- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦਾ ਬੌਟਮ-ਸਿੱਧਵਾਂ ਨਹਿਰ ਰੋਡ ’ਤੇ ਕੂੜੇ ਦੇ ਢੇਰਾਂ ਨੇ ਵਿਗਾੜੀ ਸੜਕ ਦੀ ਦਿੱਖ

3 ਦਾ ਬੌਟਮ...)
-ਰਸਤੇ ’ਚ ਖ਼ਾਲੀ ਪਲਾਟ ਕੂੜੇ ਨਾਲ ਭਰੇ, ਬਦਬੂ ਕਾਰਨ ਰਾਹਗੀਰ ਤੇ ਸੈਰ ਕਰਨ ਵਾਲੇ ਪਰੇਸ਼ਾਨ
ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੀਆਂ ਅਹਿਮ ਸੜਕਾਂ ਵਿੱਚ ਸ਼ਾਮਲ ਸਿੱਧਵਾਂ ਨਹਿਰ ਰੋਡ ’ਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰ ਹੁਣ ਰਾਹਗੀਰਾਂ ਅਤੇ ਸਵੇਰ ਦੀ ਸੈਰ ਕਰਨ ਵਾਲਿਆਂ ਲਈ ਵੱਡੀ ਪਰੇਸ਼ਾਨੀ ਬਣਦੇ ਜਾ ਰਹੇ ਹਨ। ਸੜਕ ਦੇ ਨਾਲ ਲੱਗਦੇ ਖਾਲੀ ਪਲਾਟਾਂ ਵਿੱਚ ਖੁੱਲ੍ਹੇਆਮ ਸੁੱਟਿਆ ਜਾ ਰਿਹਾ ਕੂੜਾ ਨਾ ਸਿਰਫ਼ ਸੜਕ ਦੀ ਸੁੰਦਰਤਾ ਨੂੰ ਵਿਗਾੜ ਰਿਹਾ ਹੈ, ਸਗੋਂ ਇਸ ਵਿੱਚੋਂ ਉੱਠਣ ਵਾਲੀ ਬਦਬੂ ਕਾਰਨ ਲੋਕਾਂ ਦਾ ਉੱਥੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ। ਈਸ਼ਰ ਨਗਰ ਪੁਲ ਤੋਂ ਜਸਪਾਲ ਬਾਂਗਰ ਪੁਲ ਤੱਕ ਅਤੇ ਈਸ਼ਰ ਨਗਰ ਪੁਲ ਤੋਂ ਲੁਧਿਆਣਾ ਵੱਲ ਜਾਂਦੇ ਰਸਤੇ ’ਤੇ ਕਈ ਥਾਵਾਂ ’ਤੇ ਕੂੜਾ ਖਿੱਲਰਿਆ ਦੇਖਿਆ ਜਾ ਸਕਦਾ ਹੈ। ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੂੰ ਗੰਦਗੀ ਅਤੇ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਸੜਕ ਕੰਢੇ ਕੂੜਾ ਸੁੱਟਣਾ ਹੁਣ ਰੋਜ਼ਾਨਾ ਦੀ ਸਮੱਸਿਆ ਬਣ ਚੁੱਕੀ ਹੈ। ਇਸ ਸਮੱਸਿਆ ਨੇ ਇੱਕ ਅਹਿਮ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਰ ਸ਼ਹਿਰ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਕਿਸ ਦੀ ਹੈ। ਕੀ ਇਸ ਲਈ ਸਿਰਫ਼ ਨਗਰ ਨਿਗਮ ਹੀ ਜ਼ਿੰਮੇਵਾਰ ਹੈ ਜਾਂ ਫਿਰ ਸੜਕ ਕਿਨਾਰੇ ਕੂੜਾ ਸੁੱਟਣ ਵਾਲੇ ਲੋਕਾਂ ਦੀ ਵੀ ਕੋਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਨਗਰ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੂੜੇ ਦੀ ਨਿਯਮਤ ਚੁਕਾਈ ਯਕੀਨੀ ਬਣਾਏ, ਸੜਕ ਕੰਢਿਆਂ ਦੀ ਸਫ਼ਾਈ ਕਰਵਾਏ ਅਤੇ ਖੁੱਲ੍ਹੇ ਵਿੱਚ ਕੂੜਾ ਸੁੱਟਣ ’ਤੇ ਰੋਕ ਲਗਾਉਣ ਲਈ ਨਿਗਰਾਨੀ ਕਰੇ। ਦੂਜੇ ਪਾਸੇ ਨਾਗਰਿਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਅਤੇ ਖਾਲੀ ਪਲਾਟਾਂ ਜਾਂ ਸੜਕਾਂ ਦੇ ਕਿਨਾਰੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨਾ ਹੋਵੇਗਾ। ਸਿਰਫ਼ ਕੂੜਾ ਚੁੱਕਣ ਨਾਲ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਦਾ। ਇਸ ਲਈ ਅਜਿਹੀਆਂ ਥਾਵਾਂ ਦੀ ਪਛਾਣ ਕਰਕੇ ਚਿਤਾਵਨੀ ਬੋਰਡ ਲਗਾਉਣ, ਨਿਯਮਤ ਨਿਗਰਾਨੀ ਕਰਨ ਅਤੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਜੁਰਮਾਨੇ ਦੀ ਕਾਰਵਾਈ ਕਰਨ ਦੀ ਲੋੜ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਸਿੱਧਵਾਂ ਨਹਿਰ ਰੋਡ ਨੂੰ ਸਾਫ਼-ਸੁਥਰਾ ਰੱਖਣ ਲਈ ਕੋਈ ਪੱਕੀ ਯੋਜਨਾ ਬਣਾਉਂਦਾ ਹੈ ਜਾਂ ਫਿਰ ਰਾਹਗੀਰਾਂ ਨੂੰ ਇਸੇ ਤਰ੍ਹਾਂ ਕੂੜੇ ਦੇ ਢੇਰਾਂ ਅਤੇ ਬਦਬੂ ਵਿਚਕਾਰੋਂ ਲੰਘਣ ਲਈ ਮਜਬੂਰ ਹੋਣਾ ਪਵੇਗਾ।