- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ-ਬੁੱਢਾ ਦਰਿਆ ਦੀ ਸਫ਼ਾਈ ਦੇ ਦਾਅਵਿਆਂ ਵਿਚਾਲੇ ਜ਼ਮੀਨੀ ਹਕੀਕਤ ਚਿੰਤਾਜਨਕ

4 ਦੀ ਲੀਡ...)
-ਪੀਏਸੀ ਅਨੁਸਾਰ ਦਰਿਆ ’ਚ ਕਿਤੇ ਪੰਪ ਬੰਦ ਤੇ ਕਿਤੇ ਵਗ ਰਿਹੈ ਕਾਲਾ ਪਾਣੀ, ਕੂੜੇ ਦੇ ਢੇਰਾਂ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
ਫੋਟੋ ਨੰਬਰ-13,14
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਬੁੱਢਾ ਦਰਿਆ ਦੀ ਸਫ਼ਾਈ ਅਤੇ ਪੁਨਰ ਸੁਰਜੀਤੀ ਲਈ ਕਰੋੜਾਂ ਰੁਪਏ ਖਰਚਣ ਅਤੇ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਕਿਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈਪੀਐੱਸ) ਬੰਦ ਪਏ ਹਨ ਅਤੇ ਕਿਤੇ ਪੰਪ ਚੱਲਣ ਦੇ ਬਾਵਜੂਦ ਕਾਲੇ ਰੰਗ ਦਾ ਗੰਦਾ ਪਾਣੀ ਨਾਲਿਆਂ ਤੇ ਬੁੱਧ ਦਰਿਆ ਵਿਚ ਦਿਖਾਈ ਦੇ ਰਿਹਾ ਹੈ।
ਇਹ ਖੁਲਾਸਾ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਵੱਲੋਂ ਕੀਤੇ ਗਏ ਜ਼ਮੀਨੀ ਨਿਰੀਖਣ ਦੌਰਾਨ ਹੋਇਆ ਹੈ। ਮੱਤੇਵਾੜਾ ਜੰਗਲ, ਦਰਿਆ ਸਤਲੁਜ ਅਤੇ ਬੁੱਢਾ ਦਰਿਆ ਦੀ ਸਫ਼ਾਈ ਲਈ ਕੰਮ ਕਰ ਰਹੀ ਪਬਲਿਕ ਐਕਸ਼ਨ ਕਮੇਟੀ ਦੀ ਟੀਮ ਨੇ ਟਰਾਂਸਪੋਰਟ ਨਗਰ, ਇੰਡਸਟਰੀਅਲ ਏਰੀਆ-ਏ, ਮਾਲਹਾਰ ਰੋਡ ਅਤੇ ਗੌਘਾਟ ਇਲਾਕਿਆਂ ਦਾ ਦੌਰਾ ਕਰਕੇ ਉੱਥੇ ਸਥਿਤ ਆਈਪੀਐੱਸ ਅਤੇ ਆਲੇ-ਦੁਆਲੇ ਦੇ ਖੁੱਲ੍ਹੇ ਨਾਲਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਟੀਮ ਵਿਚ ਮਹਿੰਦਰ ਸਿੰਘ ਸੇਖੋਂ, ਦਾਨ ਸਿੰਘ ਓਸਾਹਨ, ਐਡਵੋਕੇਟ ਯੋਗੇਸ਼ ਖੰਨਾ, ਗੁਰਪ੍ਰੀਤ ਸਿੰਘ ਗੋਪੀ ਅਤੇ ਕਰਨਲ ਸੀਐੱਮ ਲਖਨਪਾਲ ਸ਼ਾਮਲ ਸਨ। ਪੀਏਸੀ ਅਨੁਸਾਰ ਟਰਾਂਸਪੋਰਟ ਨਗਰ ਦਾ ਆਈਪੀਐੱਸ ਬੰਦ ਪਾਇਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਸ਼ੇਰਪੁਰ ਵੱਲੋਂ ਆਉਣ ਵਾਲੇ ਗੰਦੇ ਪਾਣੀ ਦੇ ਖੁੱਲ੍ਹੇ ਨਾਲੇ ਵਿਚ ਪਾਣੀ ਦਾ ਵਹਾਅ ਵੀ ਕਾਫ਼ੀ ਘੱਟ ਦਿਖਾਈ ਦਿੱਤਾ। ਕਮੇਟੀ ਨੇ ਸਵਾਲ ਚੁੱਕਿਆ ਕਿ ਜਦੋਂ ਪੰਪਿੰਗ ਸਟੇਸ਼ਨ ਬੰਦ ਹੈ ਤਾਂ ਗੰਦਾ ਪਾਣੀ ਕਿੱਥੇ ਜਾ ਰਿਹਾ ਹੈ। ਇਸ ਪਾਣੀ ਨੂੰ ਕਿਸੇ ਲੁਕਵੀਂ ਪਾਈਪਲਾਈਨ ਜਾਂ ਭੱਟੀਆਂ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੁੜੇ ਨੈੱਟਵਰਕ ਰਾਹੀਂ ਮੋੜੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪੂਰੇ ਸੀਵਰੇਜ ਨੈੱਟਵਰਕ ਦੀ ਤਕਨੀਕੀ ਜਾਂਚ ਜ਼ਰੂਰੀ ਹੈ। ਸ਼ਿੰਗਾਰ ਸਿਨੇਮਾ ਰੋਡ ਸਥਿਤ ਆਈਪੀਐੱਸ ਵਿਚ ਇਕ ਪੰਪ ਚੱਲਦਾ ਮਿਲਿਆ, ਪਰ ਉੱਥੇ ਵੀ ਨਾਲੇ ਵਿਚ ਗੰਦੇ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਪਾਣੀ ਦੀ ਨਿਕਾਸੀ ਦੇ ਅਸਲ ਰਸਤੇ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ ਗੌਘਾਟ ਦੇ ਦੋਵੇਂ ਆਈਪੀਐੱਸ ਚਾਲੂ ਮਿਲੇ ਅਤੇ ਨਿਰੀਖਣ ਦੌਰਾਨ ਇਨ੍ਹਾਂ ਥਾਵਾਂ ਤੋਂ ਬੁੱਧ ਦਰਿਆ ਵਿਚ ਸਿੱਧਾ ਗੰਦਾ ਪਾਣੀ ਡਿੱਗਦਾ ਦਿਖਾਈ ਨਹੀਂ ਦਿੱਤਾ। ਹਾਲਾਂਕਿ ਇਸ ਦੇ ਬਾਵਜੂਦ ਨਾਲਿਆਂ ਅਤੇ ਦਰਿਆ ਵਿਚ ਕਾਲੇ ਰੰਗ ਦਾ ਪਾਣੀ ਦਿਖਾਈ ਦੇਣਾ ਚਿੰਤਾ ਦਾ ਵਿਸ਼ਾ ਹੈ।
-ਬਾਕਸ-
-ਗਊਘਾਟ ਨੇੜੇ ਹਵਾ ਦੀ ਗੁਣਵੱਤਾ ਵੀ ਬੇਹੱਦ ਖ਼ਰਾਬ
ਪੀਏਸੀ ਨੇ ਗੌਘਾਟ ਗੁਰਦੁਆਰਾ ਸਾਹਿਬ ਨੇੜੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 305 ਦਰਜ ਹੋਣ ਦਾ ਦਾਅਵਾ ਕੀਤਾ ਹੈ, ਜੋ ਕਿ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਇਲਾਕੇ ਵਿਚ ਥਾਂ-ਥਾਂ ਠੋਸ ਕੂੜਾ ਖਿੱਲਰਿਆ ਹੋਇਆ ਸੀ ਅਤੇ ਕਈ ਨਾਲੇ ਜਾਮ ਮਿਲੇ। ਇਸ ਤੋਂ ਇਲਾਵਾ ਪੂਰੇ ਨਿਰੀਖਣ ਵਾਲੇ ਖੇਤਰ ਵਿਚ ਬਦਬੂ ਫੈਲੀ ਹੋਈ ਸੀ। ਕਮੇਟੀ ਅਨੁਸਾਰ ਕਾਲੇ ਰੰਗ ਦੇ ਪਾਣੀ ਦੀ ਮੌਜੂਦਗੀ ਪ੍ਰਦੂਸ਼ਣ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੀ ਹੈ, ਜਿਸ ਦੀ ਸਹੀ ਸਥਿਤੀ ਜਾਣਨ ਲਈ ਪਾਣੀ ਦੇ ਨਮੂਨਿਆਂ ਦੀ ਲੈਬਾਰਟਰੀ ਜਾਂਚ ਕਰਵਾਉਣੀ ਚਾਹੀਦੀ ਹੈ।