- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਸਿਟੀ ਸੈਂਟਰ ਦੇ ਕੂੜੇ ਦੇ ਡੰਪ ਵਿੱਚ ਮੁੜ ਭੜਕੀ ਅੱਗ, ਮੱਝ ਤੇ ਸਾਂਡ ਲਪਟਾਂ ਵਿੱਚ ਘਿਰੇ

1 ਲਈ)
-ਦੀਪ ਅਰੋੜਾ ਨੇ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ’ਚੋਂ ਦੋਵੇਂ ਬੇਜ਼ੁਬਾਨਾਂ ਨੂੰ ਸੁਰੱਖਿਅਤ ਕੱਢਿਆ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੇ ਸਿਟੀ ਸੈਂਟਰ ਦੀ ਖਾਲੀ ਪਈ ਜਗ੍ਹਾ ਵਿੱਚ ਕੂੜੇ ਦੇ ਡੰਪ ਨੂੰ ਲੱਗੀ ਅੱਗ ਨੇ ਇੱਕ ਵਾਰ ਫਿਰ ਇਲਾਕੇ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਐਤਵਾਰ ਸਵੇਰੇ ਅਚਾਨਕ ਲੱਗੀ ਭਿਆਨਕ ਅੱਗ ਨੇ ਉਸ ਸਮੇਂ ਹੋਰ ਵੀ ਗੰਭੀਰ ਰੂਪ ਧਾਰ ਲਿਆ, ਜਦੋਂ ਇਸ ਦੀ ਲਪੇਟ ਵਿਚ ਇਕ ਮੱਝ ਅਤੇ ਸਾਨ੍ਹ ਆ ਗਏ। ਦੋਵਾਂ ਬੇਜ਼ੁਬਾਨ ਜਾਨਵਰਾਂ ਦੀ ਜਾਨ ਖ਼ਤਰੇ ਵਿੱਚ ਦੇਖ ਕੇ ਜੀ ਬਲਾਕ ਦੇ ਵਸਨੀਕ ਦੀਪ ਅਰੋੜਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ਵਿਚਾਲੇ ਜਾ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸਿਟੀਜ਼ਨ ਤੇ ਸੋਸ਼ਲ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਸਵੇਰੇ ਕਰੀਬ 9 ਤੋਂ 9:30 ਵਜੇ ਦਰਮਿਆਨ ਸ਼ਹੀਦ ਭਗਤ ਸਿੰਘ ਨਗਰ ਦੇ ਐੱਫ ਬਲਾਕ ਨੇੜੇ ਪ੍ਰੇਮ ਵਿਹਾਰ ਫਲੈਟਾਂ ਦੇ ਸਾਹਮਣੇ ਸਥਿਤ ਸਿਟੀ ਸੈਂਟਰ ਦੇ ਯਾਰਡ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲਣ ਕਾਰਨ ਉੱਥੇ ਮੌਜੂਦ ਮੱਝ ਅਤੇ ਸਾਨ੍ਹ ਵੀ ਇਸ ਦੀ ਲਪੇਟ ਵਿੱਚ ਆ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਅਰਵਿੰਦ ਸ਼ਰਮਾ ਨੇ ਯੋਗੇਸ਼ ਸ਼ਰਮਾ ਅਤੇ ਦੀਪ ਕੁਮਾਰ ਨਾਲ ਮਿਲ ਕੇ ਫਾਇਰ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਇਸ ਦੌਰਾਨ ਦੀਪ ਅਰੋੜਾ ਨੇ ਅਸਾਧਾਰਨ ਹਿੰਮਤ ਅਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਅੱਗ ਵਿੱਚ ਫਸੇ ਦੋਵਾਂ ਜਾਨਵਰਾਂ ਨੂੰ ਬਾਹਰ ਕੱਢਿਆ। ਯੋਗੇਸ਼ ਸ਼ਰਮਾ ਨੇ ਵੀ ਬਚਾਅ ਕਾਰਜ ਵਿੱਚ ਸਹਿਯੋਗ ਦਿੱਤਾ। ਅਰਵਿੰਦ ਸ਼ਰਮਾ ਨੇ ਕਿਹਾ ਕਿ ਦੀਪ ਕੁਮਾਰ ਵੱਲੋਂ ਦਿਖਾਈ ਗਈ ਬਹਾਦਰੀ ਸ਼ਲਾਘਾਯੋਗ ਹੈ। ਬੇਜ਼ੁਬਾਨ ਜੀਵਾਂ ਦੀ ਜਾਨ ਬਚਾਉਣ ਲਈ ਆਪਣੀ ਸੁਰੱਖਿਆ ਦੀ ਪਰਵਾਹ ਨਾ ਕਰਨਾ ਸੱਚੀ ਇਨਸਾਨੀਅਤ ਦਾ ਸਬੂਤ ਹੈ।
ਉਨ੍ਹਾਂ ਨੇ ਸਿਟੀ ਸੈਂਟਰ ਦੀ ਮੌਜੂਦਾ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੀ ਸੁਰੱਖਿਆ ਲਈ ਲਗਾਈਆਂ ਗਈਆਂ ਸ਼ੀਟਾਂ ਕਈ ਥਾਵਾਂ ਤੋਂ ਉਖੜੀਆਂ ਹੋਈਆਂ ਹਨ ਅਤੇ ਅੰਦਰ ਸੁੱਕਾ ਕੂੜਾ ਤੇ ਹੋਰ ਜਲਣਸ਼ੀਲ ਸਮੱਗਰੀ ਵੱਡੀ ਮਾਤਰਾ ਵਿੱਚ ਪਈ ਹੈ। ਦੀਵਾਲੀ ਦੀ ਰਾਤ ਵੀ ਇਸੇ ਥਾਂ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ। ਇਸ ਦੇ ਬਾਵਜੂਦ ਨਾ ਤਾਂ ਕੂੜੇ ਦੇ ਡੰਪ ਨੂੰ ਹਟਾਉਣ ਲਈ ਕੋਈ ਠੋਸ ਕਦਮ ਚੁੱਕਿਆ ਹੈ ਤੇ ਨਾ ਹੀ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਹੈ। ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੀ ਚੁੱਪ ਇਲਾਕਾ ਨਿਵਾਸੀਆਂ ਦੀ ਚਿੰਤਾ ਵਧਾ ਰਹੀ ਹੈ।
ਅਰਵਿੰਦ ਸ਼ਰਮਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਸਿਟੀ ਸੈਂਟਰ ਦਾ ਤੁਰੰਤ ਨਿਰੀਖਣ ਕਰਵਾਇਆ ਜਾਵੇ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਅੰਦਰ ਪਏ ਕੂੜੇ ਅਤੇ ਜਲਣਸ਼ੀਲ ਸਮਾਨ ਨੂੰ ਤੁਰੰਤ ਹਟਾਉਣ, ਟੁੱਟੀਆਂ ਸੁਰੱਖਿਆ ਸ਼ੀਟਾਂ ਨੂੰ ਠੀਕ ਕਰਨ ਅਤੇ ਪੱਕੇ ਸੁਰੱਖਿਆ ਪ੍ਰਬੰਧ ਕਰਨ ਲਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੱਡੇ ਜਾਨੀ ਨੁਕਸਾਨ ਦੀ ਉਡੀਕ ਕਰਨ ਦੀ ਬਜਾਏ ਪ੍ਰਸ਼ਾਸਨ ਨੂੰ ਸਮੇਂ ਸਿਰ ਹਰਕਤ ਵਿੱਚ ਆਉਣਾ ਚਾਹੀਦਾ ਹੈ, ਤਾਂ ਜੋ ਇਲਾਕਾ ਨਿਵਾਸੀਆਂ ਦੇ ਨਾਲ-ਨਾਲ ਬੇਜ਼ੁਬਾਨ ਜੀਵਾਂ ਦੀਆਂ ਜਾਨਾਂ ਵੀ ਸੁਰੱਖਿਅਤ ਰਹਿ ਸਕਣ।