- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਲੁਧਿਆਣਾ 'ਚ ਨਕਲੀ ਸੀਆਈਏ ਅਧਿਕਾਰੀ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼

1 ਦੀ ਲੀਡ)
-ਹੋਮਗਾਰਡ ਜਵਾਨ ਸਣੇ 4 ਗ੍ਰਿਫ਼ਤਾਰ, ਖਾਕੀ ਪੈਂਟਾਂ, ਕੋਟ ਤੇ ਪੱਗਾਂ ਪਾ ਕੇ ਕਾਰ 'ਚ ਘੁੰਮਦੇ ਸਨ ਮੁਲਜ਼ਮ
--10 ਜਣਿਆਂ ਨੂੰ ਅਰਾਧਕ ਮਾਮਲਿਆਂ 'ਚ ਫਸਾਉਣ ਦਾ ਡਰ ਦਿਖਾ ਕੇ ਕੀਤੀ ਵਸੂਲੀ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਵਿੱਚ ਪੁਲਿਸ ਦੀ ਵਰਦੀ ਤੇ ਅਹੁਦੇ ਦਾ ਰੋਅਬ ਦਿਖਾ ਕੇ ਲੋਕਾਂ ਨੂੰ ਡਰਾਉਣ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਗਿਰੋਹ ਦੇ ਮੈਂਬਰ ਖ਼ੁਦ ਨੂੰ ਸੀਆਈਏ ਅਧਿਕਾਰੀ ਦੱਸ ਕੇ ਕਾਰ ਵਿੱਚ ਘੁੰਮਦੇ ਸਨ ਅਤੇ ਲੋਕਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਹੜੱਪਦੇ ਸਨ। ਹੈਰਾਨੀ ਹੈ ਕਿ ਗਿਰੋਹ ’ਚ ਪੰਜਾਬ ਹੋਮਗਾਰਡ ਦਾ ਇੱਕ ਜਵਾਨ ਵੀ ਸ਼ਾਮਲ ਸੀ, ਜਿਸ ਨੂੰ ਪੁਲਿਸ ਨੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਕੁਝ ਹਫ਼ਤਿਆਂ ਦੌਰਾਨ ਕਰੀਬ 10 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਵਸੂਲੀ ਕਰ ਚੁੱਕੇ ਹਨ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ (29) ਵਾਸੀ ਆਨੰਦ ਨਗਰ, ਖੰਨਾ, ਜੋ ਪੰਜਾਬ ਹੋਮਗਾਰਡ ਵਿੱਚ ਤਾਇਨਾਤ ਹੈ, ਗੁਰਵਿੰਦਰ ਸਿੰਘ (50) ਵਾਸੀ ਪਿੰਡ ਰਾਹੋਂ, ਖੰਨਾ, ਸੁਰਿੰਦਰਪਾਲ ਸਿੰਘ (50) ਵਾਸੀ ਪਿੰਡ ਸੰਗਤਪੁਰਾ, ਸਮਰਾਲਾ ਅਤੇ ਅਜੀਤ ਕੁਮਾਰ (34) ਵਾਸੀ ਗਿਆਸਪੁਰਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਗੁਰਵਿੰਦਰ ਸਿੰਘ ਕਿਸਾਨ, ਸੁਰਿੰਦਰਪਾਲ ਸਿੰਘ ਕਿਸਾਨ ਤੇ ਸਰਪੰਚ, ਜਦਕਿ ਅਜੀਤ ਕੁਮਾਰ ਕੈਟਰਿੰਗ ਦਾ ਕੰਮ ਕਰਦਾ ਹੈ। ਚਾਰਾਂ ਨੂੰ ਗਿਆਸਪੁਰਾ ਇਲਾਕੇ ਵਿੱਚੋਂ ਕਾਬੂ ਕੀਤਾ ਹੈ। ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਾਰ ’ਚ ਘੁੰਮ ਰਹੇ ਹਨ, ਜਿਨ੍ਹਾਂ ਨੇ ਖਾਕੀ ਰੰਗ ਦੀਆਂ ਪੈਂਟਾਂ, ਕੋਟ ਅਤੇ ਪੱਗਾਂ ਬੰਨ੍ਹੀਆਂ ਹੋਈਆਂ ਹਨ। ਇਹ ਵਿਅਕਤੀ ਖ਼ੁਦ ਨੂੰ ਸੀਆਈਏ ਦਾ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਰੋਕਦੇ ਅਤੇ ਉਨ੍ਹਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਫਸਾਉਣ ਦਾ ਡਰ ਦਿਖਾ ਕੇ ਪੈਸੇ ਵਸੂਲਦੇ ਹਨ। ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼-2 ਦੀ ਪੁਲਿਸ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਵਿੱਚ ਸ਼ਾਮਲ ਅਜੀਤ ਕੁਮਾਰ ਮੁਖਬਰ ਵਜੋਂ ਕੰਮ ਕਰਦਾ ਸੀ। ਉਹ ਪਹਿਲਾਂ ਅਜਿਹੇ ਵਿਅਕਤੀਆਂ ਦੀ ਪਛਾਣ ਕਰਦਾ ਸੀ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਗੈਰਕਾਨੂੰਨੀ ਸਰਗਰਮੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੁੰਦਾ ਸੀ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਦਿੰਦਾ ਸੀ ਅਤੇ ਗਿਰੋਹ ਦੇ ਮੈਂਬਰ ਮੌਕੇ ’ਤੇ ਪਹੁੰਚ ਕੇ ਵਸੂਲੀ ਦੀ ਯੋਜਨਾ ਨੂੰ ਅੰਜਾਮ ਦਿੰਦੇ ਸਨ।
ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਆਮ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਜਿਨ੍ਹਾਂ ਦੇ ਕਿਸੇ ਗ਼ੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੁੰਦੀ ਸੀ। ਅਜਿਹੇ ਹੀ ਇੱਕ ਮਾਮਲੇ ਵਿੱਚ ਗਿਰੋਹ ਨੇ ਇੱਕ ਢਾਬਾ ਮਾਲਕ ਨੂੰ ਨਿਸ਼ਾਨਾ ਬਣਾਇਆ। ਦੋਸ਼ ਹੈ ਕਿ ਢਾਬਾ ਮਾਲਕ ਆਪਣੇ ਅਦਾਰੇ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵਰਤਾ ਰਿਹਾ ਸੀ।
ਮੁਲਜ਼ਮਾਂ ਨੇ ਢਾਬਾ ਮਾਲਕ ਨੂੰ ਮਾਮਲਾ ਦਰਜ ਕਰਨ ਲਈ ਸੀਆਈਏ ਦਫ਼ਤਰ ਲਿਜਾਣ ਦਾ ਬਹਾਨਾ ਬਣਾਇਆ ਅਤੇ ਉਸ ਨੂੰ ਆਪਣੀ ਕਾਰ ’ਚ ਬਿਠਾ ਲਿਆ। ਪਰ ਉਹ ਉਸ ਨੂੰ ਦਫ਼ਤਰ ਲਿਜਾਣ ਦੀ ਬਜਾਏ ਕਾਰ ਵਿੱਚ ਹੀ ਡਰਾ-ਧਮਕਾ ਕੇ ਉਸ ਤੋਂ ਪੈਸੇ ਵਸੂਲਣ ਤੋਂ ਬਾਅਦ ਛੱਡ ਗਏ। ਪੁਲਿਸ ਅਨੁਸਾਰ ਗਿਰੋਹ ਇਸੇ ਤਰੀਕੇ ਨਾਲ ਪਿਛਲੇ ਕੁਝ ਸਮੇਂ ਦੌਰਾਨ ਘੱਟੋ-ਘੱਟ 10 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਾ ਹੈ। ਪੁਲਿਸ ਜਾਂਚ ’ਚ ਹੋਮਗਾਰਡ ਜਵਾਨ ਪਰਮਿੰਦਰ ਸਿੰਘ ਨੂੰ ਗਿਰੋਹ ਦਾ ਮੁੱਖ ਸਰਗਣਾ ਦੱਸਿਆ ਜਾ ਰਿਹਾ ਹੈ। ਉਹ ਇੱਕ ਸਰਕਾਰੀ ਬੈਂਕ ਵਿੱਚ ਸੁਰੱਖਿਆ ਡਿਊਟੀ ’ਤੇ ਤਾਇਨਾਤ ਸੀ, ਪਰ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਸੀ। ਹੁਣ ਪੁਲਿਸ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਵੱਲੋਂ ਨਿਸ਼ਾਨਾ ਬਣਾਏ ਗਏ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਵਸੂਲੀ ਗਈ ਕੁੱਲ ਰਕਮ ਦਾ ਖੁਲਾਸਾ ਹੋ ਸਕੇ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।