- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਲਈ-ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਨੇ ਲੁਧਿਆਣਾ ਕਾਂਗਰਸ ਦੀ ਧੜੇਬਾਜ਼ੀ ਮੁੜ ਕੀਤੀ ਜੱਗ ਜ਼ਾਹਰ

4 ਲਈ)
-ਐੱਮਪੀ ਰਾਜਾ ਵੜਿੰਗ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ ਤੇ ਬੈਂਸ ਭਰਾਵਾਂ ਨੇ ਸੋਸ਼ਲ ਮੀਡੀਆ ’ਤੇ ਵੀ ਨਹੀਂ ਕੀਤਾ ਯਾਤਰਾ ਦਾ ਸਵਾਗਤ
--ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਫਲੈਕਸ ਬੋਰਡਾਂ ਤੋਂ ਸਾਂਸਦ ਰਾਜਾ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ ਤਲਵਾੜ ਦੀ ਤਸਵੀਰ ਗਾਇਬ
ਫ਼ੋਟੋ ਨੰਬਰ-46
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ ਸਾਹਨੇਵਾਲ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਸੂਬੇ ’ਚ ਕਾਂਗਰਸ ਪਾਰਟੀ ਦੇ ਇੱਕਜੁੱਟ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਸ਼ੁੱਕਰਵਾਰ ਨੂੰ ਲੁਧਿਆਣਾ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਦੌਰਾਨ ਇਕ ਵਾਰ ਫਿਰ ਪੋਲ ਖੁੱਲ੍ਹਦੀ ਨਜ਼ਰ ਆਈ।
ਚੰਨੀ ਦੀ ਸਾਈਕਲ ਯਾਤਰਾ ਦੇ ਸਵਾਗਤ ਲਈ ਜਿੱਥੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਧੜਾ ਪੱਬਾਂ ਭਾਰ ਰਿਹਾ, ਉੱਥੇ ਹੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਚੰਨੀ ਦੀ ਸਾਈਕਲ ਯਾਤਰਾ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਨਜ਼ਰ ਆਏ। ਦੂਜੇ ਪਾਸੇ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਤਾਂ ਇਸ ਮੌਕੇ ਗੈਰ-ਹਾਜ਼ਰ ਰਹੇ ਹੀ, ਸਗੋਂ ਉਨ੍ਹਾਂ ਦੇ ਧੜੇ ਨਾਲ ਸਬੰਧਤ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਮੰਤਰੀ ਰਾਕੇਸ਼ ਪਾਂਡੇ, ਹਲਕਾ ਲੁਧਿਆਣਾ ਸੈਂਟਰਲ ਤੋਂ ਕਾਂਗਰਸ ਇੰਚਾਰਜ ਤੇ ਸਾਬਕਾ ਮੰਤਰੀ ਸੁਰਿੰਦਰ ਡਾਬਰ ਅਤੇ ਬੈਂਸ ਭਰਾਵਾਂ ਨੇ ਵੀ ਸਾਬਕਾ ਮੁੱਖ ਮੰਤਰੀ ਚੰਨੀ ਦੀ ਸਾਈਕਲ ਯਾਤਰਾ ਦਾ ਸਾਥੀਆਂ ਸਮੇਤ ਸਵਾਗਤ ਕਰਨਾ ਤਾਂ ਦੂਰ ਦੀ ਗੱਲ, ਸੋਸ਼ਲ ਮੀਡੀਆ ’ਤੇ ਵੀ ਪੰਜਾਬ ਕਾਂਗਰਸ ਦੀ ਇਸ ਯਾਤਰਾ ਦਾ ਸਵਾਗਤ ਕਰਨਾ ਜ਼ਰੂਰੀ ਨਹੀਂ ਸਮਝਿਆ।
ਇਸ ਦੇ ਨਾਲ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ਼ਹਿਰ ਦੇ ਚੌਕਾਂ ਅਤੇ ਸੜਕਾਂ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯਾਤਰਾ ਦੇ ਸਵਾਗਤ ਲਈ ਵੱਡੇ-ਵੱਡੇ ਫਲੈਕਸ ਬੋਰਡ ਲਗਾਏ ਗਏ। ਪਰ ਇਨ੍ਹਾਂ ਫਲੈਕਸ ਬੋਰਡਾਂ ਵਿੱਚ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਦੀਆਂ ਤਸਵੀਰਾਂ ਗਾਇਬ ਨਜ਼ਰ ਆਈਆਂ।
ਇਸ ਘਟਨਾਕ੍ਰਮ ਤੋਂ ਬਾਅਦ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੇ ਅੰਦਰੂਨੀ ਕਾਟੋ-ਕਲੇਸ਼ ਦੀ ਚਰਚਾ ਇੱਕ ਵਾਰ ਫਿਰ ਛਿੜ ਗਈ ਹੈ। ਸਿਆਸੀ ਹਲਕਿਆਂ ਵਿੱਚ ਇਹ ਸਵਾਲ ਉੱਠਣ ਲੱਗਾ ਹੈ ਕਿ ਭਾਵੇਂ ਕਾਂਗਰਸ ਦੇ ਆਗੂ ਸਿਆਸੀ ਸਟੇਜਾਂ ’ਤੇ ਆਪਣੀ ਹਾਈਕਮਾਂਡ ਤੇ ਲੋਕਾਂ ਸਾਹਮਣੇ ਇੱਕਜੁੱਟ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹੋਣ, ਪਰ ਕੀ ਉਨ੍ਹਾਂ ਦੇ ਦਿਲਾਂ ਵਿੱਚ ਅਜੇ ਵੀ ਸਿਆਸੀ ਦੂਰੀਆਂ ਬਰਕਰਾਰ ਹਨ? ਲੁਧਿਆਣਾ ’ਚ ਚੰਨੀ ਦੀ ਯਾਤਰਾ ਦੌਰਾਨ ਸਾਹਮਣੇ ਆਏ ਇਹ ਸਿਆਸੀ ਦ੍ਰਿਸ਼ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਧੜਿਆਂ ਵਿਚਕਾਰ ਦੂਰੀਆਂ ਘਟਣ ਦੀ ਬਜਾਏ ਅਜੇ ਵੀ ਕਾਇਮ ਹਨ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਂਡ ਇਨ੍ਹਾਂ ਦੂਰੀਆਂ ਨੂੰ ਖਤਮ ਕਰਨ ਲਈ ਕੀ ਕਦਮ ਚੁੱਕਦੀ ਹੈ।