- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਜੀਟਲ ਮਾਰਕੀਟਿੰਗ ਲਈ ਏਆਈ ਟੂਲਜ਼ ਦੀ ਵਰਤੋਂ ਬਾਰੇ ਸੈਸ਼ਨ ਕਰਵਾਇਆ

9
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵੱਲੋਂ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ, ਕਾਰੋਬਾਰੀ ਵਿਕਾਸ ਅਤੇ ਉੱਦਮਸ਼ੀਲਤਾ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ.) ਦੀ ਵਿਹਾਰਕ ਵਰਤੋਂ ਬਾਰੇ ਜਾਣਕਾਰੀ ਦੇਣ ਲਈ ‘ਮਾਸਟਰਿੰਗ ਦ ਫਿਊਚਰ: ਪ੍ਰੈਕਟੀਕਲ ਯੂਜ਼ ਆਫ਼ ਏਆਈ. ਟੂਲਜ਼ ਇਨ ਡਿਜੀਟਲ ਮਾਰਕੀਟਿੰਗ’ ਵਿਸ਼ੇ ’ਤੇ ਮਾਹਿਰ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਸਕੂਲ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਦਕਿ ਇਸ ਦਾ ਤਾਲਮੇਲ ਡਾ. ਨਵਨੀਤ ਕੌਰ, ਸਹਾਇਕ ਪ੍ਰੋਫੈਸਰ ਅਤੇ ਐਂਟਰਪ੍ਰਨਿਓਰਸ਼ਿਪ ਸਟੂਡੈਂਟਸ ਕਮੇਟੀ ਦੇ ਫੈਕਲਟੀ ਕੋਆਰਡੀਨੇਟਰ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਆਦਵੀ ਬਿਜ਼ਨਸ ਸਟਰੱਕਚਰਜ਼ ਦੀ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੋਮਲ ਚੋਪੜਾ ਲੇਖੀ, ਇਸੇ ਸੰਸਥਾ ਦੀ ਹੈੱਡ ਆਫ਼ ਬਿਜ਼ਨਸ ਐਂਡ ਕਰੀਏਟਿਵ ਗ੍ਰੋਥ ਮਨਮੀਤ ਕੌਰ ਅਤੇ ਐਗਰੀਕਲਚਰ ਕੰਸਲਟੈਂਟ ਤੇ ਗਲੋਬਲ ਫਾਰਮਰ ਨੈੱਟਵਰਕ ਦੇ ਮੈਂਬਰ ਮਲਵਿੰਦਰ ਸਿੰਘ ਮੱਲ੍ਹੀ ਨੇ ਸ਼ਿਰਕਤ ਕੀਤੀ। ਮਾਹਿਰਾਂ ਨੇ ਸਮੱਗਰੀ ਤਿਆਰ ਕਰਨ, ਡਿਜੀਟਲ ਬ੍ਰਾਂਡਿੰਗ, ਸੋਸ਼ਲ ਮੀਡੀਆ ਪ੍ਰਬੰਧਨ, ਗਾਹਕਾਂ ਨਾਲ ਸੰਚਾਰ ਅਤੇ ਮਾਰਕੀਟਿੰਗ ਰਣਨੀਤੀਆਂ ਬਣਾਉਣ ਵਿੱਚ ਏਆਈ. ਟੂਲਜ਼ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਹਾਰਕ ਪ੍ਰਦਰਸ਼ਨਾਂ ਅਤੇ ਅਸਲ ਕਾਰੋਬਾਰੀ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਨਵੇਂ ਏ.ਆਈ. ਸਾਧਨਾਂ ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਲੇਖੀ ਨੇ ਕਿਹਾ ਕਿ ਬਦਲਦੇ ਡਿਜੀਟਲ ਯੁੱਗ ਵਿੱਚ ਐਮਬੀਏ ਅਤੇ ਪੀਐਚਡੀ. ਦੇ ਵਿਦਿਆਰਥੀਆਂ ਲਈ ਏਆਈ. ਦੀ ਵਿਹਾਰਕ ਜਾਣਕਾਰੀ ਅਤੇ ਹੁਨਰ ਹਾਸਲ ਕਰਨਾ ਬੇਹੱਦ ਜ਼ਰੂਰੀ ਹੈ। ਮਨਮੀਤ ਕੌਰ ਨੇ ਡਿਜੀਟਲ ਸੰਚਾਰ ਅਤੇ ਬ੍ਰਾਂਡਿੰਗ ’ਚ ਏਆਈ. ਦੀ ਭੂਮਿਕਾ ਬਾਰੇ ਚਾਨਣਾ ਪਾਇਆ, ਜਦਕਿ ਮਲਵਿੰਦਰ ਸਿੰਘ ਮੱਲ੍ਹੀ ਨੇ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਵਿੱਚ ਡਿਜੀਟਲ ਤਕਨਾਲੋਜੀ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ। ਡਾ. ਰਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਦੇ ਤਜਰਬਿਆਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਵਿਦਿਆਰਥੀਆਂ ਨੂੰ ਸਿਖਲਾਈ ਦੇ ਨਾਲ ਪਲੇਸਮੈਂਟ ਲਈ ਲੁੜੀਂਦੇ ਹੁਨਰ ਪ੍ਰਦਾਨ ਕਰਨਾ ਹੈ।