- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀਆਂ ’ਚ ਝੋਨੇ ਦੀ ਖਰੀਦ ਬੰਦ, 5,263 ਕੁਇੰਟਲ ਝੋਨਾ ਅਣਵਿਕਿਆ 1.64 ਲੱਖ ਕੁਇੰਟਲ ਦੀ ਲਿਫਟਿੰਗ ਬਕਾਇਆ

-ਖ਼ਰੀਦ ਏਜੰਸੀਆਂ ਦੇ ਟੀਚੇ ਪੂਰੇ ਹੋਣ ਦਾ ਹਵਾਲਾ ਦੇ ਕੇ ਕਈ ਮੰਡੀਆਂ ’ਚ ਖ਼ਰੀਦ ਬੰਦ
-ਮੰਡੀਆਂ ’ਚ ਬੋਰੀਆਂ ਦੇ ਲੱਗੇ ਅੰਬਾਰ, ਮੀਂਹ ਪੈਣ ’ਤੇ ਫ਼ਸਲ ਖਰਾਬ ਹੋਣ ਦਾ ਖਦਸ਼ਾ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਮਾਰਕੀਟ ਕਮੇਟੀ ਅਧੀਨ ਪੈਂਦੀਆਂ ਅੱਠ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਸੀਜ਼ਨ ਜਿੱਥੇ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ, ਉੱਥੇ ਹੀ ਕਈ ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ ਆਪਣੇ ਨਿਰਧਾਰਤ ਟੀਚੇ ਪੂਰੇ ਹੋਣ ਦਾ ਹਵਾਲਾ ਦੇ ਕੇ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਖਰੀਦ ਬੰਦ ਹੋਣ ਦੇ ਬਾਵਜੂਦ ਇਨ੍ਹਾਂ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਅਜੇ ਵੀ ਵਿਕਣ ਲਈ ਪਿਆ ਹੈ। ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਉਡੀਕ ਕਰ ਰਹੇ ਕਿਸਾਨ ਖਰੀਦ ਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਸਮੇਂ ਸਿਰ ਉਨ੍ਹਾਂ ਦੀ ਫਸਲ ਦੀ ਖ਼ਰੀਦ ਨਾ ਹੋਈ ਤਾਂ ਉਨ੍ਹਾਂ ਨੂੰ ਆਪਣੀ ਉਪਜ ਵੇਚਣ ਲਈ ਹੋਰ ਮੰਡੀਆਂ ਵਿੱਚ ਧੱਕੇ ਖਾਣੇ ਪੈ ਸਕਦੇ ਹਨ। ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਲੁਧਿਆਣਾ ਦੇ ਅਧੀਨ ਸਲੇਮ ਟਾਬਰੀ, ਗਿੱਲ ਰੋਡ, ਲਲਤੋਂ ਕਲਾਂ, ਖਾਸੀ ਕਲਾਂ, ਧਾਂਦਰਾ, ਮੱਤੇਵਾੜਾ, ਇਆਲੀ ਖੁਰਦ ਅਤੇ ਬੱਗਾ ਖੁਰਦ ਸਮੇਤ ਅੱਠ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਇਨ੍ਹਾਂ ਮੰਡੀਆਂ ਵਿੱਚ ਵੱਖ-ਵੱਖ ਖਰੀਦ ਕੇਂਦਰ ਬਣਾ ਕੇ ਪਨਗ੍ਰੇਨ, ਪਨਸਪ, ਵੇਅਰਹਾਊਸ ਅਤੇ ਮਾਰਕਫੈੱਡ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਰਾਹੀਂ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਲਲਤੋਂ ਮੰਡੀ ਸਮੇਤ ਕਈ ਮੰਡੀਆਂ ਵਿੱਚ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
-ਸਾਢੇ ਪੰਜ ਲੱਖ ਕੁਇੰਟਲ ਤੋਂ ਵੱਧ ਝੋਨੇ ਦੀ ਆਮਦ
ਜੇਕਰ ਮਾਰਕੀਟ ਕਮੇਟੀ ਦੇ ਹੁਣ ਤੱਕ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਮੰਡੀਆਂ ਵਿੱਚ ਹੁਣ ਤੱਕ ਕੁੱਲ 5,68,753 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 5,63,490 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ 5,263 ਕੁਇੰਟਲ ਝੋਨਾ ਅਜੇ ਵੀ ਅਣਵਿਕਿਆ ਪਿਆ ਹੈ। ਉੱਥੇ ਹੀ ਖਰੀਦੀ ਗਈ ਫਸਲ ਦੀ ਲਿਫਟਿੰਗ ਦੇ ਅੰਕੜੇ ਵੀ ਚਿੰਤਾ ਪੈਦਾ ਕਰ ਰਹੇ ਹਨ। ਹੁਣ ਤੱਕ 3,98,627 ਕੁਇੰਟਲ ਝੋਨੇ ਦੀ ਲਿਫਟਿੰਗ ਹੋਈ ਹੈ, ਜਦਕਿ 1,64,863 ਕੁਇੰਟਲ ਝੋਨੇ ਦੀ ਲਿਫਟਿੰਗ ਅਜੇ ਬਕਾਇਆ ਪਈ ਹੈ। ਲਿਫਟਿੰਗ ਦੀ ਰਫ਼ਤਾਰ ਹੋਲੀ ਹੋਣ ਕਾਰਨ ਮੰਡੀਆਂ ਵਿੱਚ ਖਰੀਦ ਕੀਤੇ ਝੋਨੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਕਈ ਥਾਵਾਂ ’ਤੇ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਅਜਿਹੇ ਵਿੱਚ ਜੇਕਰ ਮੌਸਮ ਬਦਲਦਾ ਹੈ ਜਾਂ ਮੀਂਹ ਪੈਂਦਾ ਹੈ ਤਾਂ ਖਰੀਦੀ ਹੋਈ ਫਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਨਾਲ ਜਿੱਥੇ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ, ਉੱਥੇ ਹੀ ਮੰਡੀ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
-ਪਿਛਲੇ ਸਾਲ ਨਾਲੋਂ ਕਾਫੀ ਵਧੀ ਝੋਨੇ ਦੀ ਆਮਦ
ਅੰਕੜਿਆਂ ਅਨੁਸਾਰ ਪਿਛਲੇ ਸਾਲ 2025-26 ਦੇ ਸੀਜ਼ਨ ਦੌਰਾਨ ਇਨ੍ਹਾਂ ਮੰਡੀਆਂ ਵਿੱਚ ਕੁੱਲ 4,44,342 ਕੁਇੰਟਲ ਝੋਨੇ ਦੀ ਆਮਦ ਹੋਈ ਸੀ, ਜਦਕਿ ਮੌਜੂਦਾ ਸੀਜ਼ਨ 2026-27 ਦੌਰਾਨ ਇਹ ਅੰਕੜਾ ਵਧ ਕੇ 5,68,753 ਕੁਇੰਟਲ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 1,24,411 ਕੁਇੰਟਲ ਵੱਧ ਝੋਨੇ ਦੀ ਆਮਦ ਹੋਈ ਹੈ। ਆਮਦ ਵਿੱਚ ਹੋਏ ਇਸ ਵਾਧੇ ਦੇ ਬਾਵਜੂਦ ਕਈ ਮੰਡੀਆਂ ਵਿੱਚ ਖਰੀਦ ਬੰਦ ਹੋਣਾ ਅਤੇ ਲਿਫਟਿੰਗ ਦਾ ਧੀਮਾ ਰਹਿਣਾ ਕਿਸਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਿਹਾ ਹੈ।
-ਟੀਚਾ ਪੂਰਾ ਹੋਣ ਕਾਰਨ ਲਲਤੋਂ ਮੰਡੀ ’ਚ ਖਰੀਦ ਬੰਦ : ਸਕੱਤਰ
ਇਸ ਮਾਮਲੇ ਸਬੰਧੀ ਜਦੋਂ ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਲਤੋਂ ਮੰਡੀ ਵਿੱਚ ਖਰੀਦ ਏਜੰਸੀਆਂ ਦਾ ਨਿਰਧਾਰਤ ਟਾਰਗੇਟ ਪੂਰਾ ਹੋਣ ਕਾਰਨ ਖਰੀਦ ਬੰਦ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਮੰਡੀਆਂ ਵਿੱਚ ਵੀ ਖਰੀਦ ਏਜੰਸੀਆਂ ਦੇ ਟਾਰਗੇਟ ਪੂਰੇ ਹੋਣ ’ਤੇ ਖਰੀਦ ਬੰਦ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਖਰੀਦ ਬੰਦ ਹੋਣ ਦੇ ਬਾਵਜੂਦ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਵਿਕਣ ਤੋਂ ਰਹਿੰਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਫੈਸਲਾ ਲਿਆ ਜਾਣਾ ਹੈ ਕਿ ਸਬੰਧਤ ਮੰਡੀਆਂ ਵਿੱਚ ਮੁੜ ਖਰੀਦ ਸ਼ੁਰੂ ਕੀਤੀ ਜਾਵੇਗੀ ਜਾਂ ਕਿਸਾਨਾਂ ਨੂੰ ਆਪਣਾ ਝੋਨਾ ਹੋਰ ਮੰਡੀਆਂ ਵਿੱਚ ਲਿਜਾ ਕੇ ਵੇਚਣਾ ਪਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਮੰਡੀਆਂ ਵਿੱਚ ਲੁੜੀਂਦੇ ਪ੍ਰਬੰਧ ਕੀਤੇ ਗਏ ਹਨ।
-ਖਰੀਦ ਬੰਦ ਹੋਣ ਤੋਂ ਬਾਅਦ ਕਿਸਾਨ ਕਿੱਥੇ ਵੇਚਣ ਆਪਣੀ ਫ਼ਸਲ
ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜਦੋਂ ਮੰਡੀਆਂ ਵਿੱਚ ਕਿਸਾਨਾਂ ਦਾ ਝੋਨਾ ਵਿਕਣ ਤੋਂ ਰਹਿੰਦਾ ਹੈ ਤਾਂ ਖਰੀਦ ਏਜੰਸੀਆਂ ਦੇ ਟਾਰਗੇਟ ਪੂਰੇ ਹੋਣ ਦਾ ਹਵਾਲਾ ਦੇ ਕੇ ਖਰੀਦ ਬੰਦ ਕਰਨਾ ਕਿਸਾਨਾਂ ਲਈ ਕਿੰਨਾ ਮੁਸ਼ਕਲ ਭਰਿਆ ਸਾਬਤ ਹੋਵੇਗਾ। ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਵਿੱਚ ਪਈ ਉਨ੍ਹਾਂ ਦੀ ਬਾਕੀ ਫਸਲ ਦੀ ਖਰੀਦ ਯਕੀਨੀ ਬਣਾਈ ਜਾਵੇ ਅਤੇ ਖਰੀਦੀ ਗਈ ਫਸਲ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
-ਬਾਕਸ
ਵੇਰਵਾ ਅੰਕੜਾ
ਕੁੱਲ ਝੋਨੇ ਦੀ ਆਮਦ 5,68,753 ਕੁਇੰਟਲ
ਕੁੱਲ ਖਰੀਦ 5,63,490 ਕੁਇੰਟਲ
ਅਣਵਿਕਿਆ ਝੋਨਾ 5,263 ਕੁਇੰਟਲ
ਹੁਣ ਤੱਕ ਲਿਫਟਿੰਗ 3,98,627 ਕੁਇੰਟਲ
ਲਿਫਟਿੰਗ ਬਕਾਇਆ 1,64,863 ਕੁਇੰਟਲ
ਪਿਛਲੇ ਸਾਲ ਦੀ ਕੁੱਲ ਆਮਦ 4,44,342 ਕੁਇੰਟਲ।