- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਣਖ, ਸਵੈਮਾਣ ’ਤੇ ਦਲੇਰੀ ਦੀ ਗਵਾਹੀ ਭਰਦੈ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਇੱਕ-ਇੱਕ ਪੱਖ

17
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਜਵੱਦੀ ਟਕਸਾਲ ਵਿਖੇ ਐਤਵਾਰ ਦਾ ਹਫਤਾਵਾਰੀ ਨਾਮ ਸਿਮਰਨ ਸਮਾਗਮ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਿਹਾ। ਸਮਾਗਮ ਦੌਰਾਨ ਜੁੜੀ ਸੰਗਤ ਨਾਲ ਮਹਾਂਪੁਰਸ਼ਾਂ ਨੇ ਬਾਬਾ ਜੀ ਦੇ ਜੀਵਨ ਨਾਲ ਜੁੜੇ ਵੱਖ ਵੱਖ ਪਹਿਲੂਆਂ ਤੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਾ ਇੱਕ-ਇੱਕ ਪੱਖ ਸਿੱਖਾਂ ਦੀ ਅਣਖ, ਸਵੈਮਾਣ ਅਤੇ ਦਲੇਰੀ ਦੀ ਸ਼ਾਹਦੀ ਭਰਦਾ ਹੈ। ਉਨ੍ਹਾਂ ਇਤਿਹਾਸ ਦੇ ਪੰਨੇ ਬਾਰੇ ਦੱਸਿਆ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਤੇ ਸਿੱਖ ਇਤਿਹਾਸ ਸਿੱਖੀ ਲਈ ਦਿੱਤੀਆਂ ਸ਼ਹਾਦਤਾਂ ਦਾ ਇਤਿਹਾਸ ਹੈ। ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੀ ਗਿਣਤੀ ਸ਼ੁਮਾਰ ਕੀਤੇ ਜਾਣ ਤੋਂ ਬਾਹਰੀ ਹੈ। ਸਿੱਖੀ ਦੇ ਧਰਮ ਖੇਤਰ ਵਿੱਚ ਜੂਝਦਿਆਂ ਜਾਂਬਾਜ ਸੰਗਰਾਮੀਆਂ ਦੀ ਪਾਲ ’ਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਲਾਸਾਨੀ ਹੈ। ਉਨ੍ਹਾਂ ਸਿੱਖੀ ਦੇ ਪਵਿੱਤਰ ਕੇਂਦਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਤੇ ਕਾਬਜ ਮੁਗਲ ਫੌਜ਼ਦਾਰ ਵਲੋਂ ਪਾਵਨ ਗੁਰਧਾਮ ਦੀ ਬੇਹੁਰਮਤੀ ਕਰਨ ਵਾਲੇ ਘ੍ਰਿਣਤ ਪਾਪ ਕਰਮਾਂ ਕਾਰਨ ਉਸ ਨਾਲ ਦੋ ਹੱਥ ਕਰ ਕੇ ਪਵਿੱਤਰਤਾ ਬਹਾਲ ਕਰਨ ਦੇ ਦਿੱਤੇ ਬਚਨ ਬਦਲੇ ਬਜ਼ੁਰਗ ਉਮਰ ਦੇ ਬਾਵਜ਼ੂਦ ਵੱਡੀ ਗਿਣਤੀ 'ਚ ਸਾਹਮਣੇ ਖੜੇ ਦੁਸ਼ਮਣ ਨਾਲ ਦੋ ਹੱਥ ਕਰਦਿਆ, ਜੂਝਦਿਆਂ, ਗੁਰੂ ਦਰ ਤੱਕ ਸੀਸ ਤਲੀ ’ਤੇ ਧਰਦਿਆਂ ਪਰਿਕਰਮਾ 'ਚ ਸੀਸ ਭੇਟ ਕੀਤਾ। ਬਾਬਾ ਜੀ ਨੇ ਇਤਿਹਾਸਕ ਹਵਾਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਪੱਖ ਇਸ ਗੱਲ ਦੀ ਸੂਚਕ ਹੈ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਦੇ ਬਰਦਾਸ਼ਤ ਨਹੀਂ ਕਰਦੇ, ਜਿਸ ਕਿਸੇ ਨੇ ਇਸ ਪਾਵਨ ਗੁਰਧਾਮ ਦੀ ਬੇਹੁਰਮਤੀ ਕੀਤੀ, ਉਸ ਤੋਂ ਪੂਰਾ ਬਦਲਾ ਲਿਆ। ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੇ ਕਾਰਨਾਮੇ ਨੇ ਸਿੰਘਾਂ ਦੀ ਜ਼ੁਰਅੱਤ ਤੇ ਕੁਰਬਾਨੀ ਦੀ ਰੂਹ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਦੀ ਅਤਿ ਘਿਨੌਣੀ ਕੋਸ਼ਿਸ਼ ਕਰਨ ਵਾਲਿਆਂ ਨੂੰ ਕੀਤੇ ਦੀ ਸਜ਼ਾ ਦੇਣ ਦੇ ਖਾਲਸਾਈ ਬਿੰਦੂਆਂ ਨੂੰ ਸਾਕਾਰ ਕਰ ਵਿਖਾਇਆ। ਉਨ੍ਹਾਂ 26, 27, 28 ਅਤੇ 29 ਨਵੰਬਰ ਨੂੰ ਹੋਣ ਜਾ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦੀਆਂ ਤਿਆਰੀਆਂ ਨਾਲ ਜੁੜੇ ਪਹਿਲੂਆਂ ਤੇ ਪ੍ਰਬੰਧਕਾਂ ਨਾਲ ਵਿਚਾਰ ਸਾਂਝੇ ਕੀਤੇ।