- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ ਜ਼ਰੂਰੀ ਖ਼ਬਰ-ਆਪ’ ਦੇ ਐੱਸਸੀ ਵਿੰਗ ਨੇ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਦਾ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਵਿਰੋਧ

1 ਨੰਬਰ ਲਈ ਜ਼ਰੂਰੀ ਖ਼ਬਰ)
-ਕਾਂਗਰਸ ਦਲਿਤ ਆਗੂ ਨਾਲ ਕਥਿਤ ਕੁੱਟਮਾਰ ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਦੇ ਮਾਮਲੇ ’ਚ ਆਪਣਾ ਪੱਖ ਸਪੱਸ਼ਟ ਕਰੇ : ਸਿੱਧੂ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਵੱਲੋਂ ਪਾਰਟੀ ਦੇ ਹੀ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕਥਿਤ ਕੁੱਟਮਾਰ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਫਵਾਰਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਜਵਾਨੀ ਸੰਭਾਲ ਯਾਤਰਾ’ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਜਤਾਇਆ ਗਿਆ।
ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਪਾਰਟੀ ਅਤੇ ਉਸ ਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦਲਿਤ ਸਮਾਜ ਦੇ ਮਾਣ-ਸਨਮਾਨ ਅਤੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ 'ਆਪ' ਦੇ ਲੁਧਿਆਣਾ ਸ਼ਹਿਰੀ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਪਿਲ ਸਿੱਧੂ ਅਤੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਪੀ ਨੇ ਕੀਤੀ।
ਸਿੱਧੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ‘ਜਵਾਨੀ ਸੰਭਾਲ ਯਾਤਰਾ’ ਕੱਢਣ ਦੀ ਬਜਾਏ ਪਹਿਲਾਂ ਦਲਿਤ ਆਗੂਆਂ ਦੇ ਮਾਣ-ਸਨਮਾਨ ਦੀ ਰਾਖੀ ਦੇ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਰਗੀ ਪੁਰਾਣੀ ਸਿਆਸੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਇਹ ਵਿਵਾਦ ਗੰਭੀਰ ਅਤੇ ਚਿੰਤਾਜਨਕ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਪਾਰਟੀ ਦੀ ਕਮਾਨ ਮੱਲਿਕਾਰਜੁਨ ਖੜਗੇ ਵਰਗੇ ਦਲਿਤ ਆਗੂ ਦੇ ਹੱਥ ਵਿੱਚ ਹੈ ਤਾਂ ਪਾਰਟੀ ਦੇ ਹੀ ਇਕ ਆਗੂ ਵੱਲੋਂ ਦਲਿਤ ਨੌਜਵਾਨ ਨਾਲ ਕਥਿਤ ਤੌਰ ’ਤੇ ਅਜਿਹਾ ਵਿਹਾਰ ਕੀਤੇ ਜਾਣ ਦੇ ਦੋਸ਼ ਕਈ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ ਲਗਭਗ ਅੱਠ ਦਹਾਕੇ ਬੀਤ ਚੁੱਕੇ ਹਨ, ਪਰ ਸਮਾਜ ਦੇ ਕੁਝ ਪ੍ਰਭਾਵਸ਼ਾਲੀ ਅਤੇ ਧਨਾਢ ਲੋਕਾਂ ਦੀ ਮਾਨਸਿਕਤਾ ਵਿੱਚ ਬਰਾਬਰੀ ਨੂੰ ਲੈ ਕੇ ਬਦਲਾਅ ਦੀ ਲੋੜ ਹੈ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਕਿਸੇ ਵਿਅਕਤੀ ਨੂੰ ਉਸ ਦੀ ਜਾਤ ਜਾਂ ਸਮਾਜਿਕ ਪਿਛੋਕੜ ਦੇ ਆਧਾਰ ’ਤੇ ਨੀਵਾਂ ਦਿਖਾਉਣਾ ਸੰਵਿਧਾਨਕ ਕਦਰਾਂ-ਕੀਮਤਾਂ ਦੇ ਉਲਟ ਹੈ।
ਸਿੱਧੂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਸਿਰਫ਼ ਮੰਚਾਂ ਤੋਂ ਸਮਾਜਿਕ ਬਰਾਬਰੀ ਅਤੇ ਦਲਿਤ ਹਿੱਤਾਂ ਦੀ ਗੱਲ ਕਰਨ ਦੀ ਬਜਾਏ ਆਪਣੇ ਆਗੂਆਂ ਦੇ ਵਿਹਾਰ ਵਿੱਚ ਵੀ ਇਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਦੀ ਘਟਨਾ ਬਾਰੇ ਕਾਂਗਰਸ ਪਾਰਟੀ ਆਪਣਾ ਪੱਖ ਸਪੱਸ਼ਟ ਕਰੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਦੌਰਾਨ ਚੰਨੀ ਦੀ ਯਾਤਰਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਾਈਕਲ ਚਲਾਉਂਦੇ ਹੋਏ ਵੀ ਨਜ਼ਰ ਆਏ।
ਰੋਸ ਮੁਜ਼ਾਹਰੇ ਵਿੱਚ ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਜ਼ਿਲ੍ਹਾ ਸਕੱਤਰ ਤੇ ਕੌਂਸਲਰ ਨਿਧੀ ਗੁਪਤਾ, ਪਰਮਵੀਰ ਸਿੰਘ ਪ੍ਰਿੰਸ, ਮੀਡੀਆ ਇੰਚਾਰਜ ਪਨੀਤ ਸਾਹਨੀ, ਲੁਧਿਆਣਾ ਦਿਹਾਤੀ ਦੇ ਆਗੂ ਡਾ. ਤੇਜਪਾਲ ਸਿੰਘ ਗਿੱਲ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿੱਕੀ ਰੂਪਰਾਏ, ਅਮਰਦਾਸ, ਮਨੀਸ਼ਾ ਕਪੂਰ, ਗੁਰਬੀਰ ਸਿੰਘ ਝਾਂਡੇ, ਜੋਰਾ ਤਲਵੰਡੀ, ਰਾਜ ਕੁਮਾਰ ਅਗਰਵਾਲ, ਚਰਨਜੀਤ ਲਾਂਬਾ ਅਤੇ ਜਤਿੰਦਰ ਸਿੰਘ ਸੇਵਕ ਸਮੇਤ ਕਈ ਆਗੂ ਤੇ ਵਰਕਰ ਮੌਜੂਦ ਸਨ।