- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐੱਸਏਆਈਐੱਮਏ ਵੱਲੋਂ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ

3
ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਟੇਟ ਐਗਰੀਕਲਚਰਲ ਇੰਪਲੀਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਪੀਐੱਸਏਆਈਐੱਮਏ) ਦੇ ਉੱਚ ਪੱਧਰੀ ਵਫ਼ਦ ਨੇ ਪੀਏਯੂ ਦੇ ਨਵ-ਨਿਯੁਕਤ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੱਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਵਫ਼ਦ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਇੰਜੀਨੀਅਰ ਬਲਦੇਵ ਸਿੰਘ ਹੁੰਜਨ, ਪ੍ਰਧਾਨ ਅਵਿੰਦਰ ਸਿੰਘ, ਜਨਰਲ ਸਕੱਤਰ ਸੁਖਤੇਜ ਸਿੰਘ, ਸਿਆਸੀ ਸਲਾਹਕਾਰ ਜਗਤਜੀਤ ਸਿੰਘ ਪਾਸੀ, ਸੀਆਰਐੱਮ. ਸਕੱਤਰ ਇੰਦਰਜੀਤ ਸਿੰਘ ਧੰਜਲ ਤੇ ਕੈਸ਼ੀਅਰ ਬਲਬੀਰ ਸਿੰਘ ਰਾਜਾ ਸਮੇਤ ਹੋਰ ਅਹੁਦੇਦਾਰ ਸ਼ਾਮਲ ਸਨ। ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਡੀਨ ਡਾ. ਮਨਜੀਤ ਸਿੰਘ ਨੇ ਵਫ਼ਦ ਦੀ ਵਾਈਸ ਚਾਂਸਲਰ ਨਾਲ ਜਾਣ-ਪਛਾਣ ਕਰਵਾਈ ਅਤੇ ਐਸੋਸੀਏਸ਼ਨ ਦੇ ਯੂਨੀਵਰਸਿਟੀ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਪੰਜਾਬ ਦੇ ਖੇਤੀ ਮਸ਼ੀਨਰੀ ਉਦਯੋਗ, ਖ਼ਾਸ ਕਰਕੇ ਛੋਟੇ ਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈਜ਼) ਦੀਆਂ ਸਮੱਸਿਆਵਾਂ ਤੇ ਤਕਨੀਕੀ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ। ਐਸੋਸੀਏਸ਼ਨ ਨੇ ਵੀ ਉਸ ਨੂੰ ਮੰਗ ਪੱਤਰ ਸੌਂਪ ਕੇ ਖੇਤੀ ਇੰਜਨੀਅਰਿੰਗ ਦੇ ਕੋਰਸ ’ਚ ਮਸ਼ੀਨਰੀ ਨਿਰਮਾਤਾਵਾਂ ਦੇ ਬੱਚਿਆਂ ਲਈ ਅਦਾਇਗੀ ਵਾਲੀਆਂ ਸੀਟਾਂ, ਪੀਏਯੂ ਕਿਸਾਨ ਮੇਲੇ ਵਿੱਚ ਛੋਟੇ ਉਦਯੋਗਾਂ ਲਈ ਵੱਖਰੇ ਸਟਾਲ, ਤਕਨੀਕੀ ਸਲਾਹ ਤੇ ਉਤਪਾਦ ਵਿਕਾਸ ਕੇਂਦਰ ਸਥਾਪਤ ਕਰਨ ਤੇ ਵਿਦਿਆਰਥੀਆਂ ਲਈ ਉਦਯੋਗਿਕ ਇਕਾਈਆਂ ਵਿੱਚ ਇੰਟਰਨਸ਼ਿਪ ਦੇ ਮੌਕੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਡਾ. ਧਾਲੀਵਾਲ ਨੇ ਐਸੋਸੀਏਸ਼ਨ ਦੇ ਸੁਝਾਵਾਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਤੇ ਉਦਯੋਗ ਵਿਚਕਾਰ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੋਜ, ਤਕਨੀਕੀ ਸਿੱਖਿਆ ਅਤੇ ਸਨਅਤੀ ਤਜਰਬੇ ਦਾ ਸੁਮੇਲ ਖੇਤੀ ਮਸ਼ੀਨਰੀ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਵੇਗਾ।