- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਟਰੱਕ ਲੈ ਕੇ ਫੈਕਟਰੀ 'ਚ ਵੜੇ ਬਦਮਾਸ਼, ਤਿਆਰ ਮਾਲ, ਕੱਚਾ ਸਾਮਾਨ ਤੇ ਮਸ਼ੀਨਰੀ ਲੈ ਕੇ ਫ਼ਰਾਰ

-ਤਿੰਨ ਦਿਨਾਂ ਦੀਆਂ ਛੁੱਟੀਆਂ ਦਾ ਫਾਇਦਾ ਚੁੱਕ ਕੇ ਦੇਰ ਰਾਤ ਕੀਤੀ ਵਾਰਦਾਤ
-ਰੋਸ਼ਨਦਾਨ ਰਾਹੀਂ ਅੰਦਰ ਦਾਖ਼ਲ ਹੋ ਕੇ ਕੱਟੀਆਂ ਗੇਟ ਦੀਆਂ ਪੱਤੀਆਂ
57, 58
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਤਾਜਪੁਰ ਰੋਡ 'ਤੇ ਚੋਰਾਂ ਨੇ ਇੱਕ ਕੱਪੜਾ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਅਜਿਹੀ ਯੋਜਨਾਬੱਧ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਫੈਕਟਰੀ ਮਾਲਕ ਦੇ ਸਵੇਰੇ ਪਹੁੰਚਣ 'ਤੇ ਅੰਦਰਲਾ ਸਾਰਾ ਸਾਮਾਨ ਗਾਇਬ ਮਿਲਿਆ। ਬਦਮਾਸ਼ ਦੋ ਟਰੱਕ ਲੈ ਕੇ ਫੈਕਟਰੀ ’ਚ ਵੜੇ ਤੇ ਉੱਥੇ ਪਿਆ ਤਿਆਰ ਮਾਲ, ਕੱਚਾ ਸਾਮਾਨ ਅਤੇ ਕੀਮਤੀ ਮਸ਼ੀਨਰੀ ਟਰੱਕਾਂ ਵਿੱਚ ਲੱਦ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਵਾਰਦਾਤ ਦੌਰਾਨ ਫੈਕਟਰੀ ਦੇ ਮੁੱਖ ਗੇਟ ਨੂੰ ਬਾਹਰੋਂ ਤੋੜਨ ਦੀ ਬਜਾਏ ਅੰਦਰੋਂ ਉਸ ਦੀਆਂ ਪੱਤੀਆਂ ਕੱਟ ਕੇ ਟਰੱਕਾਂ ਦੇ ਲੰਘਣ ਦਾ ਰਸਤਾ ਬਣਾਇਆ। ਇੰਨਾ ਹੀ ਨਹੀਂ, ਆਪਣੀ ਪਛਾਣ ਲੁਕਾਉਣ ਅਤੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਉਨ੍ਹਾਂ ਦੀ ਰਿਕਾਰਡਿੰਗ ਕਰਨ ਵਾਲਾ ਡੀਵੀਆਰ ਵੀ ਨਾਲ ਲੈ ਗਏ। ਤਿੰਨ ਦਿਨਾਂ ਦੀਆਂ ਲਗਾਤਾਰ ਛੁੱਟੀਆਂ ਦੌਰਾਨ ਫੈਕਟਰੀ ਬੰਦ ਹੋਣ ਤੇ ਸੁਰੱਖਿਆ ਗਾਰਡ ਦੇ ਵੀ ਛੁੱਟੀ 'ਤੇ ਹੋਣ ਦਾ ਬਦਮਾਸ਼ਾਂ ਨੇ ਪੂਰਾ ਫਾਇਦਾ ਚੁੱਕਿਆ। ਵਾਰਦਾਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਫੈਕਟਰੀ ਮਾਲਕ ਸਵੇਰੇ ਕੰਮ 'ਤੇ ਪਹੁੰਚੇ। ਆਲੇ-ਦੁਆਲੇ ਦੀਆਂ ਫੈਕਟਰੀਆਂ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਪਤਾ ਲੱਗਾ ਕਿ ਬਦਮਾਸ਼ ਦੋ ਟਰੱਕਾਂ ਵਿੱਚ ਸਾਮਾਨ ਭਰ ਕੇ ਲੈ ਗਏ ਸਨ। ਫੈਕਟਰੀ ਮਾਲਕ ਵੱਲੋਂ ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਤਾਜਪੁਰ ਰੋਡ ਸਥਿਤ ਬਰਗਰ ਬੇ ਨਾਮ ਦੀ ਫੈਕਟਰੀ ਦੇ ਮਾਲਕ ਰੋਹਨ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿੱਚ ਕੱਪੜੇ ਦੇ ਫੈਬਰਿਕ ਤੋਂ ਹੁੱਡੀਆਂ ਅਤੇ ਟੀ-ਸ਼ਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ। ਵੱਖ-ਵੱਖ ਬ੍ਰਾਂਡਾਂ ਲਈ ਮਾਲ ਤਿਆਰ ਕਰਕੇ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਮੌਕੇ ਹੀ ਉਨ੍ਹਾਂ ਨੇ ਫੈਕਟਰੀ ਦਾ ਕੰਮ ਸ਼ੁਰੂ ਕੀਤਾ ਸੀ। ਇਸ ਵਾਰ ਤਿਉਹਾਰਾਂ ਦੇ ਦਿਨਾਂ ਵਿੱਚ ਲਗਾਤਾਰ ਤਿੰਨ ਛੁੱਟੀਆਂ ਹੋਣ ਕਾਰਨ ਫੈਕਟਰੀ ਬੰਦ ਸੀ। ਇਸ ਦੌਰਾਨ ਸੁਰੱਖਿਆ ਗਾਰਡ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਵੀ ਛੁੱਟੀ ਦੇ ਦਿੱਤੀ ਸੀ। ਰੋਹਨ ਮੁਤਾਬਕ ਜਦੋਂ ਉਹ ਸਵੇਰੇ ਫੈਕਟਰੀ ਪਹੁੰਚੇ ਤਾਂ ਅੰਦਰਲਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਫੈਕਟਰੀ ਵਿੱਚੋਂ ਸਾਮਾਨ ਗਾਇਬ ਸੀ ਅਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਆਪਣੀ ਜਗ੍ਹਾ ਤੋਂ ਉਖਾੜੇ ਹੋਏ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰ ਫੈਕਟਰੀ ਵਿੱਚੋਂ ਤਿਆਰ ਮਾਲ, ਕੱਚਾ ਸਾਮਾਨ ਅਤੇ ਮਸ਼ੀਨਰੀ ਤੱਕ ਲੈ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਲੇ-ਦੁਆਲੇ ਦੀਆਂ ਫੈਕਟਰੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ।
-ਬਾਕਸ-
-ਪੁਲਿਸ ਨੇ ਜਾਂਚ ਦੌਰਾਨ ਮੋਬਾਈਲ ਲੋਕੇਸ਼ਨਾਂ ਵੀ ਖੰਗਾਲੀਆਂ
ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਟਿੱਬਾ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੀਆਂ ਫੈਕਟਰੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ 'ਤੇ ਸਾਹਮਣੇ ਆਇਆ ਹੈ ਕਿ ਵਾਰਦਾਤ ਤੋਂ ਬਾਅਦ ਫੈਕਟਰੀ ਵਿੱਚੋਂ ਦੋ ਟਰੱਕ ਬਾਹਰ ਨਿਕਲ ਰਹੇ ਸਨ। ਮੁਲਜ਼ਮਾਂ ਨੇ ਦੇਰ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਵਾਰਦਾਤ ਦੇ ਸਮੇਂ ਨਾਲ ਸਬੰਧਤ ਕੁਝ ਮੋਬਾਈਲ ਫੋਨਾਂ ਦੀਆਂ ਲੋਕੇਸ਼ਨਾਂ ਵੀ ਟਰੇਸ ਕੀਤੀਆਂ ਗਈਆਂ ਹਨ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।