਰਚਾ ਕੀਤੀ। ਸੀਆਈਸੀਯੂ ਦੀ ਐਕਸਪੋਰਟ ਕਮੇਟੀ ਦੇ ਕਨਵੀਨਰ ਸਰਵਜੀਤ ਸਿੰਘ ਨੇ ਕਿਹਾ ਕਿ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲੇਯੋਗ ਬਣਾਉਣ ਲਈ ਸਰਕਾਰੀ ਨੀਤੀਆਂ, ਬਰਾਮਦ ਪ੍ਰਕਿਰਿਆਵਾਂ ਤੇ ਬੈਂਕਿੰਗ ਸਹੂਲਤਾਂ ਬਾਰੇ ਜਾਗਰੂਕਤਾ ਜ਼ਰੂਰੀ ਹੈ। ਅੰਤ ਵਿਚ ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਧੰਨਵਾਦ ਮਤਾ ਪੇਸ਼ ਕੀਤਾ। ਸਮਾਗਮ ਦੀ ਸਮਾਪਤੀ ਨੈੱਟਵਰਕਿੰਗ ਡਿਨਰ ਨਾਲ ਹੋਈ, ਜਿਸ ਦੌਰਾਨ ਸਨਅਤਕਾਰਾਂ ਤੇ ਬੈਂਕਿੰਗ ਮਾਹਿਰਾਂ ਨੇ ਆਪਸੀ ਕਾਰੋਬਾਰੀ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ।