- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਨੇ ਵਿਸ਼ਵ ਸ਼ੂਗਰ ਦਿਵਸ ਮੌਕੇ ਲਾਈ ਜਾਗਰੂਕਤਾ ਪ੍ਰਦਰਸ਼ਨੀ

8
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਨਿਊਟ੍ਰੀਸ਼ਨ ਸੁਸਾਇਟੀ ਆਫ਼ ਇੰਡੀਆ (ਐੱਨਐੱਸਆਈ) ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਵਿਸ਼ਵ ਸ਼ੂਗਰ ਦਿਵਸ ਮੌਕੇ ਪੀਏਯੂ ਦੇ ਸਿਹਤ ਕੇਂਦਰ ਦੇ ਬਾਹਰ ਸ਼ੂਗਰ ਰੋਗ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ। ਇਸ ਸਾਲ ਦਾ ਵਿਸ਼ਾ 'ਸ਼ੂਗਰ ਰੋਗ ਬਾਰੇ ਸਮੇਂ ਸਿਰ ਕਾਰਵਾਈ' ਸੀ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਯੂਨੀਵਰਸਿਟੀ ਭਾਈਚਾਰੇ ਨੂੰ ਸਿਹਤਮੰਦ ਖੁਰਾਕ, ਸੰਤੁਲਿਤ ਪੋਸ਼ਣ ਅਤੇ ਨਿਯਮਤ ਸਰੀਰਕ ਗਤੀਵਿਧੀਆਂ ਰਾਹੀਂ ਸ਼ੂਗਰ ਦੀ ਰੋਕਥਾਮ ਤੇ ਇਸ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ। ਪ੍ਰਦਰਸ਼ਨੀ ਦੌਰਾਨ ਸ਼ੂਗਰ ਰੋਗ ਦੇ ਕਾਰਨਾਂ, ਜੋਖ਼ਮ ਦੇ ਕਾਰਕਾਂ, ਰੋਕਥਾਮ ਦੇ ਉਪਾਵਾਂ, ਸੰਤੁਲਿਤ ਖੁਰਾਕ ਅਤੇ ਸਿਹਤ ਨੂੰ ਬਿਹਤਰ ਬਣਾਉਣ ਵਾਲੇ ਵਿਸ਼ੇਸ਼ ਖੁਰਾਕੀ ਪਦਾਰਥਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਲੋਕਾਂ ਨੂੰ ਵਿਅਕਤੀਗਤ ਖੁਰਾਕ ਸਬੰਧੀ ਸਲਾਹ ਦਿੱਤੀ ਅਤੇ ਸਰੀਰ ਦੀ ਬਣਤਰ ਦਾ ਵਿਸ਼ਲੇਸ਼ਣ ਵੀ ਕੀਤਾ। ਇਸ ਰਾਹੀਂ ਲੋਕਾਂ ਨੂੰ ਆਪਣੀ ਪੋਸ਼ਣ ਸਥਿਤੀ ਸਮਝਣ, ਖਾਣੇ ਦੀ ਸਹੀ ਮਾਤਰਾ ਨਿਰਧਾਰਤ ਕਰਨ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਇਸ ਜਾਗਰੂਕਤਾ ਪ੍ਰੋਗਰਾਮ ਦੇ ਆਯੋਜਨ ਲਈ ਅਧਿਆਪਕਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ੂਗਰ ਦੇ ਖ਼ਤਰੇ ਨੂੰ ਘਟਾਉਣ ਅਤੇ ਚੰਗੀ ਸਿਹਤ ਬਣਾਈ ਰੱਖਣ ਲਈ ਸੰਤੁਲਿਤ ਭੋਜਨ, ਸਿਹਤਮੰਦ ਖੁਰਾਕੀ ਆਦਤਾਂ ਅਤੇ ਸਰਗਰਮ ਜੀਵਨਸ਼ੈਲੀ ਬਹੁਤ ਜ਼ਰੂਰੀ ਹਨ। ਪੀਏਯੂ ਸਿਹਤ ਕੇਂਦਰ ਦੇ ਮੁੱਖ ਮੈਡੀਕਲ ਅਫ਼ਸਰ ਡਾ. ਕਮਲ ਪ੍ਰੀਤ ਕੌਰ ਅਤੇ ਡਾ. ਜਸਪ੍ਰੀਤ ਕੌਰ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਪ੍ਰੋਗਰਾਮ ਡਾ. ਰੇਣੂਕਾ ਅਗਰਵਾਲ, ਸੀਨੀਅਰ ਸਾਇੰਟਿਸਟ ਅਤੇ ਡਾ. ਸ਼ਰੂਤੀ ਜੈਨ, ਸਹਾਇਕ ਪ੍ਰੋਫੈਸਰ ਦੀ ਅਗਵਾਈ ਹੇਠ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵੱਲੋਂ ਕਰਵਾਇਆ ਗਿਆ।