ਕਮੇਟੀ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੌਘਾਟ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਦਾ ਦੇਖਿਆ ਗਿਆ ਸੁਪਨਾ ਅਜੇ ਵੀ ਪੂਰਾ ਨਹੀਂ ਹੋ ਸਕਿਆ। ਪੰਪਿੰਗ ਸਟੇਸ਼ਨਾਂ ਦਾ ਚੱਲਣਾ ਹੀ ਦਰਿਆ ਦੀ ਸਫ਼ਾਈ ਦਾ ਸਬੂਤ ਨਹੀਂ ਹੋ ਸਕਦਾ, ਸਗੋਂ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਸਨਅਤੀ ਇਕਾਈਆਂ, ਡੇਅਰੀਆਂ ਅਤੇ ਸੀਵਰੇਜ ਤੋਂ ਨਿਕਲਣ ਵਾਲਾ ਪਾਣੀ ਪੂਰੀ ਤਰ੍ਹਾਂ ਸੋਧਿਆ ਜਾ ਰਿਹਾ ਹੈ ਜਾਂ ਨਹੀਂ।
-ਬਾਕਸ-
-15 ਦਿਨਾਂ ’ਚ ਰਿਪੋਰਟ ਦੇਣ ਵਾਲੀ ਕਮੇਟੀ ਦੀ ਕਾਰਵਾਈ ਜਨਤਕ ਕਰਨ ਦੀ ਮੰਗ
ਪੀਏਸੀ ਨੇ ਕਿਹਾ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਗਠਿਤ ਬੁੱਢਾ ਦਰਿਆ ਐਕਸ਼ਨ ਕਮੇਟੀ ਵੱਲੋਂ 15 ਦਿਨਾਂ ’ਚ ਸਿਫ਼ਾਰਸ਼ਾਂ ਦੇਣ ਦੀ ਉਮੀਦ ਸੀ। ਹੁਣ ਇਨ੍ਹਾਂ ਸਿਫ਼ਾਰਸ਼ਾਂ ਨੂੰ ਜਨਤਕ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਲਾਗੂ ਕਰਨ ਲਈ ਸਮਾਂ-ਸੀਮਾ, ਜ਼ਿੰਮੇਵਾਰ ਵਿਭਾਗਾਂ ਤੇ ਨਿਰਧਾਰਤ ਟੀਚਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਕਮੇਟੀ ਨੇ ਮੰਗ ਕੀਤੀ ਕਿ ਦਰਿਆ ਵਿਚ ਡਿੱਗਣ ਵਾਲੇ ਹਰ ਗੰਦੇ ਪਾਣੀ ਦੇ ਸਰੋਤ ਦੀ ਪਛਾਣ ਕੀਤੀ ਜਾਵੇ। ਖੁੱਲ੍ਹੇ ਨਾਲਿਆਂ, ਲੁਕਵੀਆਂ ਪਾਈਪਲਾਈਨਾਂ, ਸੀਵਰੇਜ ਨੈੱਟਵਰਕ ਤੇ ਉਦਯੋਗਿਕ ਕੁਨੈਕਸ਼ਨਾਂ ਦੀ ਮੈਪਿੰਗ ਕਰਕੇ ਪਾਣੀ ਦੇ ਵਹਾਅ ਦਾ ਆਡਿਟ ਕਰਵਾਇਆ ਜਾਵੇ। ਗੈਰ-ਕਾਨੂੰਨੀ ਉਦਯੋਗਿਕ ਤੇ ਡੇਅਰੀ ਵੇਸਟ ਦੇ ਨਿਕਾਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਜਿੱਥੇ ਤਕਨੀਕੀ ਤੇ ਕਾਨੂੰਨੀ ਤੌਰ 'ਤੇ ਲਾਜ਼ਮੀ ਹੈ, ਉੱਥੇ ਜ਼ੀਰੋ ਲਿਕੁਵਿਡ ਡਿਸਚਾਰਜ (ਜ਼ੈੱਡਐੱਲਡੀ) ਪ੍ਰਣਾਲੀ ਲਾਗੂ ਕੀਤੀ ਜਾਵੇ।