- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ-ਛੱਠ ਪੂਜਾ ਕਾਰਨ ਸਬਜ਼ੀ ਮੰਡੀ ’ਚ ਮੰਦੀ ਦੀ ਮਾਰ, ਆੜਤੀ ਹੋਏ ਬੇਹਾਲ, ਸਬਜ਼ੀਆਂ ਤੇ ਫਲਾਂ ਦੇ ਖ਼ਰੀਦਦਾਰ ਗਾਇਬ

3 ਨੰਬਰ ਲਈ)
-ਫੜ੍ਹੀਦਾਰਾਂ ਵੱਲੋਂ ਪਿੰਡਾਂ ਨੂੰ ਪਰਤਣ ਕਾਰਨ ਮੰਡੀ ’ਚ ਕਾਰੋਬਾਰ ਠੱਪ, ਕਿਸਾਨਾਂ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਛੱਠ ਪੂਜਾ ਦੇ ਤਿਉਹਾਰ ਨੇ ਸਬਜ਼ੀ ਮੰਡੀ ਦੇ ਕਾਰੋਬਾਰ ਦੀ ਰਫ਼ਤਾਰ ਨੂੰ ਬ੍ਰੇਕ ਲਗਾ ਦਿੱਤੀ ਹੈ। ਮੰਡੀ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰੀਦੋ-ਫ਼ਰੋਖ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਆੜਤੀ ਡਾਢੇ ਪਰੇਸ਼ਾਨ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਆੜਤੀਆਂ ਵੱਲੋਂ ਕਿਸਾਨਾਂ ਤੇ ਜ਼ਿਮੀਂਦਾਰਾਂ ਤੋਂ ਮੰਗਵਾਈ ਗਈ ਸਬਜ਼ੀ ਅਤੇ ਫਲਾਂ ਦੀ ਜਿਨਸ ਦੇ ਖ਼ਰੀਦਦਾਰ ਹੀ ਨਹੀਂ ਮਿਲ ਰਹੇ। ਦੂਜੇ ਪਾਸੇ ਮੰਡੀ ਵਿੱਚ ਮਾਲ ਦੀ ਵਿਕਰੀ ਨਾ ਹੋਣ ਕਾਰਨ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਵੀ ਮੰਡਰਾਉਣ ਲੱਗਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਯੂਪੀ ਤੇ ਬਿਹਾਰ ਸਮੇਤ ਕਈ ਸੂਬਿਆਂ ਵਿੱਚ ਛੱਠ ਪੂਜਾ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਵੀ ਆਪਣੇ ਪਰਿਵਾਰਾਂ ਤੇ ਬੱਚਿਆਂ ਨਾਲ ਇਹ ਤਿਉਹਾਰ ਮਨਾਉਣ ਲਈ ਆਪਣੇ ਜੱਦੀ ਪਿੰਡਾਂ ਨੂੰ ਪਰਤ ਜਾਂਦੇ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਲੋਕ ਇੱਕ ਤੋਂ ਦੋ ਹਫ਼ਤਿਆਂ ਤੱਕ ਆਪਣਾ ਕੰਮ-ਕਾਜ ਬੰਦ ਰੱਖਦੇ ਹਨ।
ਜੇਕਰ ਸਬਜ਼ੀ ਮੰਡੀ ਦੇ ਹਾਲਾਤ ’ਤੇ ਨਜ਼ਰ ਮਾਰੀਏ ਤਾਂ ਇੱਥੇ ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਜ਼ਿਆਦਾਤਰ ਫੜ੍ਹੀਦਾਰ ਅਤੇ ਰੇਹੜੀ ਚਾਲਕ ਪ੍ਰਵਾਸੀ ਵਰਗ ਨਾਲ ਸਬੰਧਤ ਹਨ। ਛੱਠ ਮਈਆ ਪੂਜਾ ਕਾਰਨ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਆਪਣੇ ਪਿੰਡਾਂ ਨੂੰ ਚਲੀ ਗਈ ਹੈ ਤੇ ਮੰਡੀ ਵਿੱਚ ਰੇਹੜੀਆਂ ਤੇ ਫੜ੍ਹੀਆਂ ਨਹੀਂ ਲੱਗ ਰਹੀਆਂ। ਇਸ ਦਾ ਸਿੱਧਾ ਅਸਰ ਮੰਡੀ ਵਿੱਚ ਹੋਣ ਵਾਲੀ ਖ਼ਰੀਦਦਾਰੀ ’ਤੇ ਪਿਆ ਹੈ। ਆੜ੍ਹਤੀਆਂ ਵੱਲੋਂ ਮੰਗਵਾਇਆ ਗਿਆ ਮਾਲ ਮੰਡੀ ’ਚ ਹੀ ਪਿਆ ਰਹਿ ਰਿਹਾ ਹੈ ਤੇ ਵਿਕਰੀ ਨਾ ਹੋਣ ਕਾਰਨ ਕਾਰੋਬਾਰ ਮੰਦੇ ਦੀ ਲਪੇਟ ਵਿੱਚ ਆ ਗਿਆ ਹੈ।
ਆੜ੍ਹਤੀਆਂ ਨੇ ਕਿਹਾ ਹੈ ਕਿ ਮੰਡੀ ’ਚ ਭੀੜ ਅਤੇ ਖ਼ਰੀਦਦਾਰਾਂ ਦੀ ਗਿਣਤੀ ਘਟਣ ਕਾਰਨ ਸਬਜ਼ੀਆਂ ਤੇ ਫਲਾਂ ਦੀ ਵਿਕਰੀ ਨਾ-ਮਾਤਰ ਰਹਿ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੰਡੀ ਵਿੱਚ ਮਾਲ ਦੀ ਆਮਦ ਅਤੇ ਕਾਰੋਬਾਰੀ ਗਤੀਵਿਧੀਆਂ ਘੱਟ ਹੋਣ ਦੇ ਬਾਵਜੂਦ ਕੋਈ ਸਬਜ਼ੀ ਅਤੇ ਫਲ ਖ਼ਰੀਦਣ ਲਈ ਤਿਆਰ ਨਹੀਂ ਹੈ। ਇਸ ਕਾਰਨ ਆੜ੍ਹਤੀਆਂ ਨੂੰ ਕਿਸਾਨਾਂ ਅਤੇ ਜ਼ਿਮੀਂਦਾਰਾਂ ਦੀਆਂ ਪੇਮੈਂਟਾਂ ਕਰਨ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹੀ ਹਾਲਾਤ ਬਣੇ ਰਹੇ, ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।
-ਮਾਰਕੀਟ ਕਮੇਟੀ ਦੀ ਫੀਸ ਨੂੰ ਵੀ ਲੱਗੇਗਾ ਖੋਰਾ
ਸਬਜ਼ੀ ਮੰਡੀ ਵਿੱਚ ਕਾਰੋਬਾਰ ਠੱਪ ਹੋਣ ਦਾ ਅਸਰ ਸਿਰਫ਼ ਆੜ੍ਹਤੀਆਂ ਅਤੇ ਕਿਸਾਨਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਸ ਦੀ ਮਾਰ ਮਾਰਕੀਟ ਕਮੇਟੀ ਦੀ ਆਮਦਨ ’ਤੇ ਵੀ ਪੈ ਸਕਦੀ ਹੈ। ਮੰਡੀ ਵਿੱਚ ਜਦੋਂ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਘੱਟ ਹੋਵੇਗੀ ਤਾਂ ਮਾਰਕੀਟ ਕਮੇਟੀ ਨੂੰ ਮਿਲਣ ਵਾਲੀ ਫੀਸ ਵਿੱਚ ਵੀ ਕਮੀ ਆਉਣੀ ਸੁਭਾਵਿਕ ਹੈ। ਅਜਿਹੇ ਵਿੱਚ ਛੱਠ ਪੂਜਾ ਕਾਰਨ ਮੰਡੀ ਵਿੱਚ ਛਾਈ ਮੰਦੀ ਨੇ ਆੜਤੀਆਂ ਦੇ ਨਾਲ-ਨਾਲ ਕਿਸਾਨਾਂ ਅਤੇ ਮਾਰਕੀਟ ਕਮੇਟੀ ਦੀ ਚਿੰਤਾ ਵੀ ਵਧਾ ਦਿੱਤੀ ਹੈ।