ਇਸ ਤੋਂ ਇਲਾਵਾ ਆਈਪੀਐੱਸ, ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀਈਟੀਪੀ), ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਤੇ ਡੇਅਰੀਆਂ ਦੇ ਐਫਲੂਐਂਟ ਟਰੀਟਮੈਂਟ ਪਲਾਂਟਾਂ ਦੀ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਗਊਘਾਟ ਇਲਾਕੇ ਵਿੱਚੋਂ ਕੂੜਾ ਹਟਾਉਣ, ਜਾਮ ਨਾਲਿਆਂ ਦੀ ਸਫ਼ਾਈ ਅਤੇ ਬਦਬੂ ਦੀ ਸਮੱਸਿਆ ਦੂਰ ਕਰਨ ਲਈ ਵੀ ਸਮਾਂਬੱਧ ਕਾਰਵਾਈ ਹੋਣੀ ਚਾਹੀਦੀ ਹੈ।
ਕਰਨਲ ਸੀਐੱਮ ਲਖਨਪਾਲ ਨੇ ਕਿਹਾ ਕਿ ਬੁੱਢਾ ਦਰਿਆ ਸਿਰਫ਼ ਇਕ ਪ੍ਰਦੂਸ਼ਿਤ ਨਾਲਾ ਨਹੀਂ ਹੈ, ਸਗੋਂ ਇਸ ਦਾ ਪ੍ਰਦੂਸ਼ਣ ਲੋਕਾਂ ਦੀ ਸਿਹਤ, ਧਰਤੀ ਹੇਠਲੇ ਪਾਣੀ, ਦਰਿਆ ਸਤਲੁਜ ਅਤੇ ਪੰਜਾਬ ਦੇ ਵਾਤਾਵਰਨ ਲਈ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਹੁਣ ਸਿਰਫ਼ ਐਲਾਨਾਂ ਅਤੇ ਮੀਟਿੰਗਾਂ ਦੀ ਬਜਾਏ ਜ਼ਮੀਨੀ ਪੱਧਰ 'ਤੇ ਨਤੀਜੇ ਦਿਖਾਉਣ ਦੀ ਲੋੜ ਹੈ। ਪੰਪ ਚਲਾਉਣ ਦੇ ਨਾਲ-ਨਾਲ ਪ੍ਰਦੂਸ਼ਣ ਦੇ ਸਰੋਤਾਂ ਨੂੰ ਖ਼ਤਮ ਕਰਨਾ ਅਤੇ ਬਿਨਾਂ ਸੋਧਿਆ ਪਾਣੀ ਦਰਿਆ ਵਿਚ ਜਾਣ ਤੋਂ ਰੋਕਣਾ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬੁੱਢਾ ਦਰਿਆ ਦੀ ਸਫ਼ਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਤਰੱਕੀ ਰਿਪੋਰਟ ਜਨਤਕ ਕਰੇ ਅਤੇ ਹਰ ਵਿਭਾਗ ਦੀ ਜਵਾਬਦੇਹੀ ਤੈਅ ਕਰੇ। ਜਦੋਂ ਤੱਕ ਪ੍ਰਦੂਸ਼ਣ ਦੇ ਸਰੋਤਾਂ ਨੂੰ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਿਰਫ਼ ਪੰਪਿੰਗ ਸਟੇਸ਼ਨਾਂ ਤੇ ਟਰੀਟਮੈਂਟ ਪਲਾਂਟਾਂ ਦੇ ਚਾਲੂ ਹੋਣ ਨਾਲ ਬੁੱਧ ਦਰਿਆ ਦੀ ਸਫ਼ਾਈ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ।